- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ

ਸਵਰਨ ਗੁਲਾਟੀ, ਪੰਜਾਬੀ ਜਾਗਰਣ ਮੋਗਾ: ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੋਧੀ ਮੁਹਿੰਮ ਤਹਿਤ ਮੋਗਾ ਪੁਲਿਸ ਵੱਲੋਂ ਨਸ਼ਾ ਤਸਕਰੀ ਨਾਲ ਜੁੜੇ ਵਿਅਕਤੀਆਂ ਵਿਰੁੱਧ ਲਗਾਤਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਅੱਜ ਪਰਵਾਨਾ ਨਗਰ ਮੋਗਾ ਥਾਣਾ ਸਿਟੀ ਸਾਊਥ ਦੇ ਇਲਾਕੇ ਵਿਚ ਬਲਰਾਜ ਸਿੰਘ ਵਾਸੀ ਬੁੱਕਣਵਾਲਾ ਹਾਲ ਅਬਾਦ ਪਰਵਾਨਾ ਨਗਰ ਮੋਗਾ ਨਾਲ ਸਬੰਧਤ ਪ੍ਰਾਪਰਟੀ ਸਬੰਧੀ ਡਿਮੋਲਿਸ਼ਨ ਦੀ ਕਾਰਵਾਈ ਕੀਤੀ ਗਈ। ਉੱਪਲਬਧ ਰਿਕਾਰਡ ਅਨੁਸਾਰ ਉਕਤ ਵਿਅਕਤੀ ਵਿਰੁੱਧ ਵੱਖ ਵੱਖ ਸਮੇਂ ਦੌਰਾਨ ਕੁੱਲ 9 ਮੁਕੱਦਮੇ ਦਰਜ ਹੋਣ ਦਾ ਵੇਰਵਾ ਦਰਜ ਹੈ, ਜਿੰਨ੍ਹਾਂ ਵਿਚ ਐੱਨਡੀਪੀਐੱਸ ਐਕਟ ਅਧੀਨ ਦਰਜ ਮਾਮਲਾ ਵੀ ਸ਼ਾਮਲ ਹੈ। ਇਸ ਕਾਰਵਾਈ ਦੌਰਾਨ ਨਗਰ ਨਿਗਮ ਮੋਗਾ ਵੱਲੋਂ ਆਪਣੇ ਅਧਿਕਾਰ ਖ਼ੇਤਰ ਅਨੁਸਾਰ ਡਿਮੋਲਿਸ਼ਨ ਦੀ ਕਾਰਵਾਈ ਕੀਤੀ ਗਈ, ਜਦਕਿ ਮੋਗਾ ਪੁਲਿਸ ਵੱਲੋਂ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਅਤੇ ਕਾਰਵਾਈ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਕਰੀਬ 100 ਪੁਲਿਸ ਮੁਲਾਜ਼ਮਾਂ ਦੀ ਫੋਰਸ ਤਾਇਨਾਤ ਕਰਕੇ ਪੁਖ਼ਤਾ ਸੁਰੱਖਿਆ ਪ੍ਰਬੰਧ ਕੀਤੇ ਗਏ।ਪੁਲਿਸ ਵੱਲੋਂ ਮੌਕੇ ’ਤੇ ਨਾਕਾਬੰਦੀ, ਸੁਰੱਖਿਆ ਪ੍ਰਬੰਧ, ਆਵਾਜਾਈ ਨੂੰ ਨਿਯਮਤ ਕਰਨ ਅਤੇ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਲੋੜੀਂਦੀ ਪੁਲਿਸ ਕਾਰਵਾਈ ਕੀਤੀ ਗਈ। ਪੂਰੀ ਕਾਰਵਾਈ ਦੌਰਾਨ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰਹੀ।ਇਸ ਮੌਕੇ ਐੱਸਐੱਸਪੀ ਮੋਗਾ ਸਰਤਾਜ ਸਿੰਘ ਚਾਹਲ, ਐੱਸਪੀ ਹੈੱਡਕੁਆਰਟਰਜ਼ ਗੁਰਸ਼ਰਨਜੀਤ ਸਿੰਘ ਸੰਧੂ, ਡੀਐੱਸਪੀ ਐੱਨਡੀਪੀਐੱਸ ਰਾਹੁਲ ਕੋਸਿ਼ਲ, ਡੀਐੱਸਪੀ ਸਿਟੀ ਮੋਗਾ ਗੁਰਪ੍ਰੀਤ ਸਿੰਘ ਅਤੇ ਐੱਸਐੱਚਓ ਸਿਟੀ ਸਾਊਥ ਵਰੁਣ ਦੀ ਅਗਵਾਈ ਹੇਠ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸਪੀ ਹੈੱਡਕੁਆਟਜ਼ ਗੁਰਸ਼ਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਜ਼ਿਲ੍ਹੇ ਵਿਚ ਪੁਲਿਸ ਵੱਲੋਂ ਨਸ਼ਾ ਤੱਸਕਰਾਂ ਖ਼ਿਲਾਫ਼ ਲਗਾਤਾਰ ਕਾਰਵਾਈ ਕਰਕੇ ਉਨ੍ਹਾਂ ਨੁੰ ਕਾਬੂ ਕਰਕੇ ਜੇਲ੍ਹਾਂ ਵਿਚ ਡੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਦਫ਼ਤਰ ਵੱਲੋਂ ਜਦੋਂ ਪੁਲਿਸ ਨੂੰ ਅਜਿਹੀਆਂ ਨਜਾਇਜ਼ ਉਸਾਰੀਆਂ ਬਾਰੇ ਪੁਲਿਸ ਨੂੰ ਇਤਲਾਹ ਮਿਲੇਗੀ ਤਾਂ ਮੋਗਾ ਪੁਲਿਸ ਵੱਲੋਂ ਕੋਰਟ ਦੇ ਅਦੇਸ਼ਾਂ ’ਤੇ ਅਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ। ਉਨ੍ਹਾਂ ਕਿਹਾ ਕਿ ਮੋਗਾ ਪੁਲਿਸ ਵੱਲੋਂ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਵਿਅਕਤੀਆਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਲਗਾਤਾਰ ਜਾਰੀ ਰਹੇਗੀ।