Moga News : ਮੋਗਾ ਦੇ ਦੋ ਖਿਡਾਰੀ ਭਾਰਤੀ ਟੈਸਟ ਕ੍ਰਿਕਟ ਟੀਮ ਨਾਲ ਨੈੱਟ ਗੇਂਦਬਾਜ਼ ਚੁਣੇ
ਮੋਗਾ ਦੇ ਕ੍ਰਿਕਟ ਜਗਤ ਲਈ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ (ਡੀਸੀਏ) ਮੋਗਾ ਦੇ ਦੋ ਵਧੀਆ ਖਿਡਾਰੀਆਂ ਦੀ ਭਾਰਤੀ ਟੈਸਟ ਕ੍ਰਿਕਟ ਟੀਮ ਨਾਲ ਨੈੱਟ ਗੇਂਦਬਾਜ਼ ਵਜੋਂ ਨਿਯੁਕਤੀ ਹੋਈ ਹੈ।
Publish Date: Thu, 04 Jun 2026 09:13 PM (IST)
Updated Date: Thu, 04 Jun 2026 09:15 PM (IST)
ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ: ਮੋਗਾ ਦੇ ਕ੍ਰਿਕਟ ਜਗਤ ਲਈ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ (ਡੀਸੀਏ) ਮੋਗਾ ਦੇ ਦੋ ਵਧੀਆ ਖਿਡਾਰੀਆਂ ਦੀ ਭਾਰਤੀ ਟੈਸਟ ਕ੍ਰਿਕਟ ਟੀਮ ਨਾਲ ਨੈੱਟ ਗੇਂਦਬਾਜ਼ ਵਜੋਂ ਨਿਯੁਕਤੀ ਹੋਈ ਹੈ।
ਦੋਵੇਂ ਖਿਡਾਰੀ ਸਪਿੰਨ ਗੇਂਦਬਾਜ਼ ਹਨ, ਜਿਨ੍ਹਾਂ ’ਚੋਂ ਇਕ ਹਰਫਨਮੌਲਾ ਖਿਡਾਰੀ ਵੀ ਹੈ। ਇਨ੍ਹਾਂ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਮੋਗਾ ਦੇ ਖੇਡ ਪ੍ਰੇਮੀਆਂ ਤੇ ਕ੍ਰਿਕਟ ਜਗਤ ’ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਐਪੈਕਸ ਮੈਂਬਰ ਕਮਲ ਅਰੋੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੁਭਮ ਰਾਣਾ ਖੱਬੇ ਹੱਥ ਦੇ ਚਾਈਨਾਮੈਨ ਗੇਂਦਬਾਜ਼ ਹੈ ਜਿਸ ਨੇ ਆਪਣਾ ਕ੍ਰਿਕਟ ਕਰੀਅਰ ਮੋਗਾ ਤੋਂ ਅੰਡਰ-16 ਪੱਧਰ ਤੋਂ ਸ਼ੁਰੂ ਕੀਤਾ ਸੀ। ਉਸ ਨੇ ਮੋਗਾ ਵੱਲੋਂ ਅੰਡਰ-19 ਤੇ ਅੰਡਰ-23 ਵਰਗਾਂ ’ਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਉਨ੍ਹਾਂ ਦੱਸਿਆ ਕਿ ਦੂਜਾ ਖਿਡਾਰੀ ਰਮੇਸ਼ ਕੁਮਾਰ ਖੱਬੇ ਹੱਥ ਦੇ ਸਪਿੰਨਰ ਤੇ ਹਰਫਨਮੌਲਾ ਖਿਡਾਰੀ ਹੈ, ਨੇ ਵੀ ਆਪਣਾ ਕ੍ਰਿਕਟ ਸਫ਼ਰ ਮੋਗਾ ਤੋਂ ਹੀ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਉਹ ਆਈਪੀਐੱਲ ਦੀ ਟੀਮ ਕੋਲਕਾਤਾ ਨਾਈਟ ਰਾਈਡਰਜ਼ ਨਾਲ ਨੈੱਟ ਗੇਂਦਬਾਜ਼ ਵਜੋਂ ਜੁੜਿਆ।
ਮੌਜੂਦਾ ਸੀਜ਼ਨ ’ਚ ਆਈਪੀਐੱਲ ਦੀ ਟੀਮ ਲਖਨਊ ਸੁਪਰ ਜਾਇੰਟਸ ਨੇ ਵੀ ਉਨ੍ਹਾਂ ਨੂੰ ਆਪਣੇ ਨਾਲ ਜੋੜਿਆ ਹੋਇਆ ਹੈ, ਜਿੱਥੇ ਉਹ ਅਭਿਆਸ ਗੇਂਦਬਾਜ਼ ਦੀ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਗਾ ਲਈ ਇਹ ਬਹੁਤ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਡੀਸੀਏ ਮੋਗਾ ਦੇ ਦੋ ਖਿਡਾਰੀ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲੇ ਦੌਰਾਨ ਭਾਰਤੀ ਟੀਮ ਨਾਲ ਅਭਿਆਸ ਗੇਂਦਬਾਜ਼ ਵਜੋਂ ਆਪਣੀਆਂ ਸੇਵਾਵਾਂ ਨਿਭਾਉਣਗੇ। ਇਹ ਦੋਵੇਂ ਖਿਡਾਰੀ 6 ਜੂਨ ਤੋਂ 10 ਜੂਨ 2026 ਤੱਕ ਨਿਊ ਚੰਡੀਗੜ੍ਹ ਦੇ ਮੁੱਲਾਂਪੁਰ ਸਟੇਡੀਅਮ ’ਚ ਭਾਰਤ ਅਤੇ ਅਫ਼ਗਾਨਿਸਤਾਨ ਵਿਚਾਲੇ ਖੇਡੇ ਜਾਣ ਵਾਲੇ ਟੈਸਟ ਮੈਚ ਦੌਰਾਨ ਭਾਰਤੀ ਟੀਮ ਨੂੰ ਅਭਿਆਸ ਸੈਸ਼ਨਾਂ ’ਚ ਸਹਿਯੋਗ ਦੇਣਗੇ।