- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿੱਖ਼ਿਆ ਖ਼ੇਤਰ ਦੀ ਮੋਹਰੀ ਤੇ ਨਾਮਵਰ

- ਦਸਮੇਸ਼ ਸਕੂਲ ’ਚ ਵਰਤੀਆਂ ਜਾ ਰਹੀਆਂ ਨੇ ਪੜ੍ਹਾਈ ਦੀਆਂ ਨਵੀਆਂ ਤਕਨੀਕਾਂ
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ
ਨਿਹਾਲ ਸਿੰਘ ਵਾਲਾ : ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਖੇ ਸਿੱਖ਼ਿਆ ਦੇਣ ਲਈ ਨਵੀਨਤਮ ਅਤੇ ਆਧੁਨਿਕ ਢੰਗ ਵਰਤੇ ਜਾ ਰਹੇ ਹਨ। ਇਨ੍ਹਾਂ ਵਿਧੀਆਂ ’ਤੇ ਆਧਾਰਿਤ ਆਪਣੀਆਂ ਕਲਾਵਾਂ ਦਾ ਪ੍ਰਗਟਾਵਾ ਕਰਦਿਆਂ ਸ਼ਹੀਦ ਕਰਤਾਰ ਸਿੰਘ ਸਰਾਭਾ ਹਾਊਸ ਦੀ ਨਮਨਦੀਪ ਕੌਰ ਅਤੇ ਲਖਵੀਰ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਸਭ ਦਾ ਮਨ ਜਿੱਤ ਲਿਆ। ਨਮਨਦੀਪ ਕੌਰ ਨੇ ਬੇਕਾਰ ਵਸਤਾਂ ਤੋਂ ਕਲਾਤਮਿਕ ਵਸਤਾਂ ਤਿਆਰ ਕੀਤੀਆਂ, ਜਦਕਿ ਲਖਵੀਰ ਸਿੰਘ ਨੇ ਵਿਗਿਆਨਕ ਪੇਸ਼ਕਾਰੀ ਰਾਹੀਂ ਬਾਲ ਵਿਗਿਆਨੀ ਹੋਣ ਦਾ ਪ੍ਰਮਾਣ ਪੇਸ਼ ਕੀਤਾ। ਐਕਟੀਵਿਟੀਜ਼ ਆਧਾਰਿਤ ਸਿੱਖ਼ਿਆ ਰੌਚਿਕ ਹੋਣ ਕਾਰਨ ਵਿਦਿਆਰਥੀ ਇਸ ਪ੍ਰਤੀ ਗਹਿਰੀ ਦਿਲਚਸਪੀ ਦਾ ਇਜ਼ਹਾਰ ਕਰਦੇ ਹਨ। ਇਹ ਭਾਵਪੂਰਤ ਸ਼ਬਦ ਸਕੂਲ ਪ੍ਰਬੰਧਕ ਬਾਨੀ ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਇਨ੍ਹਾਂ ਹੋਣਹਾਰ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਕਰਨ ਸਮੇਂ ਕਹੇ। ਉਨ੍ਹਾਂ ਕਿਹਾ ਕਿ ਪੜ੍ਹਾਈ ਨੂੰ ਦਿਲਚਸਪ ਬਣਾਉਣਾ ਅਧਿਆਪਕ ਵਰਗ ਦੀ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ ਤਾਂ ਕਿ ਬੱਚੇ ਖੁਸ਼ੀ ਖੁਸ਼ੀ ਤਾਲੀਮ ਹਾਸਲ ਕਰਨ ਲਈ ਪ੍ਰੇਰਿਤ ਹੋਣ।
ਇਸ ਮੌਕੇ ਮੈਨੇਜਿੰਗ ਡਾਇਰੈਕਟਰ ਪ੍ਰਿੰਸੀਪਲ ਮਹਿੰਦਰ ਕੌਰ ਢਿੱਲੋਂ ਨੇ ਸਪੱਸ਼ਟ ਕੀਤਾ ਕਿ ਕਾਬਲ, ਸੁਹਿਰਦ ਅਤੇ ਮਿਹਨਤੀ ਅਧਿਆਪਕਾਂ ਦੀ ਖ਼ੂਬੀ ਹੁੰਦੀ ਹੈ ਕਿ ਉਹ ਔਖੇ ਤੋਂ ਔਖੇ ਅਤੇ ਨੀਰਸ ਸਮਝੇ ਜਾਣ ਵਾਲੇ ਨੁਕਤਿਆਂ ਨੂੰ ਵੀ ਕ੍ਰਿਆਤਮਿਕ ਢੰਗ ਅਪਣਾ ਕੇ ਰੌਚਿਕਤਾ ਪ੍ਰਦਾਨ ਕਰਨ ਅਤੇ ਬੱਚਿਆਂ ਨੂੰ ਰੋਜ਼ਾਨਾ ਕੁੱਝ ਨਵਾਂ ਕਰਨ ਲਈ ਪ੍ਰੇਰਿਤ ਕਰਨ। ਇਸ ਮੌਕੇ ਪ੍ਰਿੰਸੀਪਲ ਗੁਰਪ੍ਰੀਤ ਕੌਰ ਨੇ ਕਿਹਾ ਕਿ ਸਾਡਾ ਮਿਸ਼ਨ ’ਤੇ ਵਿਜ਼ਨ ਬੱਚਿਆਂ ਨੂੰ ਮਿਆਰੀ ਸਿੱਖ਼ਿਆ ਪ੍ਰਦਾਨ ਕਰਨ ਦੇ ਨਾਲੋਂ-ਨਾਲ ਉਨ੍ਹਾਂ ਨੂੰ ਚੰਗੇ ਸੰਸਕਾਰਾਂ ਦਾ ਧਾਰਨੀ ਬਣਾਉਣਾ ਹੈ ਤਾਂ ਕਿ ਉਹ ਆਪਣੀ ਜ਼ਿੰਦਗੀ ਸੁਚਾਰੂ ਢੰਗ ਨਾਲ ਜਿਉਣ ਦੇ ਸਮਰੱਥ ਬਣ ਸਕਣ। ਵਾਈਸ ਪ੍ਰਿੰਸੀਪਲ ਮੀਨਾ ਜੈਨ ਨੇ ਦੱਸਿਆ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਅਦਾਰੇ ਦੇ ਸਮਰਪਿਤ ਅਧਿਆਪਕ ਸਖ਼ਤ ਮਿਹਨਤ ਕਰ ਰਹੇ ਹਨ। ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਰਾਮਾਂ ਨੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਰੋਸ਼ਨੀ ਪਾਉਂਦਿਆਂ ਕਿਹਾ ਕਿ ਅਸੀਂ ਬੱਚਿਆਂ ਨੂੰ ਅਜਿਹੇ ਢੰਗ ਨਾਲ ਤਿਆਰ ਕਰ ਰਹੇ ਹਾਂ ਕਿ ਉਹ ਮੁਕਾਬਲੇ ਦੇ ਦੌਰ ਵਿੱਚ ਸਦਾ ਮੋਹਰੀ ਰਹਿ ਕੇ ਮਾਪਿਆਂ ਤੇ ਸੰਸਥਾ ਦਾ ਨਾਂ ਰੋਸ਼ਨ ਕਰਨ।