ਅਗਮਪ੍ਰੀਤ ਲਈ ਨਵੀਂ ਜ਼ਿੰਦਗੀ ਲਿਆਈ ਰਾਸ਼ਟਰੀ ਬਾਲ ਸਵਾਸਥ ਸਕੀਮ
ਸਰਕਾਰ ਵਲੋਂ ਲੋੜਵੰਦ ਬੱਚਿਆਂ ਦੀ
Publish Date: Sat, 28 Mar 2026 04:09 PM (IST)
Updated Date: Sun, 29 Mar 2026 04:00 AM (IST)

ਕਾਕਾ ਰਾਮੂੰਵਾਲਾ, ਪੰਜਾਬੀ ਜਾਗਰਣ, ਮੋਗਾ : ਸਰਕਾਰ ਵਲੋਂ ਲੋੜਵੰਦ ਬੱਚਿਆਂ ਦੀ ਭਲਾਈ ਲਈ ਚਲਾਏ ਜਾ ਰਹੇ ਰਾਸ਼ਟਰੀ ਬਾਲ ਸਵਾਸਥ ਪ੍ਰੋਗਰਾਮ ਤਹਿਤ ਅਨੇਕਾਂ ਬੱਚੇ ਮਹਿੰਗਾ ਇਲਾਜ ਮੁਫਤ ਵਿਚ ਕਰਵਾ ਕੇ ਸਕੀਮ ਦਾ ਲਾਹਾ ਲੈ ਚੁੱਕੇ ਹਨ ਇਸੇ ਤਹਿਤ ਰਾਸ਼ਟਰੀ ਬਾਲ ਸਵਾਸਥ ਪ੍ਰੋਗਰਾਮ ਬਲਾਕ ਢੁੱਡੀਕੇ ਦੀ ਟੀਮ ਵੱਲੋਂ ਸਿਵਲ ਸਰਜਨ ਡਾ. ਰਮਨਦੀਪ ਸਿੰਗਲਾ, ਐੱਸਐੱਮਓ ਢੁੱਡੀਕੇ ਡਾ. ਨਿਸ਼ਾ ਬਾਂਸਲ ਦੀ ਅਗਵਾਈ ਹੇਠ ਪਿੰਡ ਝੰਡੇਵਾਲਾ ਦੇ ਬੱਚੇ ਅਗਮਪ੍ਰੀਤ ਸਿੰਘ ਦਾ ਵੀ ਲੱਖਾਂ ਰੁਪਏ ਦੇ ਖਰਚ ਵਾਲਾ ਦਿਲ ਦਾ ਅਪ੍ਰੇਸ਼ਨ ਮੁਫਤ ਕਰਵਾ ਕੇ ਨਵੀਂ ਜ਼ਿੰਦਗੀ ਦਿੱਤੀ ਗੲਈ ਹੈ। ਟੀਮ ਇੰਚਾਰਜ਼ ਡਾ. ਸਿਮਰਪਾਲ ਸਿੰਘ ਏਐੱਮਓ ਨੇ ਦੱਸਿਆ ਕਿ ਟੀਮ ਵੱਲੋਂ ਸਮੇਂ-ਸਮੇਂ ਤੇ ਆਂਗਣਵਾੜੀ ਕੇਂਦਰਾਂ, ਪ੍ਰਾਇਮਰੀ ਤੇ ਸੀਨੀਅਰ ਸੈਕੰਡਰੀ ਸਕੂਲਾਂ ਤੇ ਜਾ ਕੇ ਬੱਚਿਆਂ ਦਾ ਚੈੱਕ-ਅਪ ਕੀਤਾ ਜਾਂਦਾ ਹੈ ਜਿਸ ਤਹਿਤ ਪਿੰਡ ਝੰਡੇਵਾਲਾ ਦੇ ਪੰਜ ਸਾਲ ਦੇ ਬੱਚੇ ਅਗਮਪ੍ਰੀਤ ਸਿੰਘ ਪੁੱਤਰ ਸਾਹਿਬ ਸਿੰਘ ਨੂੰ ਦਿਲ ਦੀ ਬੀਮਾਰੀ ਦਾ ਪਤਾ ਲੱਗਾ ਸੀ ਜਿਸ ਦਾ ਤੁਰੰਤ ਰੈਫਰ ਕਾਰਡ ਬਣਾ ਕੇ ਚੋਟੀ ਦੇ ਹਸਪਤਾਲ ਫੌਰਟਿਸ ( ਮੁਹਾਲੀ ) ਤੋਂ ਲੱਖਾਂ ਰੁਪਏ ਦੇ ਖਰਚ ਵਾਲਾ ਅਪ੍ਰੇਸ਼ਨ ਬਿਲਕੁਲ ਮੁਫਤ ਕਰਵਾਇਆ ਗਿਆ ਹੈ। ਡਾ. ਸਿਮਰਪਾਲ ਸਿੰਘ ਨੇ ਦੱਸਿਆ ਕਿ ਬੱਚੇ ਨੂੰ 18 ਮਾਰਚ ਨੂੰ ਦਾਖਲ ਕਰਵਾਇਆ ਗਿਆ ਸੀ ਤੇ ਅਪ੍ਰੇਸ਼ਨ ਉਪਰੰਤ 25 ਮਾਰਚ ਨੂੰ ਛੁੱਟੀ ਦੇ ਦਿੱਤੀ ਗਈ ਸੀ ਤੇ ਅੱਜ ਉਹ ਟੀਮ ਸਮੇਤ ਪਤਾ ਲੈ ਕੇ ਆਏ ਹਨ ਤੇ ਬੱਚਾ ਹੁਣ ਪੂਰੀ ਤਰ੍ਹਾਂ ਤੰਦਰੁਸਤ ਹੈ। ਜ਼ਿਲ੍ਹਾ ਪ੍ਰੋਗਰਾਮ ਅਫਸਰ ਸੁਖਬੀਰ ਸਿੰਘ ਨੇ ਦੱਸਿਆ ਕਿ ਇਸ ਸਕੀਮ ਤਹਿਤ ਪੈਰ ਵਿੰਗੇ, ਕੱਟਿਆ ਬੁੱਲ੍ਹ, ਖੰਡੂ, ਦਿਲ ਦੀ ਬੀਮਾਰੀ ਸਣੇ 30 ਬੀਮਾਰੀਆਂ ਦਾ ਮੁਫਤ ਇਲਾਜ਼ ਕਰਵਾਇਆ ਜਾਂਦਾ ਹੈ। ਇਸ ਸਮੇਂ ਪ੍ਰੀਵਾਰਕ ਮੈਂਬਰਾਂ ਨੇ ਡਾ. ਸਿਮਰਪਾਲ ਸਿੰਘ ਤੇ ਸਮੁੱਚੀ ਟੀਮ ਦਾ ਵਿਸੇਸ਼ ਤੌਰ ਤੇ ਧੰਨਵਾਦ ਕੀਤਾ ਜਿੰਨ੍ਹਾਂ ਬਦੌਲਤ ਬੱਚਾ ਤੰਦਰੁਸਤ ਹੋਇਆ। ਇਸ ਮੌਕੇ ਟੀਮ ਇੰਚਾਰਜ਼ ਡਾ. ਸਿਮਰਪਾਲ ਸਿੰਘ, ਏਐੱਮਓ ਡਾ. ਨੇਹਾ ਸਿੰਗਲਾ, ਮਨਜੋਤ ਕੌਰ ਸਟਾਫ ਨਰਸ, ਜਸਵੀਰ ਕੌਰ ਸਟਾਫ ਨਰਸ, ਬੱਚੇ ਦਾ ਪਿਤਾ ਸਾਹਿਬ ਸਿੰਘ ਆਦਿ ਹਾਜ਼ਰ ਸਨ।