ਲੀਡ-----ਥਾਣਾ ਸਦਰ ‘ਚ ਸੁੱਟੇ ਗ੍ਰਨੇਡ ਦੀ ਵਾਰਦਾਤ ਟਰੇਸ, 17 ਮੁਲਜ਼ਮ ਕਾਬੂ ਆਖਰਕਾਰ ਮੋਗਾ ਪੁਲਿਸ ਨੇ ਤਕਰੀਬਨ
Publish Date: Tue, 21 Jul 2026 06:42 PM (IST)
Updated Date: Wed, 22 Jul 2026 04:07 AM (IST)
ਵਾਰਦਾਤ ‘ਚ ਵਰਤੇ ਮੋਟਰਸਾਈਕਲ ਸਮੇਤ 9 ਐੱਮਐੱਮ ਗਲੋਕ ਪਿਸਟਲ, ਮੈਗਜ਼ੀਨ ਤੇ ਹੋਰ ਸਾਮਾਨ ਬਰਾਮਦ ਸਵਰਨ ਗੁਲਾਟੀ, ਪੰਜਾਬੀ ਜਾਗਰਣ, ਮੋਗਾ : ਆਖਰਕਾਰ ਮੋਗਾ ਪੁਲਿਸ ਨੇ ਤਕਰੀਬਨ 13 ਦਿਨ ਪਹਿਲਾਂ ਸਦਰ ਥਾਣੇ ‘ਚ ਹੋਏ ਬੰਬ ਧਮਾਕੇ ਨੂੰ ਟਰੇਸ ਕਰਦਿਆਂ 17 ਮੁਲਜ਼ਮਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਮੋਗਾ ਵਿਖੇ ਪ੍ਰੈਸ ਵਾਰਤਾ ਦੌਰਾਨ ਡੀਆਈਜੀ ਫਰੀਦਕੋਟ ਰੇਂਜ ਨੀਲਾਂਬਰੀ ਜਗਦਾਲੇ ਵਿਜੇ ਨੇ ਦੱਸਿਆ ਕਿ ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਮੋਗਾ ਪੁਲਿਸ ਨੇ ਥਾਣਾ ਸਦਰ ਮੋਗਾ ਦੀ ਇਮਾਰਤ ਅੰਦਰ ਸੁੱਟੇ ਗਏ ਲੋ ਇੰਟੈਨਸਟੀ ਗ੍ਰਨੇਡ ਦੀ ਵਾਰਦਾਤ ਕਰਨ ਵਾਲੇ ਨਾ-ਮਾਲੂਮ ਦੋਸ਼ੀਆਂ ਨੂੰ ਟਰੇਸ ਕਰ ਕੇ 17 ਮੁਲਜ਼ਮਾਂ ਨੂੰ ਗਿਰਫਤਾਰ ਕੀਤਾ ਤੇ ਉਨ੍ਹਾਂ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਸਮੇਂ ਵਰਤਿਆ ਗਿਆ ਮੋਟਰਸਾਈਕਲ ਤੇ 9 ਐੱਮਐੱਮ ਗਲੋਕ ਪਿਸਟਲ ਸਮੇਤ ਮੈਗਜ਼ੀਨ ਤੇ ਇਕ ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸ ਬਰਾਮਦ ਕੀਤਾ ਹੈ। ਨੀਲਾਂਬਰੀ ਜਗਦਾਲੇ ਵਿਜੇ ਨੇ ਦੱਸਿਆ ਕਿ 8 ਜੁਲਾਈ ਦੀ ਸਵੇਰ/ਰਾਤ ਕਰੀਬ 03:15 ਵਜੇ ਕੁਝ ਨਾ-ਮਾਲੂਮ ਵਿਅਕਤੀਆਂ ਵੱਲੋਂ ਥਾਣਾ ਸਦਰ ਮੋਗਾ ਦੀ ਇਮਾਰਤ ਅੰਦਰ ਲੋ ਇੰਟੈਨਸਟੀ ਗ੍ਰਨੇਡ ਸੁੱਟ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਸਬੰਧੀ ਮੁਕੱਦਮਾ ਥਾਣਾ ਸਦਰ ਮੋਗਾ ਵਿਖੇ ਨਾ-ਮਾਲੂਮ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ’ਚ ਸ਼ਾਮਲ ਅਣਪਛਾਤੇ ਦੋਸ਼ੀਆਂ ਨੂੰ ਟਰੇਸ ਕਰਨ ਲਈ ਉਨ੍ਹਾਂ ਦੇ ਦਿਸ਼ਾ-ਨਿਰਦੇਸ਼ ਹੇਠ ਤੇ ਐੱਸਐੱਸਪੀ ਸਰਤਾਜ ਸਿੰਘ ਚਾਹਲ ਦੀ ਸੁਪਰਵਿਜ਼ਨ ਅਧੀਨ ਬਾਲ ਕ੍ਰਿਸ਼ਨ ਸਿੰਗਲਾ ਐੱਸਪੀ (ਡੀ) ਮੋਗਾ ਦੀ ਅਗਵਾਈ ਹੇਠ ਗੁਰਪ੍ਰੀਤ ਸਿੰਘ ਡੀਐੱਸਪੀ (ਡੀ) ਮੋਗਾ ਤੇ ਜਤਿੰਦਰ ਸਿੰਘ ਗਿੱਲ ਡੀਐੱਸਪੀ ਸਿਟੀ ਮੋਗਾ, ਇੰਸ. ਦਲਜੀਤ ਸਿੰਘ ਇੰਚਾਰਜ ਸੀਆਈਏ ਸਟਾਫ ਮੋਗਾ ਤੇ ਇੰਸਪੈਕਟਰ ਹਰਵਿੰਦਰ ਸਿੰਘ ਮੁੱਖ ਅਫਸਰ ਥਾਣਾ ਸਦਰ ਮੋਗਾ ਦੀਆਂ ਵੱਖ-ਵੱਖ ਪੁਲਿਸ ਟੀਮਾਂ ਬਣਾ ਕੇ ਟੈਕਨੀਕਲ ਤਰੀਕੇ ਨਾਲ ਦੋਸ਼ੀਆਂ ਨੂੰ ਟਰੇਸ ਕਰਨ ਲਈ ਭਾਲ ਸ਼ੂਰੁ ਕੀਤੀ ਗਈ। ਉਨ੍ਹਾਂ ਦੱਸਿਆ ਕਿ ਖੁਫੀਆ ਸੋਰਸ ਤੇ ਟੈਕਨੀਕਲ ਢੰਗ ਨਾਲ ਕੀਤੀ ਤਫਤੀਸ਼ ’ਚ ਇਹ ਸਾਹਮਣੇ ਆਇਆ ਕਿ ਇਸ ਵਾਰਦਾਤ ਨੂੰ ਅੰਜਾਮ ਗਗਨ ਉਰਫ ਕਾਲੀ ਵਾਸੀ ਢੇਰੂ ਫਿਰੋਜ਼ਪੁਰ, ਰਾਜੇਸ਼ ਉਰਫ ਖੰਨਾ ਵਾਸੀ ਲਾਲ ਕੁੜਤੀ ਕੈਂਟ ਫਿਰੋਜ਼ਪੁਰ ਤੇ ਸ਼ੁਭਮ ਉਰਫ ਭਿੰਦਰ ਵਾਸੀ ਕੋਤਵਾਲ ਫਿਰੋਜ਼ਪੁਰ ਵੱਲੋਂ ਦਿੱਤਾ ਗਿਆ ਹੈ, ਜਿਨ੍ਹਾਂ ਨੂੰ ਮੁਕੱਦਮੇ ’ਚ ਨਾਮਜ਼ਦ ਕਰ ਕੇ ਗ੍ਰਿਫਤਾਰ ਕਰ ਕੇ ਪੁੱਛਗਿੱਛ ਕੀਤੀ ਗਈ, ਜਿਨ੍ਹਾਂ ਪਾਸੋਂ ਵਾਰਦਾਤ ਸਮੇਂ ਵਰਤਿਆ ਗਿਆ 1 ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ। ਉਨ੍ਹਾਂ ਦੱਸਿਆ ਕਿ ਪੁੱਛ ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਸ ਵਾਰਦਾਤ ਦੀ ਸਾਜ਼ਿਸ਼ ਪਿੱਛੇ ਇਕਬਾਲ ਉਰਫ ਰਵੀ ਧਾਲੀਵਾਲ ਵਾਸੀ ਸੀਆ ਪਾੜੀ ਫਿਰੋਜ਼ਪੁਰ ਤੇ ਕੁਲਜੀਤ ਕੌਰ ਵਾਸੀ ਤਲਵੰਡੀ ਨਪਾਲਾ ਫਿਰੋਜ਼ਪੁਰ ਵੀ ਸ਼ਾਮਲ ਹਨ, ਜੋ ਵਿਦੇਸ਼ ’ਚੋਂ ਆਪਣੇ ਹੋਰ ਸਾਥੀਆਂ ਲਾਜਰ ਉਰਫ ਅਮਨ ਵਾਸੀ ਸੀਆ ਪਾੜੀ ਫਿਰੋਜ਼ਪੁਰ ਤੇ ਪ੍ਰਵੀਨ ਕੌਰ ਵਾਸੀ ਸੀਆ ਪਾੜੀ ਫਿਰੋਜ਼ਪੁਰ ਨਾਲ ਰਲਿਆ ਹੋਇਆ ਹੈ। ਇਸ ਤੋਂ ਇਲਾਵਾ ਤਫਤੀਸ਼ ਦੌਰਾਨ ਇਹ ਵੀ ਖੁਲਾਸਾ ਹੋਇਆ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁੱਖ ਦੋਸ਼ੀ ਦੀ ਸਵਰਨ ਵਾਸੀ ਕੋਤਵਾਲ ਫਿਰੋਜ਼ਪੁਰ, ਗੋਬਿੰਦ ਵਾਸੀ ਕੋਤਵਾਲ ਫਿਰੋਜ਼ਪੁਰ, ਸਾਗਰ ਵਾਸੀ ਲਾਲ ਕੁੜਤੀ ਕੈਂਟ ਫਿਰੋਜ਼ਪੁਰ, ਲਵਪ੍ਰੀਤ ਵਾਸੀ ਢੇਰੂ ਫਿਰੋਜ਼ਪੁਰ, ਸੁਖਵਿੰਦਰ ਕੌਰ ਵਾਸੀ ਸ਼ੇਰਖਾਂ ਫਿਰੋਜ਼ਪੁਰ, ਲੜਕੀ ਰੂਠ ਵਾਸੀ ਤਲਵੰਡੀ ਨੇਪਾਲਾ ਫਿਰੋਜ਼ਪੁਰ, ਰਾਜ ਵਾਸੀ ਤਲਵੰਡੀ ਨੇਪਾਲਾ ਫਿਰੋਜ਼ਪੁਰ, ਜ਼ੋਨ ਵਾਸੀ ਲਾਲ ਕੁਰਤੀ ਕੈਂਟ ਫਿਰੋਜ਼ਪੁਰ, ਸਰਬਜੀਤ ਵਾਸੀ ਕੋਤਵਾਲ ਫਿਰੋਜ਼ਪੁਰ, ਗੁਰਪ੍ਰੀਤ ਸਿੰਘ ਉਰਫ ਗੁਰੀ ਵਾਸੀ ਇੱਜਤਵਾਲਾ, ਰਾਹੁਲ ਵਾਸੀ ਇੱਜ਼ਤਵਾਲਾ, ਮੋਗਾ ਤੇ ਕਰਨਦੀਪ ਸਿੰਘ ਵਾਸੀ ਇੱਜਤਵਾਲਾ ਮੋਗਾ ਨੇ ਮਦਦ ਕੀਤੀ ਸੀ ਤੇ ਲਾਜਰ ਉਰਫ ਅਮਨ ਵਾਸੀ ਸੀਆ ਪਾੜੀ ਫਿਰੋਜ਼ਪੁਰ ਤੇ ਪ੍ਰਵੀਨ ਕੌਰ ਵਾਸੀ ਪਾੜੀ ਫਿਰੋਜ਼ਪੁਰ, ਵਿਦੇਸ਼ ’ਚ ਬੈਠੇ ਇਕਬਾਲ ਉਰਫ ਰਵੀ ਉਕਤ ਨਾਲ ਮਿਲ ਕੇ ਪੰਜਾਬ ’ਚ ਵਾਰਦਾਤਾਂ ਕਰਵਾਉਣ ਲਈ ਉਸ ਨਾਲ ਵਿਅਕਤੀ ਜੋੜਨ ਦਾ ਕੰਮ ਕਰਦੇ ਹਨ। ਇਨ੍ਹਾਂ ਨੂੰ ਮੁਕੱਦਮੇ ’ਚ ਨਾਮਜ਼ਦ ਕਰ ਕੇ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕਥਿਤ ਦੋਸ਼ੀਆ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਨ੍ਹਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰ ਕੇ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।