- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਨਸਾ ’ਚ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਂਦੇ ਹੋਏ ਆਪਣੀ ਜਾਨ ਗਵਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਨੂੰ ਸ਼ਰਧਾਂਜਲੀ ਦੇਣ ਲਈ ਮੋਗਾ ਜ਼ਿਲ੍ਹੇ ਦੇ ਪਿੰਡ ਮਾਣੂੰਕੇ ਗਿੱਲ ਦੇ ਰਹਿਣ ਵਾਲੇ ਕਿਸਾਨ ਇਕਬਾਲ ਸਿੰਘ ਨੇ ਉਨ੍ਹਾਂ ਇੱਕ ਬੁੱਤ ਤਿਆਰ ਕੀਤਾ ਹੈ।

ਰਾਜਕੁਮਾਰ ਰਾਜੂ, ਜਾਗਰਣ, ਮੋਗਾ : ਮਾਨਸਾ ’ਚ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਂਦੇ ਹੋਏ ਆਪਣੀ ਜਾਨ ਗਵਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਨੂੰ ਸ਼ਰਧਾਂਜਲੀ ਦੇਣ ਲਈ ਮੋਗਾ ਜ਼ਿਲ੍ਹੇ ਦੇ ਪਿੰਡ ਮਾਣੂੰਕੇ ਗਿੱਲ ਦੇ ਰਹਿਣ ਵਾਲੇ ਕਿਸਾਨ ਇਕਬਾਲ ਸਿੰਘ ਨੇ ਉਨ੍ਹਾਂ ਇੱਕ ਬੁੱਤ ਤਿਆਰ ਕੀਤਾ ਹੈ। ਇਸ ਬੁੱਤ ਨੂੰ ਬਣਾਉਣ ਵਿੱਚ ਲਗਪਗ 72 ਘੰਟੇ ਲੱਗੇ ਅਤੇ ਇਸ 'ਤੇ 50,000 ਤੋਂ 60,000 ਰੁਪਏ ਦੇ ਕਰੀਬ ਖਰਚਾ ਆਇਆ। ਇਕਬਾਲ ਸਿੰਘ ਨੇ ਇਸ ਕਲਾਕ੍ਰਿਤੀ ਰਾਹੀਂ ਨਾ ਸਿਰਫ਼ ਪਰਵਿੰਦਰ ਸਿੰਘ ਝੋਟਾ ਨੂੰ ਸ਼ਰਧਾਂਜਲੀ ਦਿੱਤੀ ਹੈ, ਸਗੋਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਵੀ ਦੇਣ ਦੀ ਕੋਸ਼ਿਸ਼ ਕੀਤੀ ਹੈ।
ਆਰਟ ਗੈਲਰੀ ਵਿੱਚ ਰੱਖਿਆ ਜਾਵੇਗਾ ਬੁੱਤ
ਇਕਬਾਲ ਸਿੰਘ ਨੇ ਦੱਸਿਆ ਕਿ ਉਹ ਅਕਸਰ ਵੱਖ-ਵੱਖ ਉੱਘੀਆਂ ਸ਼ਖ਼ਸੀਅਤਾਂ ਦੇ ਬੁੱਤ ਬਣਾਉਂਦੇ ਰਹਿੰਦੇ ਹਨ। ਇਸ ਤੋਂ ਪਹਿਲਾਂ ਵੀ ਉਹ ਬਾਲੀਵੁੱਡ ਅਦਾਕਾਰ ਧਰਮਿੰਦਰ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸਮੇਤ ਕਈ ਨਾਮਵਰ ਹਸਤੀਆਂ ਦੇ ਬੁੱਤ ਬਣਾ ਚੁੱਕੇ ਹਨ। ਇਸ ਵਾਰ, ਉਨ੍ਹਾਂ ਨੇ ਪਰਵਿੰਦਰ ਸਿੰਘ ਝੋਟਾ ਦੇ ਯੋਗਦਾਨ ਅਤੇ ਨਸ਼ਿਆਂ ਦੀ ਅਲਾਮਤ ਵਿਰੁੱਧ ਉਨ੍ਹਾਂ ਦੀ ਲੜਾਈ ਨੂੰ ਸਨਮਾਨ ਦੇਣ ਲਈ ਉਨ੍ਹਾਂ ਦਾ ਬੁੱਤ ਬਣਾਉਣ ਦਾ ਫੈਸਲਾ ਕੀਤਾ।
ਉਨ੍ਹਾਂ ਦੱਸਿਆ ਕਿ ਇਸ ਬੁੱਤ ਨੂੰ ਮੁਕੰਮਲ ਕਰਨ ਲਈ ਉਨ੍ਹਾਂ ਨੇ ਅਣਥੱਕ ਮਿਹਨਤ ਕੀਤੀ, ਜਿਸ ਵਿੱਚ ਲਗਪਗ ਤਿੰਨ ਦਿਨ ਦਾ ਸਮਾਂ ਅਤੇ ਹਜ਼ਾਰਾਂ ਰੁਪਏ ਖਰਚ ਹੋਏ। ਉਨ੍ਹਾਂ ਅਨੁਸਾਰ, ਇਹ ਸਿਰਫ਼ ਇੱਕ ਬੁੱਤ ਨਹੀਂ ਹੈ, ਸਗੋਂ ਉਸ ਵਿਅਕਤੀ ਪ੍ਰਤੀ ਸਤਿਕਾਰ ਪ੍ਰਗਟ ਕਰਨ ਦਾ ਇੱਕ ਜ਼ਰੀਆ ਹੈ ਜਿਸਨੇ ਨਸ਼ਿਆਂ ਵਿਰੁੱਧ ਲੜਦਿਆਂ ਆਪਣੀ ਜਾਨ ਕੁਰਬਾਨ ਕਰ ਦਿੱਤੀ।
ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਚਾਉਣ ਦੀ ਇੱਕ ਕੋਸ਼ਿਸ਼
ਇਕਬਾਲ ਸਿੰਘ ਨੇ ਦੱਸਿਆ ਕਿ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪਰਵਿੰਦਰ ਸਿੰਘ ਝੋਟਾ ਨੂੰ 'ਸ਼ਹੀਦ' ਦਾ ਦਰਜਾ ਦਿੱਤਾ ਗਿਆ, ਤਾਂ ਉਹ ਖੁਦ ਵੀ ਸ਼ਰਧਾਂਜਲੀ ਦੇਣ ਲਈ ਪ੍ਰੇਰਿਤ ਹੋਏ। ਇਸੇ ਭਾਵਨਾ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੇ ਇਹ ਬੁੱਤ ਬਣਾਉਣ ਦਾ ਫੈਸਲਾ ਕੀਤਾ। ਉਨ੍ਹਾਂ ਦਾ ਮੰਨਣਾ ਹੈ ਕਿ ਪੰਜਾਬ ਵਿੱਚ, ਜਿੱਥੇ ਨਸ਼ਿਆਂ ਦੀ ਸਮੱਸਿਆ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ, ਉੱਥੇ ਨੌਜਵਾਨਾਂ ਨੂੰ ਸਹੀ ਦਿਸ਼ਾ ਦਿਖਾਉਣਾ ਅੱਜ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਆਪਣੇ ਭਵਿੱਖ ਤੇ ਆਪਣੇ ਪਰਿਵਾਰਾਂ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਣਾ ਚਾਹੀਦਾ ਹੈ। ਪਰਵਿੰਦਰ ਸਿੰਘ ਝੋਟਾ ਦੇ ਜੀਵਨ ਅਤੇ ਨਸ਼ਿਆਂ ਵਿਰੁੱਧ ਉਨ੍ਹਾਂ ਦੇ ਸੰਘਰਸ਼ 'ਤੇ ਗੌਰ ਕਰਨਾ ਨੌਜਵਾਨਾਂ ਨੂੰ ਸਮਾਜ ਦੀ ਬਿਹਤਰੀ ਲਈ ਅੱਗੇ ਆਉਣ ਵਾਸਤੇ ਪ੍ਰੇਰਿਤ ਕਰ ਸਕਦਾ ਹੈ।
ਇਕਬਾਲ ਸਿੰਘ ਅਨੁਸਾਰ, ਇਹ ਬੁੱਤ ਬਣਾਉਣ ਪਿੱਛੇ ਉਨ੍ਹਾਂ ਦਾ ਮਕਸਦ ਸਿਰਫ਼ ਸ਼ਰਧਾਂਜਲੀ ਦੇਣਾ ਹੀ ਨਹੀਂ, ਸਗੋਂ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਨਾ ਵੀ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਇਹ ਉਪਰਾਲਾ ਲੋਕਾਂ ਨੂੰ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਲਈ ਉਤਸ਼ਾਹਿਤ ਕਰੇਗਾ ਅਤੇ ਨੌਜਵਾਨਾਂ ਨੂੰ ਇਸ ਲਾਹਨਤ ਤੋਂ ਬਚਾਉਣ ਵਿੱਚ ਮਦਦ ਕਰੇਗਾ।