ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਿਜਯਾ ਰਹਾਟਕਰ SFC ਕਾਲਜ ਪਹੁੰਚੀ; ਮਹਿਲਾ ਸਸ਼ਕਤੀਕਰਨ ਅਤੇ ਨਸ਼ਿਆਂ ਖ਼ਿਲਾਫ਼ ਵਿੱਢਣਗੇ ਮੁਹਿੰਮ ਰਾਸ਼ਟਰੀ ਮਹਿਲਾ ਆਯੋਗ ਦੀ ਚੇਅਰਪਰਸਨ ਸ਼੍ਰੀਮਤੀ ਵਿਜਯਾ ਰਹਾਟਕਰ ਅੱਜ ਐਸ.ਐਫ.ਸੀ. ਕਾਲਜ, ਜਲਾਲਾਬਾਦ (ਪੂਰਬੀ) ਪਹੁੰਚੇ, ਜਿੱਥੇ ਉਹ ਵੱਖ-ਵੱਖ ਵਰਗਾਂ ਦੀਆਂ ਮਹਿਲਾਵਾਂ, ਵਿਦਿਆਰਥਣਾਂ ਅਤੇ ਸਥਾਨਕ ਲੋਕਾਂ ਨਾਲ ਰੂ-ਬ-ਰੂ ਹੋ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਸੁਝਾਵ ਸੁਣਨਗੇ। ਇਸ ਦੌਰੇ ਦਾ ਮੁੱਖ ਉਦੇਸ਼ ਮਹਿਲਾਵਾਂ ਨਾਲ ਜੁੜੇ ਅਹਿਮ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕਰਨਾ ਅਤੇ ਉਨ੍ਹਾਂ ਦੇ ਹੱਲ ਲਈ ਪ੍ਰਭਾਵਸ਼ਾਲੀ ਕਦਮ ਚੁੱਕਣ ਸਬੰਧੀ ਜਾਣਕਾਰੀ ਇਕੱਠੀ ਕਰਨੀ ਹੈ।
Publish Date: Wed, 15 Jul 2026 12:31 PM (IST)
Updated Date: Wed, 15 Jul 2026 12:33 PM (IST)
ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ - ਰਾਸ਼ਟਰੀ ਮਹਿਲਾ ਆਯੋਗ ਦੀ ਚੇਅਰਪਰਸਨ ਸ਼੍ਰੀਮਤੀ ਵਿਜਯਾ ਰਹਾਟਕਰ ਅੱਜ ਐਸ.ਐਫ.ਸੀ. ਕਾਲਜ, ਜਲਾਲਾਬਾਦ (ਪੂਰਬੀ) ਪਹੁੰਚੇ, ਜਿੱਥੇ ਉਹ ਵੱਖ-ਵੱਖ ਵਰਗਾਂ ਦੀਆਂ ਮਹਿਲਾਵਾਂ, ਵਿਦਿਆਰਥਣਾਂ ਅਤੇ ਸਥਾਨਕ ਲੋਕਾਂ ਨਾਲ ਰੂ-ਬ-ਰੂ ਹੋ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਸੁਝਾਵ ਸੁਣਨਗੇ। ਇਸ ਦੌਰੇ ਦਾ ਮੁੱਖ ਉਦੇਸ਼ ਮਹਿਲਾਵਾਂ ਨਾਲ ਜੁੜੇ ਅਹਿਮ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕਰਨਾ ਅਤੇ ਉਨ੍ਹਾਂ ਦੇ ਹੱਲ ਲਈ ਪ੍ਰਭਾਵਸ਼ਾਲੀ ਕਦਮ ਚੁੱਕਣ ਸਬੰਧੀ ਜਾਣਕਾਰੀ ਇਕੱਠੀ ਕਰਨੀ ਹੈ।
ਇਸ ਮੌਕੇ ਵਿਜਯਾ ਰਹਾਟਕਰ ਖ਼ਾਸ ਤੌਰ 'ਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਕਾਰਨ ਪਰਿਵਾਰਾਂ ਅਤੇ ਸਮਾਜ 'ਤੇ ਪੈ ਰਹੇ ਗੰਭੀਰ ਪ੍ਰਭਾਵਾਂ ਬਾਰੇ ਆਪਣੇ ਵਿਚਾਰ ਸਾਂਝੇ ਕਰਨਗੇ। ਉਹ ਇਸ ਗੱਲ 'ਤੇ ਵੀ ਚਰਚਾ ਕਰਨਗੇ ਕਿ ਨਸ਼ਿਆਂ ਦੀ ਲਤ ਦਾ ਸਭ ਤੋਂ ਵੱਧ ਬੋਝ ਘਰਾਂ ਦੀਆਂ ਮਹਿਲਾਵਾਂ, ਮਾਵਾਂ, ਭੈਣਾਂ ਅਤੇ ਬੱਚਿਆਂ ਨੂੰ ਝੱਲਣਾ ਪੈਂਦਾ ਹੈਤੇ ਇਸ ਸਮੱਸਿਆ ਨਾਲ ਨਜਿੱਠਣ ਲਈ ਸਮਾਜ ਦੇ ਹਰ ਵਰਗ ਨੂੰ ਮਿਲ ਕੇ ਯਤਨ ਕਰਨ ਦੀ ਲੋੜ ਹੈ। ਚੇਅਰਪਰਸਨ ਮਹਿਲਾਵਾਂ ਉੱਤੇ ਪੈਣ ਵਾਲੇ ਸਮਾਜਿਕ, ਆਰਥਿਕ ਅਤੇ ਮਾਨਸਿਕ ਬੋਝ ਨੂੰ ਵੀ ਉਜਾਗਰ ਕਰਨਗੇ। ਉਹ ਮਹਿਲਾਵਾਂ ਦੀ ਸੁਰੱਖਿਆ, ਸਨਮਾਨ, ਸਿੱਖਿਆ, ਸਵੈ-ਨਿਰਭਰਤਾ ਅਤੇ ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ ਬਾਰੇ ਜਾਗਰੂਕਤਾ ਫੈਲਾਉਣ ਦਾ ਸੰਦੇਸ਼ ਦੇਣਗੇ।
ਦੌਰੇ ਦੌਰਾਨ ਉਹ ਲੋਕਾਂ ਦੀਆਂ ਸ਼ਿਕਾਇਤਾਂ ਅਤੇ ਮੁਸ਼ਕਲਾਂ ਧਿਆਨ ਨਾਲ ਸੁਣ ਕੇ ਸੰਬੰਧਿਤ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕਰਨਗੇ, ਤਾਂ ਜੋ ਮਹਿਲਾਵਾਂ ਅਤੇ ਨਸ਼ਿਆਂ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਇਨਸਾਫ਼ ਅਤੇ ਲੋੜੀਂਦੀ ਸਹਾਇਤਾ ਮਿਲ ਸਕੇ। ਇਸ ਪ੍ਰੋਗਰਾਮ ਵਿੱਚ ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ, ਸਿੱਖਿਆ ਜਗਤ ਨਾਲ ਜੁੜੀਆਂ ਸ਼ਖ਼ਸੀਅਤਾਂ, ਮਹਿਲਾਵਾਂ, ਵਿਦਿਆਰਥਣਾਂ ਅਤੇ ਵੱਡੀ ਗਿਣਤੀ ਵਿੱਚ ਸਥਾਨਕ ਲੋਕ ਵੀ ਸ਼ਮੂਲੀਅਤ ਕੀਤੀ। ਇਸ ਦੌਰੇ ਨੂੰ ਮਹਿਲਾ ਭਲਾਈ, ਨਸ਼ਾ ਮੁਕਤੀ ਅਤੇ ਸਮਾਜਿਕ ਜਾਗਰੂਕਤਾ ਵੱਲ ਇੱਕ ਮਹੱਤਵਪੂਰਨ ਕਦਮ ਵਜੋਂ ਦੇਖਿਆ ਜਾ ਰਿਹਾ ਹੈ।