- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੋਟ ਈਸੇ ਖਾਂ ਦੇ ਚੀਮਾ ਰੋਡ ਸਥਿਤ ਸਾਧਾਂਵਾਲੀ ਬਸਤੀ ਨੇੜੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਨੇ ਸਮੁੱਚੇ ਇਲਾਕੇ ਨੂੰ ਝੰਜੋੜ ਕੇ ਰੱਖ ਦਿੱਤਾ। ਕੇਰੀ ਰੇਤਾ-ਬਜਰੀ ਨਾਲ ਲੱਦੀ ਟਰੈਕਟਰ-ਟਰਾਲੀ ਦੀ ਲਪੇਟ ਵਿਚ ਆਉਣ ਕਾਰਨ ਇਕ ਸਾਲ ਦੇ ਮਾਸੂਮ ਬੱਚੇ ਦਿਵਿਆਂਸ਼ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਗੁਰਦੇਵ ਮਨੇਸ, ਪੰਜਾਬੀ ਜਾਗਰਣ, ਕੋਟ ਈਸੇ ਖਾਂ : ਕੋਟ ਈਸੇ ਖਾਂ ਦੇ ਚੀਮਾ ਰੋਡ ਸਥਿਤ ਸਾਧਾਂਵਾਲੀ ਬਸਤੀ ਨੇੜੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਨੇ ਸਮੁੱਚੇ ਇਲਾਕੇ ਨੂੰ ਝੰਜੋੜ ਕੇ ਰੱਖ ਦਿੱਤਾ। ਕੇਰੀ ਰੇਤਾ-ਬਜਰੀ ਨਾਲ ਲੱਦੀ ਟਰੈਕਟਰ-ਟਰਾਲੀ ਦੀ ਲਪੇਟ ਵਿਚ ਆਉਣ ਕਾਰਨ ਇਕ ਸਾਲ ਦੇ ਮਾਸੂਮ ਬੱਚੇ ਦਿਵਿਆਂਸ਼ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਮੰਦਭਾਗੀ ਘਟਨਾ ਨਾਲ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਸਾਧਾਂਵਾਲੀ ਬਸਤੀ ਦਾ ਵਸਨੀਕ ਜਤੀਨ ਆਪਣੇ ਇਕ ਸਾਲ ਦੇ ਮਾਸੂਮ ਬੱਚੇ ਦਿਵਿਆਂਸ਼ ਨੂੰ ਵਾਕਰ ਵਿਚ ਬਿਠਾ ਕੇ ਬਸਤੀ ਦੀ ਗਲੀ ਨੇੜੇ ਸੜਕ ਕਿਨਾਰੇ ਖੜ੍ਹਾ ਸੀ। ਇਸੇ ਦੌਰਾਨ ਚੀਮਾ ਰੋਡ ਵੱਲੋਂ ਕੇਰੀ ਨਾਲ ਲੱਦੀ ਆ ਰਹੀ ਟਰੈਕਟਰ-ਟਰਾਲੀ ਨੇ ਵਾਕਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।
ਟੱਕਰ ਕਾਰਨ ਮਾਸੂਮ ਬੱਚਾ ਟਰੈਕਟਰ ਦੇ ਟਾਇਰ ਹੇਠਾਂ ਆ ਗਿਆ ਅਤੇ ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਦਾ ਮੰਜ਼ਰ ਇੰਨਾ ਦਰਦਨਾਕ ਸੀ ਕਿ ਮੌਕੇ ’ਤੇ ਮੌਜੂਦ ਲੋਕਾਂ ਦੇ ਦਿਲ ਕੰਬ ਗਏ। ਹਾਦਸੇ ਤੋਂ ਬਾਅਦ ਗੁੱਸੇ ਵਿਚ ਆਏ ਪਰਿਵਾਰਕ ਮੈਂਬਰਾਂ ਅਤੇ ਬਸਤੀ ਵਾਸੀਆਂ ਨੇ ਦੋਸ਼ ਲਾਇਆ ਕਿ ਟਰੈਕਟਰ ਚਾਲਕ ਨੇ ਕਥਿਤ ਤੌਰ ’ਤੇ ਨਸ਼ਾ ਕੀਤਾ ਹੋਇਆ ਸੀ ਅਤੇ ਉਸ ਦੀ ਲਾਪਰਵਾਹੀ ਕਾਰਨ ਇਹ ਭਾਣਾ ਵਾਪਰਿਆ।
ਲੋਕਾਂ ਨੇ ਪੁਲਿਸ ਕਾਰਵਾਈ ਪ੍ਰਤੀ ਅਸੰਤੁਸ਼ਟੀ ਜ਼ਾਹਰ ਕਰਦਿਆਂ ਕੋਟ ਈਸੇ ਖਾਂ ਦੇ ਮੁੱਖ ਚੌਂਕ ਵਿਚ ਰੋਸ ਧਰਨਾ ਲਗਾ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਚੌਂਕ ਦੇ ਚਾਰੇ ਪਾਸੇ ਆਵਾਜਾਈ ਰੋਕ ਕੇ ਰਸਤੇ ਜਾਮ ਕਰ ਦਿੱਤੇ, ਜਿਸ ਕਾਰਨ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ ਅਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਧਰਨੇ ਦੀ ਸੂਚਨਾ ਮਿਲਣ ’ਤੇ ਥਾਣਾ ਕੋਟ ਈਸੇ ਖਾਂ ਦੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ।
ਇਸ ਦੌਰਾਨ ਥਾਣਾ ਮੁਖੀ ਨੇ ਪਰਿਵਾਰਕ ਮੈਂਬਰਾਂ ਅਤੇ ਧਰਨਾਕਾਰੀਆਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਟਰੈਕਟਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਵਿਰੁੱਧ ਕਾਨੂੰਨ ਅਨੁਸਾਰ ਬਣਦੀ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਦਿੱਤੇ ਭਰੋਸੇ ਅਤੇ ਆਪਸੀ ਸਹਿਮਤੀ ਤੋਂ ਬਾਅਦ ਪਰਿਵਾਰ ਤੇ ਬਸਤੀ ਵਾਸੀਆਂ ਨੇ ਧਰਨਾ ਸਮਾਪਤ ਕਰ ਦਿੱਤਾ, ਜਿਸ ਉਪਰੰਤ ਆਵਾਜਾਈ ਮੁੜ ਬਹਾਲ ਹੋ ਗਈ। ਇਕ ਪਾਸੇ ਪਰਿਵਾਰ ਆਪਣੇ ਘਰ ਦੇ ਮਾਸੂਮ ਚਿਰਾਗ ਨੂੰ ਗੁਆਉਣ ਦੇ ਸਦਮੇ ਵਿਚ ਡੁੱਬਿਆ ਹੋਇਆ ਹੈ, ਉੱਥੇ ਹੀ ਇਸ ਹਾਦਸੇ ਨੇ ਸੜਕਾਂ ’ਤੇ ਭਾਰੀ ਵਾਹਨਾਂ ਦੀ ਲਾਪਰਵਾਹੀ ਅਤੇ ਆਵਾਜਾਈ ਸੁਰੱਖਿਆ ਪ੍ਰਬੰਧਾਂ ’ਤੇ ਵੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।