- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਗਾ ਪੁਲਿਸ ਵੱਲੋਂ ਨਸ਼ਿਆਂ

ਸਵਰਨ ਗੁਲਾਟੀ, ਪੰਜਾਬੀ ਜਾਗਰਣ ਮੋਗਾ: ਮੋਗਾ ਪੁਲਿਸ ਵੱਲੋਂ ਨਸ਼ਿਆਂ ਦੇ ਹੌਟਸਪੌਟ ਇਲਾਕਿਆਂ ਵਿਚ ਨਸ਼ਾ ਵਿਰੋਧੀ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਐੱਸਐੱਸਪੀ ਮੋਗਾ ਅਤੇ ਐੱਸਪੀ ਐੱਚ ਮੋਗਾ ਦੀ ਅਗਵਾਈ ਹੇਠ ਪਿੰਡ ਦੌਲੇਵਾਲਾ ਵਿਖੇ ਨਸ਼ਾ ਸੇਵਨ ਦੇ ਹੌਟਸਪੌਟ ਵਜੋਂ ਵਰਤੀ ਜਾ ਰਹੀ ਇਕ ਖ਼ਸਤਾ ਹਾਲਤ ਅਤੇ ਲਾਵਾਰਿਸ ਇਮਾਰਤ ਨੂੰ ਉਸ ਦੇ ਮਾਲਕ ਦੀ ਸਹਿਮਤੀ ਅਤੇ ਸਹਿਯੋਗ ਨਾਲ ਢਾਹ ਦਿੱਤਾ ਗਿਆ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਥਾਣਾ ਕੋਟ ਈਸੇ ਖਾਂ ਪੁਲਿਸ ਦੇ ਇੰਚਾਰਜ ਐੱਸਆਈ ਕਮਲਜੀਤ ਸਿੰਘ ਨੇ ਕਿਹਾ ਕਿ ਇਸ ਤੋਂ ਇਲਾਵਾ ਇਮਾਰਤ ਦੀਆਂ ਇੱਟਾਂ ਅਤੇ ਹੋਰ ਵਰਤੋਂਯੋਗ ਸਮੱਗਰੀ ਵੀ ਉੱਥੋਂ ਹਟਾ ਦਿੱਤੀ ਗਈ ਹੈ ਤਾਂ ਜੋ ਇਸ ਜਗ੍ਹਾ ਦੀ ਮੁੜ ਨਸ਼ਾ ਸੇਵਨ ਜਾਂ ਕਿਸੇ ਹੋਰ ਗੈਰ ਕਾਨੂੰਨੀ ਗਤੀਵਿਧੀ ਲਈ ਵਰਤੋਂ ਨਾ ਹੋ ਸਕੇ। ਇਸ ਕਾਰਵਾਈ ਨਾਲ ਪਿੰਡ ਵਿਚ ਨਸ਼ਾ ਸੇਵਨ ਦੇ ਇਕ ਪ੍ਰਮੁੱਖ ਟਿਕਾਣੇ ਨੂੰ ਖ਼ਤਮ ਕਰਨ ਦੇ ਨਾਲ ਨਾਲ ਇਲਾਕੇ ਦਾ ਮਾਹੌਲ ਸੁਧਾਰਨ ਵਿਚ ਵੀ ਮਦਦ ਮਿਲੇਗੀ। ਇਸ ਪਹਿਲਕਦਮੀ ਦੀ ਸਥਾਨਕ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਸ਼ਲਾਘਾ ਕੀਤੀ ਗਈ ਅਤੇ ਉਨ੍ਹਾਂ ਨੇ ਮੋਗਾ ਪੁਲਿਸ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਮੋਗਾ ਪੁਲਿਸ ਵੱਲੋਂ ਨਸ਼ਿਆਂ ਦੇ ਖ਼ਾਤਮੇ ਲਈ ਅਜਿਹੇ ਹੌਟਸਪੌਟ ਇਲਾਕਿਆਂ ਵਿਚ ਲਗਾਤਾਰ ਕਾਰਵਾਈਆਂ ਅਤੇ ਜਾਗਰੂਕਤਾ ਦੇ ਉਪਰਾਲੇ ਜਾਰੀ ਰਹਿਣਗੇ।