ਬੈਂਕਾਂ ਦੀ ਹੜਤਾਲ ਕਾਰਨ ਮੋਗਾ ’ਚ ਜ਼ਿਆਦਾਤਰ ਸ਼ਾਖ਼ਾਵਾਂ ਦੇ ਤਾਲੇ ਨਾ ਖੁੱਲ੍ਹੇ ਬੈਂਕਿੰਗ ਖੇਤਰ ’ਚ ਪੰਜ ਦਿਨਾਂ ਵਾਲਾ
Publish Date: Fri, 11 Sep 2026 07:00 PM (IST)
Updated Date: Sat, 12 Sep 2026 04:05 AM (IST)
ਪੰਜ ਦਿਨਾਂ ਵਾਲਾ ਬੈਂਕਿੰਗ ਹਫ਼ਤਾ ਲਾਗੂ ਕਰਨ ਸਮੇਤ ਲੰਬਿਤ ਮੰਗਾਂ ਨੂੰ ਲੈ ਕੇ ਮੁਲਾਜ਼ਮਾਂ ਨੇ ਕੀਤਾ ਰੋਸ ਪ੍ਰਦਰਸ਼ਨ ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ : ਬੈਂਕਿੰਗ ਖੇਤਰ ’ਚ ਪੰਜ ਦਿਨਾਂ ਵਾਲਾ ਕਾਰਜ ਹਫ਼ਤਾ ਲਾਗੂ ਕਰਨ ਸਮੇਤ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਸ਼ੁੱਕਰਵਾਰ ਨੂੰ ਦੇਸ਼ ਭਰ ਦੇ ਬੈਂਕ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋਂ ਇਕ ਰੋਜ਼ਾ ਹੜਤਾਲ ਕੀਤੀ ਗਈ। ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ ਦੇ ਸੱਦੇ ’ਤੇ ਕੀਤੀ ਗਈ ਇਸ ਦੇਸ਼ ਪੱਧਰੀ ਹੜਤਾਲ ਦਾ ਮੋਗਾ ’ਚ ਵੀ ਵਿਆਪਕ ਅਸਰ ਦੇਖਣ ਨੂੰ ਮਿਲਿਆ। ਜ਼ਿਲ੍ਹੇ ਦੀਆਂ ਲਗਭਗ ਡੇਢ ਸੌ ਬੈਂਕ ਸ਼ਾਖ਼ਾਵਾਂ ਬੰਦ ਰਹੀਆਂ, ਜਿਸ ਕਾਰਨ ਆਮ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋਈਆਂ ਅਤੇ ਲੋਕਾਂ ਸਮੇਤ ਵਪਾਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੱਸਿਆ ਜਾ ਰਿਹਾ ਹੈ ਕਿ ਮੋਗਾ ਵਿਚ ਬੈਂਕਾਂ ਦੀ ਹੜਤਾਲ ਕਾਰਨ ਲਗਭਗ 60 ਤੋਂ 70 ਕਰੋੜ ਰੁਪਏ ਦਾ ਬੈਂਕਿੰਗ ਕਾਰੋਬਾਰ ਪ੍ਰਭਾਵਿਤ ਹੋਇਆ। ਕਈ ਲੋਕ ਜਿਨ੍ਹਾਂ ਨੂੰ ਹੜਤਾਲ ਦੀ ਜਾਣਕਾਰੀ ਨਹੀਂ ਸੀ ਆਪਣੇ ਜ਼ਰੂਰੀ ਕੰਮਾਂ ਲਈ ਬੈਂਕਾਂ ਵਿਚ ਪਹੁੰਚੇ ਪਰ ਸ਼ਾਖ਼ਾਵਾਂ ਦੇ ਬਾਹਰ ਤਾਲੇ ਲੱਗੇ ਦੇਖ ਕੇ ਉਨ੍ਹਾਂ ਨੂੰ ਵਾਪਸ ਮੁੜਨਾ ਪਿਆ। ਚੈੱਕ ਜਮ੍ਹਾਂ ਕਰਵਾਉਣ, ਬੈਂਕ ਡਰਾਫਟ ਬਣਵਾਉਣ, ਨਕਦੀ ਜਮ੍ਹਾਂ ਕਰਵਾਉਣ ਅਤੇ ਹੋਰ ਬੈਂਕਿੰਗ ਕੰਮਾਂ ਲਈ ਆਏ ਲੋਕ ਸਾਰਾ ਦਿਨ ਪ੍ਰੇਸ਼ਾਨ ਹੁੰਦੇ ਰਹੇ। ਅੰਮ੍ਰਿਤਸਰ ਰੋਡ ਸਥਿਤ ਭਾਰਤੀ ਸਟੇਟ ਬੈਂਕ ਦੀ ਸ਼ਾਖ਼ਾ ਦੇ ਬਾਹਰ ਬੈਂਕ ਮੁਲਾਜ਼ਮਾਂ ਵੱਲੋਂ ਰੋਸ ਸਭਾ ਕੀਤੀ ਗਈ। ਇਸ ਮੌਕੇ ਸਟੇਟ ਬੈਂਕ ਆਫ਼ ਇੰਡੀਆ ਸਟਾਫ਼ ਐਸੋਸੀਏਸ਼ਨ ਦੇ ਖੇਤਰੀ ਸਕੱਤਰ ਮਨਦੀਪ ਸਵਾਮੀ, ਕਾਮਰੇਡ ਹਰਵਿੰਦਰ ਸਿੰਘ, ਕਾਮਰੇਡ ਅਮਿਤ ਸਹਿਗਲ, ਕਾਮਰੇਡ ਅਭਿਸ਼ੇਕ ਕੁਮਾਰ, ਕਾਮਰੇਡ ਇਕਵੰਤ ਸਿੰਘ, ਕਾਮਰੇਡ ਜਗਤਾਰ ਸਿੰਘ, ਕਾਮਰੇਡ ਗੁਰਪ੍ਰੇਮਿੰਦਰ ਸਿੰਘ ਤੇ ਕਾਮਰੇਡ ਜਗਤਾਰ ਸਿੰਘ ਮੱਖੂ ਨੇ ਬੈਂਕ ਕਰਮਚਾਰੀਆਂ ਨੂੰ ਸੰਬੋਧਨ ਕੀਤਾ। ਕਾਮਰੇਡ ਮਨਦੀਪ ਸਵਾਮੀ ਨੇ ਕਿਹਾ ਕਿ ਬੈਂਕ ਕਰਮਚਾਰੀਆਂ ਦੀਆਂ ਮੁੱਖ ਮੰਗਾਂ ਵਿਚ ਪੰਜ ਦਿਨਾਂ ਵਾਲਾ ਬੈਂਕਿੰਗ ਹਫ਼ਤਾ ਲਾਗੂ ਕਰਨਾ ਸਭ ਤੋਂ ਅਹਿਮ ਮੰਗ ਹੈ। ਉਨ੍ਹਾਂ ਕਿਹਾ ਕਿ ਇਸ ਮੰਗ ਸਬੰਧੀ ਲੰਬੇ ਸਮੇਂ ਤੋਂ ਵਿਚਾਰ-ਵਟਾਂਦਰਾ ਚੱਲ ਰਿਹਾ ਹੈ ਅਤੇ ਸਹਿਮਤੀ ਬਣਨ ਦੇ ਬਾਵਜੂਦ ਇਸ ਨੂੰ ਅਮਲੀ ਰੂਪ ਵਿਚ ਲਾਗੂ ਕਰਨ ਵਿਚ ਬੇਲੋੜੀ ਦੇਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੇ ਕਈ ਵਿਭਾਗਾਂ ਵਿਚ ਪਹਿਲਾਂ ਹੀ ਪੰਜ ਦਿਨਾਂ ਦਾ ਕਾਰਜ ਹਫ਼ਤਾ ਲਾਗੂ ਹੈ, ਜਦਕਿ ਬੈਂਕਿੰਗ ਖੇਤਰ ਦੇ ਕਰਮਚਾਰੀ ਅਜੇ ਵੀ ਇਸ ਸਹੂਲਤ ਤੋਂ ਵਾਂਝੇ ਹਨ। ਮੌਜੂਦਾ ਡਿਜੀਟਲ ਦੌਰ ਵਿਚ ਇੰਟਰਨੈੱਟ ਬੈਂਕਿੰਗ, ਏਟੀਐੱਮ, ਯੂਪੀਆਈ ਅਤੇ ਹੋਰ ਆਨਲਾਈਨ ਸਹੂਲਤਾਂ ਰਾਹੀਂ ਲੋਕਾਂ ਨੂੰ ਚੌਵੀ ਘੰਟੇ ਬੈਂਕਿੰਗ ਸੇਵਾਵਾਂ ਮਿਲ ਰਹੀਆਂ ਹਨ। ਇਸ ਲਈ ਪੰਜ ਦਿਨਾਂ ਦਾ ਕਾਰਜ ਹਫ਼ਤਾ ਲਾਗੂ ਹੋਣ ਨਾਲ ਬੈਂਕਿੰਗ ਸੇਵਾਵਾਂ ’ਤੇ ਕੋਈ ਵੱਡਾ ਮਾੜਾ ਪ੍ਰਭਾਵ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਦੂਰ-ਦੁਰਾਡੇ ਇਲਾਕਿਆਂ ਵਿਚ ਡਿਊਟੀ ਨਿਭਾ ਰਹੇ ਬੈਂਕ ਕਰਮਚਾਰੀਆਂ ਨੂੰ ਆਪਣੇ ਪਰਿਵਾਰਾਂ ਨਾਲ ਵਧੇਰੇ ਸਮਾਂ ਬਿਤਾਉਣ ਦਾ ਮੌਕਾ ਮਿਲੇਗਾ ਅਤੇ ਉਹ ਆਪਣੇ ਨਿੱਜੀ ਤੇ ਪਰਿਵਾਰਕ ਜੀਵਨ ਵਿਚ ਬਿਹਤਰ ਸੰਤੁਲਨ ਕਾਇਮ ਕਰ ਸਕਣਗੇ। ਮਾਰਚ 2024 ਵਿਚ ਹੋਇਆ ਸੀ ਸਮਝੌਤਾ ਯੂਨੀਅਨ ਆਗੂਆਂ ਨੇ ਦੱਸਿਆ ਕਿ ਪੰਜ ਦਿਨਾਂ ਵਾਲੀ ਬੈਂਕਿੰਗ ਵਿਵਸਥਾ ਲਾਗੂ ਕਰਨ ਸਬੰਧੀ ਮਾਰਚ 2024 ਵਿਚ ਇੰਡੀਅਨ ਬੈਂਕਸ ਐਸੋਸੀਏਸ਼ਨ ਅਤੇ ਬੈਂਕ ਯੂਨੀਅਨਾਂ ਵਿਚਕਾਰ ਸਮਝੌਤਾ ਹੋਇਆ ਸੀ। ਉਨ੍ਹਾਂ ਕਿਹਾ ਕਿ ਸਮਝੌਤੇ ਨੂੰ ਹੋਏ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਇਸ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਸਪੱਸ਼ਟ ਕੀਤਾ ਕਿ ਬੈਂਕ ਕਰਮਚਾਰੀ ਕਿਸੇ ਨਵੀਂ ਜਾਂ ਗ਼ੈਰ-ਵਾਜਬ ਸਹੂਲਤ ਦੀ ਮੰਗ ਨਹੀਂ ਕਰ ਰਹੇ, ਸਗੋਂ ਪਹਿਲਾਂ ਹੋਏ ਸਮਝੌਤੇ ਨੂੰ ਲਾਗੂ ਕਰਨ ਅਤੇ ਬੈਂਕਿੰਗ ਖੇਤਰ ਨਾਲ ਸਬੰਧਤ ਹੋਰ ਲੰਬਿਤ ਮਸਲਿਆਂ ਦਾ ਵਾਜਬ ਹੱਲ ਚਾਹੁੰਦੇ ਹਨ। 1985 ਤੋਂ ਕੇਂਦਰੀ ਦਫ਼ਤਰਾਂ ਵਿਚ ਪੰਜ ਦਿਨਾਂ ਦਾ ਕਾਰਜ ਹਫ਼ਤਾ ਰੋਸ ਪ੍ਰਦਰਸ਼ਨ ਦੌਰਾਨ ਯੂਨੀਅਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਦਫ਼ਤਰਾਂ ਵਿਚ ਸਾਲ 1985 ਤੋਂ ਪੰਜ ਦਿਨਾਂ ਦਾ ਕਾਰਜ ਹਫ਼ਤਾ ਲਾਗੂ ਹੈ। ਇਸ ਤੋਂ ਇਲਾਵਾ ਕਈ ਸੂਬਾ ਸਰਕਾਰਾਂ ਦੇ ਦਫ਼ਤਰਾਂ, ਜ਼ਿਲ੍ਹਾ ਦਫ਼ਤਰਾਂ, ਅਦਾਲਤਾਂ, ਆਮਦਨ ਕਰ ਵਿਭਾਗ, ਸ਼ੇਅਰ ਬਾਜ਼ਾਰ, ਭਾਰਤੀ ਰਿਜ਼ਰਵ ਬੈਂਕ ਅਤੇ ਭਾਰਤੀ ਜੀਵਨ ਬੀਮਾ ਨਿਗਮ ਵਿੱਚ ਵੀ ਪੰਜ ਦਿਨਾਂ ਦੇ ਕਾਰਜ ਦੀ ਵਿਵਸਥਾ ਹੈ। ਬਾਕਸ ਮੰਗਾਂ ਨਾ ਮੰਨੀਆਂ ਤਾਂ ਤਿੰਨ ਦਿਨਾਂ ਦੀ ਹੜਤਾਲ ਬੈਂਕ ਮੁਲਾਜ਼ਮ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਅਤੇ ਸਬੰਧਤ ਧਿਰਾਂ ਵੱਲੋਂ ਲੰਬਿਤ ਮੰਗਾਂ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਯੂਨੀਅਨ ਵੱਲੋਂ 28, 29 ਅਤੇ 30 ਸਤੰਬਰ 2026 ਨੂੰ ਲਗਾਤਾਰ ਤਿੰਨ ਦਿਨਾਂ ਦੀ ਦੇਸ਼ ਪੱਧਰੀ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਬਾਅਦ ਵੀ ਜੇਕਰ ਮੰਗਾਂ ਦਾ ਹੱਲ ਨਾ ਹੋਇਆ ਤਾਂ 26 ਅਕਤੂਬਰ 2026 ਤੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਯੂਨੀਅਨ ਆਗੂਆਂ ਨੇ ਸਰਕਾਰ ਅਤੇ ਇੰਡੀਅਨ ਬੈਂਕਸ ਐਸੋਸੀਏਸ਼ਨ ਨੂੰ ਅਪੀਲ ਕੀਤੀ ਕਿ ਹਾਲੇ ਵੀ ਸਮਾਂ ਹੈ ਅਤੇ ਗੰਭੀਰ ਗੱਲਬਾਤ ਰਾਹੀਂ ਬੈਂਕ ਕਰਮਚਾਰੀਆਂ ਦੀਆਂ ਮੰਗਾਂ ਦਾ ਹੱਲ ਕਰਕੇ ਅਗਲੇ ਸੰਘਰਸ਼ ਨੂੰ ਟਾਲਿਆ ਜਾਵੇ। ਸ਼ਨੀਵਾਰ ਦੀ ਛੁੱਟੀ ਨਾਲ ਬੈਂਕਿੰਗ ਸਮੇਂ ਵਿਚ ਕਮੀ ਨਾ ਆਵੇ ਆਗੂਆਂ ਨੇ ਦੱਸਿਆ ਕਿ ਮਾਰਚ 2024 ਵਿਚ ਹੋਏ ਸਮਝੌਤੇ ਤਹਿਤ ਬੈਂਕ ਯੂਨੀਅਨਾਂ ਨੇ ਹਰ ਕਾਰਜ ਦਿਵਸ ਦੌਰਾਨ ਕੰਮ ਅਤੇ ਬੈਂਕਿੰਗ ਕਾਰੋਬਾਰ ਦਾ ਸਮਾਂ 40 ਮਿੰਟ ਵਧਾਉਣ ’ਤੇ ਵੀ ਸਹਿਮਤੀ ਦਿੱਤੀ ਸੀ। ਇਸ ਦਾ ਉਦੇਸ਼ ਇਹ ਸੀ ਕਿ ਬਾਕੀ ਸ਼ਨੀਵਾਰਾਂ ਦੀ ਛੁੱਟੀ ਹੋਣ ਦੇ ਬਾਵਜੂਦ ਗਾਹਕਾਂ ਨੂੰ ਮਿਲਣ ਵਾਲੇ ਕੁੱਲ ਬੈਂਕਿੰਗ ਸਮੇਂ ਵਿੱਚ ਕੋਈ ਕਮੀ ਨਾ ਆਵੇ। ਉਨ੍ਹਾਂ ਕਿਹਾ ਕਿ ਇਸ ਵਿਵਸਥਾ ’ਤੇ ਸਹਿਮਤੀ ਬਣਨ ਦੇ ਬਾਵਜੂਦ ਇਸ ਨੂੰ ਲਾਗੂ ਨਾ ਕੀਤੇ ਜਾਣ ਕਾਰਨ ਬੈਂਕ ਕਰਮਚਾਰੀਆਂ ਵਿਚ ਰੋਸ ਵਧਦਾ ਗਿਆ। ਬਾਕਸ ਵਪਾਰੀਆਂ ਸਮੇਤ ਆਮ ਲੋਕ ਵੀ ਹੋਏ ਪ੍ਰੇਸ਼ਾਨ ਬੈਂਕਾਂ ਦੀ ਹੜਤਾਲ ਕਾਰਨ ਸਭ ਤੋਂ ਵੱਧ ਪ੍ਰੇਸ਼ਾਨੀ ਉਨ੍ਹਾਂ ਲੋਕਾਂ ਨੂੰ ਹੋਈ ਜੋ ਚੈੱਕ ਜਮ੍ਹਾਂ ਕਰਵਾਉਣ, ਡਰਾਫਟ ਬਣਵਾਉਣ, ਨਕਦੀ ਜਮ੍ਹਾਂ ਕਰਵਾਉਣ ਜਾਂ ਹੋਰ ਜ਼ਰੂਰੀ ਬੈਂਕਿੰਗ ਕੰਮਾਂ ਲਈ ਆਏ ਸਨ। ਵਪਾਰੀਆਂ ਨੂੰ ਵੀ ਹੜਤਾਲ ਦਾ ਖਾਸਾ ਅਸਰ ਝੱਲਣਾ ਪਿਆ। ਆਮ ਤੌਰ ’ਤੇ ਵਪਾਰੀ ਇਕ ਦਿਨ ਪਹਿਲਾਂ ਦੀ ਨਕਦੀ ਬੈਂਕ ਵਿਚ ਜਮ੍ਹਾਂ ਕਰਵਾਉਂਦੇ ਹਨ ਪਰ ਹੜਤਾਲ ਕਾਰਨ ਇਹ ਕੰਮ ਵੀ ਨਹੀਂ ਹੋ ਸਕਿਆ। ਕੁੱਝ ਥਾਂਵਾਂ ’ਤੇ ਏਟੀਐਮ ਸੇਵਾਵਾਂ ਵੀ ਪ੍ਰਭਾਵਿਤ ਰਹੀਆਂ, ਜਿਸ ਕਾਰਨ ਪੈਸੇ ਕਢਵਾਉਣ ਲਈ ਪਹੁੰਚੇ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਯੂਕੋ ਬੈਂਕ ਤੋਂ ਵਿਜੇ ਕੁਮਾਰ ਟੱਕਰ, ਬੈਂਕ ਆਫ਼ ਇੰਡੀਆ ਤੋਂ ਅਜੈ ਕੁਮਾਰ, ਇੰਡੀਅਨ ਬੈਂਕ ਤੋਂ ਪਰਮਜੀਤ ਸਿੰਘ, ਅਰਸ਼ਦੀਪ ਕਲਸੀ, ਪ੍ਰਿਤਪਾਲ, ਯਵਿੰਦਰ ਗਰਗ, ਕਮਲਜੀਤ ਕੌਰ, ਰਮਨ ਲਤਾ, ਪ੍ਰੀਤਿਕਾ, ਪ੍ਰਭਜੋਤ ਕੌਰ ਸਮੇਤ ਵੱਖ-ਵੱਖ ਸਰਕਾਰੀ ਬੈਂਕਾਂ ਦੇ 150 ਤੋਂ ਵੱਧ ਕਰਮਚਾਰੀ ਅਤੇ ਅਧਿਕਾਰੀ ਹਾਜ਼ਰ ਸਨ। ਇਸ ਦੌਰਾਨ ਕਾਮਰੇਡ ਹਰਵਿੰਦਰ ਸਿੰਘ ਧਾਲੀਵਾਲ ਅਤੇ ਕਾਮਰੇਡ ਅਮਰਜੀਤ ਸਿੰਘ ਵੱਲੋਂ ਜੋਸ਼ੀਲੇ ਨਾਅਰੇ ਲਗਵਾਏ ਗਏ। ਹੜਤਾਲੀ ਬੈਂਕ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦਿਆਂ ਸਰਕਾਰ ਤੋਂ ਜਲਦ ਤੋਂ ਜਲਦ ਮੰਗਾਂ ਮੰਨਣ ਦੀ ਮੰਗ ਕੀਤੀ।