Moga News : ਜ਼ਿਲ੍ਹੇ 'ਚ ਦੇਰ ਸ਼ਾਮ ਆਈ ਹਲਕੀ ਬਾਰਿਸ਼ ਨੇ ਕਿਸਾਨਾਂ ਨੂੰ ਚਿੰਤਾ 'ਚ ਪਾਇਆ
ਮੰਗਲਵਾਰ ਦੀ ਸ਼ਾਮ ਆਈ ਹਲਕੀ ਬਾਰਿਸ਼ ਨੇ ਕਿਸਾਨਾਂ ਨੂੰ ਚਿੰਤਾ ਵਿਚ ਡੋਬ ਕੇ ਰੱਖ ਦਿੱਤਾ ਹੈ, ਅੰਬਰ ਵਿਚ ਚੜ੍ਹ ਆਈਆਂ ਕਾਲੀਆਂ ਘਟਾਵਾਂ ਨੇ ਪੰਜਾਬ ਦੇ ਕਿਸਾਨਾਂ ਤੇ ਚਿੰਤਾ ਦੀਆਂ ਲਕੀਰਾਂ ਨੂੰ ਹੋਰ ਗੂੜ੍ਹਾ ਕਰ ਦਿੱਤਾ ਹੈ।
Publish Date: Tue, 31 Mar 2026 07:44 PM (IST)
Updated Date: Tue, 31 Mar 2026 07:46 PM (IST)
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ : ਮੰਗਲਵਾਰ ਦੀ ਸ਼ਾਮ ਆਈ ਹਲਕੀ ਬਾਰਿਸ਼ ਨੇ ਕਿਸਾਨਾਂ ਨੂੰ ਚਿੰਤਾ ਵਿਚ ਡੋਬ ਕੇ ਰੱਖ ਦਿੱਤਾ ਹੈ, ਅੰਬਰ ਵਿਚ ਚੜ੍ਹ ਆਈਆਂ ਕਾਲੀਆਂ ਘਟਾਵਾਂ ਨੇ ਪੰਜਾਬ ਦੇ ਕਿਸਾਨਾਂ ਤੇ ਚਿੰਤਾ ਦੀਆਂ ਲਕੀਰਾਂ ਨੂੰ ਹੋਰ ਗੂੜ੍ਹਾ ਕਰ ਦਿੱਤਾ ਹੈ। ਮੌਸਮ ਵਿਭਾਗ ਵੱਲੋਂ ਅਗਲੇ ਦਿਨਾਂ ਤੱਕ ਦਿੱਤੀ ਤੇਜ਼ ਬਾਰਿਸ਼ ਅਤੇ ਹਲਕੀ ਗੜੇਮਾਰੀ ਨੇ ਕਿਸਾਨਾਂ ਨੂੰ ਫਿਰ ਤੋਂ ਫਿਕਰਾਂ ਵਿਚ ਪਾ ਦਿੱਤਾ ਹੈ। ਖ਼ਰਾਬ ਹੋਏ ਮੌਸਮ ਨੂੰ ਦੇਖਦਿਆਂ ਕਿਸਾਨਾਂ ਨੇ ਰੱਬ ਅੱਗੇ ਅਰਜੋਈਆਂ ਸ਼ੁਰੂ ਕਰ ਦਿੱਤੀਆਂ ਹਨ। ਆਲੂਆਂ ਦੀ ਫ਼ਸਲ ਨਾ ਵਿਕਣ ਕਾਰਨ ਪਹਿਲਾਂ ਤੋਂ ਹੀ ਨਿਰਾਸ਼ ਬੈਠੇ ਕਿਸਾਨਾਂ ਨੂੰ ਹੁਣ ਦੂਹਰੀ ਚਿੰਤਾ ਸਤਾਅ ਰਹੀ ਹੈ।
ਪੱਕੀ ਕਣਕ ਤੇ ਬਾਰਿਸ਼ ਪੈਂਦੀ ਹੈ ਤਾਂ ਨਹੀਂ ਪਵੇਗਾ ਕੁਝ ਵੀ ਪੱਲੇ : ਕਿਸਾਨ
ਮੋਗਾ ਦੇ ਨੌਜਵਾਨ ਕਿਸਾਨ ਕਰਮਜੀਤ ਸਿੰਘ, ਰਜਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਕਰਮ ਸਿੰਘ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਪਹਿਲਾਂ ਹੀ ਆਲੂਆਂ ਦੀ ਫ਼ਸਲ ਤੋਂ ਨਿਰਾਸ਼ ਬੈਠੇ ਹਨ, ਜੇਕਰ ਹੁਣ ਕਣਕ ਦੀ ਫ਼ਸਲ ਤੇ ਬਾਰਿਸ਼ ਨਾਲ ਗੜੇਮਾਰੀ ਹੁੰਦੀ ਹੈ ਤਾਂ ਕਿਸਾਨਾਂ ਦੇ ਪੱਲੇ ਸਿਵਾਏ ਨਿਰਾਸ਼ਾ ਦੇ ਕੁਝ ਵੀ ਨਹੀਂ ਪੈਣਾ। ਅਸਮਾਨ ਵੱਲ ਸਾਏ ਕਾਲੇ ਬੱਦਲ ਅਤੇ ਗਰਜ਼ ਰਹੇ ਅਸਮਾਨ ਨਾਲ ਕਿਸਾਨਾਂ ਨੂੰ ਹੋਰ ਚਿੰਤਾ ਸਤਾਅ ਰਹੀ ਹੈ, ਕਿਧਰੇ ਮੌਸਮ ਵਿਗੜ ਗਿਆ ਤਾਂ ਕਿਸਾਨਾਂ ਨੂੰ ਹੋਰ ਮੰਦਹਾਲੀ ਵੱਲ ਧੱਕ ਦੇਵੇਗਾ। ਉਨ੍ਹਾਂ ਕਿਹਾ ਕਿ ਹੁਣ ਤਾਂ ਰੱਬ ਗਿਣਵੇਂ ਚੁਣਵੇਂ ਦਿਨ ਹੋਰ ਦੇ ਦਵੇ ਤਾਂ ਜੋ ਕਣਕ ਦੀ ਫ਼ਸਲ ਨੂੰ ਸਾਂਭਿਆਂ ਜਾ ਸਕੇ।
ਅਗਲੇ ਦੋ ਦਿਨਾਂ ਤੱਕ ਮੌਸਮ ਖ਼ਰਾਬ ਦੀ ਚਿਤਾਵਨੀ
ਮੌਸਮ ਮਾਹਿਰਾਂ ਵੱਲੋਂ ਅਗਲੇ ਦੋ ਦਿਨਾਂ ਤੱਕ ਮੌਸਮ ਖ਼ਰਾਬ ਦੀ ਦਿੱਤੀ ਚਿਤਾਵਨੀ ਨੇ ਕਿਸਾਨਾਂ ਨੂੰ ਚਿੰਤਾ ਵਿਚ ਡੋਬ ਦਿੱਤਾ ਹੈ, ਦੇਰ ਸ਼ਾਮ ਆਈਆਂ ਕਾਲੀਆਂ ਘਟਾਵਾਂ ਨਾਲ ਹਲਕੀ ਬਾਰਿਸ਼ ਨੇ ਖੇਤਾਂ ਵਿਚ ਖੜੀ ਕਣਕ ਦੀ ਫ਼ਸਲ ਨੂੰ ਨੁਕਸਾਨ ਦੀ ਸੰਭਾਵਨਾ ਜਿਤਾ ਦਿੱਤੀ ਹੈ। ਜ਼ਿਲ੍ਹੇ ਦੇ ਲਾਗਲੇ ਇਲਾਕਿਆਂ ਵਿਚ ਬਾਰਿਸ਼ ਨਾਲ ਹੋਈ ਹਲਕੀ ਗੜੇਮਾਰੀ ਦੀਆਂ ਖਬਰਾਂ ਨਾਲ ਕਿਸਾਨਾਂ ਨੂੰ ਕਣਕ ਦਾ ਫ਼ਿਕਰ ਲੱਗ ਗਿਆ ਹੈ। ਕਿਸਾਨ ਖੇਤਾਂ ਵਿਚ ਸੋਨੇ ਰੰਗੀ ਹੋਈ ਕਣਕ ਦੀ ਫ਼ਸਲ ਨੂੰ ਦੇਖ ਰੱਬ ਅੱਗੇ ਅਰਦਾਸਾਂ ਕਰਦੇ ਨਜ਼ਰ ਆ ਰਹੇ ਹਨ।