- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ

ਸਕੂਲ, ਕਾਲਜ, ਹਸਪਤਾਲ, ਮੈਡੀਕਲ ਸਟੋਰ, ਪੈਟਰੋਲ ਪੰਪ, ਬੈਂਕ ਤੇ ਬੱਸ ਸੇਵਾਵਾਂ ਰਹਿਣਗੀਆਂ ਜਾਰੀ
ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ: ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ 'ਤੇ ਮੋਗਾ ਵਿਚ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਲਗਾਤਾਰ ਜਾਰੀ ਹੈ। ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦੇ ਹੱਕ ’ਚ ਸੰਘਰਸ਼ ਕਰ ਰਹੇ ਸਫ਼ਾਈ ਕਰਮਚਾਰੀਆਂ ਨੇ ਵੀਰਵਾਰ ਨੂੰ ਮੋਗਾ ਬੰਦ ਦਾ ਸੱਦਾ ਦਿੱਤਾ ਹੈ। ਬੰਦ ਨੂੰ ਸਫ਼ਲ ਬਣਾਉਣ ਲਈ ਯੂਨੀਅਨ ਵੱਲੋਂ ਪੂਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਜਦਕਿ ਜ਼ਿਲ੍ਹਾ ਪ੍ਰਸ਼ਾਸਨ ਨਾਲ ਵੀ ਇਸ ਸਬੰਧੀ ਬੈਠਕ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਹੜਤਾਲ ਲੰਬੀ ਖਿੱਚਣ ਕਾਰਨ ਸ਼ਹਿਰ ਦੀ ਸਫ਼ਾਈ ਵਿਵਸਥਾ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ। ਮੋਗਾ ਦੇ ਮੁੱਖ ਬਾਜ਼ਾਰਾਂ, ਰਿਹਾਇਸ਼ੀ ਇਲਾਕਿਆਂ, ਸਕੂਲਾਂ, ਸਰਕਾਰੀ ਦਫ਼ਤਰਾਂ ਅਤੇ ਸੜਕਾਂ ਦੇ ਕਿਨਾਰਿਆਂ 'ਤੇ ਕੂੜੇ ਦੇ ਵੱਡੇ-ਵੱਡੇ ਢੇਰ ਲੱਗ ਚੁੱਕੇ ਹਨ। ਕਈ ਥਾਵਾਂ 'ਤੇ ਇਹ ਢੇਰ ਛੇ ਤੋਂ ਸੱਤ ਫੁੱਟ ਤੱਕ ਉੱਚੇ ਹੋ ਗਏ ਹਨ, ਜਿਨ੍ਹਾਂ ’ਚੋਂ ਨਿਕਲ ਰਹੀ ਬਦਬੂ ਕਾਰਨ ਆਸ-ਪਾਸ ਰਹਿਣ ਵਾਲੇ ਲੋਕਾਂ ਅਤੇ ਰਾਹਗੀਰਾਂ ਦਾ ਲੰਘਣਾ ਵੀ ਮੁਸ਼ਕਲ ਹੋ ਗਿਆ ਹੈ। ਲੋਕ ਨੱਕ ਅਤੇ ਮੂੰਹ 'ਤੇ ਕੱਪੜਾ ਰੱਖ ਕੇ ਲੰਘਣ ਲਈ ਮਜ਼ਬੂਰ ਹਨ। ਯੂਨੀਅਨ ਦੇ ਜਨਰਲ ਸਕੱਤਰ ਨਰੋਤਮ ਬੋਹਤ ਨੇ ਦੱਸਿਆ ਕਿ ਮੋਗਾ ਬੰਦ ਦੌਰਾਨ ਸ਼ਹਿਰ ਦੇ ਜ਼ਿਆਦਾਤਰ ਬਾਜ਼ਾਰ ਬੰਦ ਰਹਿਣਗੇ। ਹਾਲਾਂਕਿ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ, ਇਸ ਲਈ ਸਕੂਲ, ਕਾਲਜ, ਹਸਪਤਾਲ, ਮੈਡੀਕਲ ਸਟੋਰ, ਪੈਟਰੋਲ ਪੰਪ, ਦੁੱਧ ਦੀਆਂ ਡੇਅਰੀਆਂ, ਬੈਂਕ, ਸਰਕਾਰੀ ਦਫ਼ਤਰਾਂ ਅਤੇ ਸਰਕਾਰੀ ਤੇ ਨਿੱਜੀ ਬੱਸ ਸੇਵਾਵਾਂ ਨੂੰ ਬੰਦ ਤੋਂ ਪੂਰੀ ਛੋਟ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਦਾ ਉਦੇਸ਼ ਲੋਕਾਂ ਨੂੰ ਤੰਗ ਕਰਨਾ ਨਹੀਂ, ਸਗੋਂ ਸਰਕਾਰ ਤੱਕ ਆਪਣੀਆਂ ਮੰਗਾਂ ਨੂੰ ਸ਼ਾਂਤਮਈ ਅਤੇ ਲੋਕਤੰਤਰੀ ਢੰਗ ਨਾਲ ਪਹੁੰਚਾਉਣਾ ਹੈ। ਉਨ੍ਹਾਂ ਆਮ ਲੋਕਾਂ ਅਤੇ ਵਪਾਰੀਆਂ ਨੂੰ ਵੀ ਬੰਦ ਵਿਚ ਸਹਿਯੋਗ ਦੇਣ ਦੀ ਅਪੀਲ ਕੀਤੀ। ਬੁੱਧਵਾਰ ਨੂੰ ਸਫ਼ਾਈ ਕਰਮਚਾਰੀਆਂ ਦੇ ਪ੍ਰਤੀਨਿਧ ਮੰਡਲ ਦੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਵਿਸ਼ੇਸ਼ ਬੈਠਕ ਹੋਈ। ਇਸ ’ਚ ਵਧੀਕ ਡਿਪਟੀ ਕਮਿਸ਼ਨਰ, ਪੁਲਿਸ ਵਿਭਾਗ ਦੇ ਸੀਨੀਅਰ ਅਧਿਕਾਰੀ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਰਹੇ। ਯੂਨੀਅਨ ਦੇ ਆਗੂਆਂ ਨੇ ਪ੍ਰਸ਼ਾਸਨ ਨੂੰ ਭਰੋਸਾ ਦਵਾਇਆ ਕਿ ਮੋਗਾ ਬੰਦ ਪੂਰੀ ਤਰ੍ਹਾਂ ਸ਼ਾਂਤਮਈ ਰਹੇਗਾ ਅਤੇ ਕਾਨੂੰਨ-ਵਿਵਸਥਾ ਭੰਗ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਸਿਰਫ਼ ਆਪਣੇ ਹੱਕਾਂ ਅਤੇ ਮੰਗਾਂ ਲਈ ਹੈ। ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਨੇ ਵੀ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਬੰਦ ਦੀਆਂ ਤਿਆਰੀਆਂ ਸਬੰਧੀ ਹੋਈ ਮੀਟਿੰਗ ’ਚ ਫ਼ੈਸਲਾ ਕੀਤਾ ਗਿਆ ਕਿ ਸਵੇਰੇ ਅੱਠ ਵਜੇ ਸਾਰੇ ਸਫ਼ਾਈ ਕਰਮਚਾਰੀ ਨਗਰ ਨਿਗਮ ਦਫ਼ਤਰ ਵਿਖੇ ਇਕੱਠੇ ਹੋਣਗੇ। ਇੱਥੋਂ ਉਹ ਜਲੂਸ ਦੇ ਰੂਪ ’ਚ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਜਾਣਗੇ ਅਤੇ ਦੁਕਾਨਦਾਰਾਂ ਨੂੰ ਬੰਦ ਵਿਚ ਸਹਿਯੋਗ ਦੇਣ ਦੀ ਅਪੀਲ ਕਰਨਗੇ। ਲੋੜ ਪੈਣ ’ਤੇ ਵੱਖ-ਵੱਖ ਟੋਲੀਆਂ ਬਣਾ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਭੇਜਿਆ ਜਾਵੇਗਾ। ਯੂਨੀਅਨ ਦਾ ਦਾਅਵਾ ਹੈ ਕਿ ਕਈ ਵਪਾਰਕ ਜਥੇਬੰਦੀਆਂ ਨੇ ਵੀ ਸਵੈਇੱਛਾ ਨਾਲ ਬੰਦ ਦਾ ਸਮਰਥਨ ਕਰਨ ਦਾ ਭਰੋਸਾ ਦਿੱਤਾ ਹੈ। ਬੁੱਧਵਾਰ ਨੂੰ ਵੀ ਨਗਰ ਨਿਗਮ ਦਫ਼ਤਰ ਦੇ ਬਾਹਰ ਸਫ਼ਾਈ ਕਰਮਚਾਰੀਆਂ ਦਾ ਧਰਨਾ ਲਗਾਤਾਰ ਜਾਰੀ ਰਿਹਾ। ਕਰਮਚਾਰੀਆਂ ਨੇ ਹੱਥਾਂ ’ਚ ਯੂਨੀਅਨ ਦੇ ਝੰਡੇ ਫੜ੍ਹ ਕੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਆਪਣੀਆਂ ਮੰਗਾਂ ਜਲਦੀ ਮੰਨਣ ਦੀ ਅਪੀਲ ਕੀਤੀ। ਧਰਨਾਕਾਰੀਆਂ ਨੇ ਕਿਹਾ ਕਿ ਉਹ ਸਿਰਫ਼ ਆਪਣੇ ਜਾਇਜ਼ ਹੱਕਾਂ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਅਜੇ ਤੱਕ ਪੂਰੇ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੰਗਾਂ ਦਾ ਹੱਲ ਨਹੀਂ ਹੁੰਦਾ, ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।
----
ਕੂੜੇ ਦੇ ਢੇਰਾਂ ਨੇ ਵਧਾਇਆ ਬਿਮਾਰੀਆਂ ਦਾ ਖ਼ਤਰਾ
ਲਗਾਤਾਰ ਹੜਤਾਲ ਕਾਰਨ ਸ਼ਹਿਰ ਦੇ ਹਰ ਕੋਨੇ ’ਚ ਕੂੜਾ ਇਕੱਠਾ ਹੋ ਗਿਆ ਹੈ। ਹਾਲੀਆ ਬਰਸਾਤ ਤੋਂ ਬਾਅਦ ਕੂੜੇ ’ਚੋਂ ਨਿਕਲ ਰਹੀ ਬਦਬੂ ਅਤੇ ਗੰਦਗੀ ਨੇ ਲੋਕਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਸਕੂਲਾਂ, ਬਾਜ਼ਾਰਾਂ, ਮੁਹੱਲਿਆਂ ਅਤੇ ਰਿਹਾਇਸ਼ੀ ਇਲਾਕਿਆਂ ਦੇ ਬਾਹਰ ਪਏ ਕੂੜੇ ਕਾਰਨ ਨਾ ਸਿਰਫ਼ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ, ਸਗੋਂ ਬਿਮਾਰੀਆਂ ਫੈਲਣ ਦਾ ਵੀ ਖ਼ਤਰਾ ਪੈਦਾ ਹੋ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਹੜਤਾਲ ਹੋਰ ਲੰਬੀ ਚੱਲੀ ਤਾਂ ਸਿਹਤ ਸੰਬੰਧੀ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।