- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੌਸਮ ’ਚ ਲਗਾਤਾਰ ਆ ਰਹੇ ਬਦਲਾਅ ਅਤੇ ਵਾਤਾਵਰਣ ’ਚ ਬਣ ਰਹੀਆਂ ਵੱਖ-ਵੱਖ ਸਥਿਤੀਆਂ ਦੇ ਵਿਚਕਾਰ ਝੋਨੇ ਦੀ ਫਸਲ ’ਤੇ ਪੱਤਾ ਲਪੇਟ ਸੁੰਡੀ ਦਾ ਹਮਲਾ ਜ਼ੋਰ ਫੜਦਾ ਜਾ ਰਿਹਾ ਹੈ। ਮੋਗਾ ਜ਼ਿਲ੍ਹੇ ਦੇ ਕਈ ਇਲਾਕਿਆਂ ’ਚ ਝੋਨੇ ਦੇ ਖੇਤਾਂ ਵਿਚ ਪੱਤਾ ਲਪੇਟ ਸੁੰਡੀ ਦੇ ਹਮਲੇ ਕਾਰਨ ਫ਼ਸਲ ਪ੍ਰਭਾਵਿਤ ਹੋਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ।

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ : ਮੌਸਮ ’ਚ ਲਗਾਤਾਰ ਆ ਰਹੇ ਬਦਲਾਅ ਅਤੇ ਵਾਤਾਵਰਣ ’ਚ ਬਣ ਰਹੀਆਂ ਵੱਖ-ਵੱਖ ਸਥਿਤੀਆਂ ਦੇ ਵਿਚਕਾਰ ਝੋਨੇ ਦੀ ਫਸਲ ’ਤੇ ਪੱਤਾ ਲਪੇਟ ਸੁੰਡੀ ਦਾ ਹਮਲਾ ਜ਼ੋਰ ਫੜਦਾ ਜਾ ਰਿਹਾ ਹੈ। ਮੋਗਾ ਜ਼ਿਲ੍ਹੇ ਦੇ ਕਈ ਇਲਾਕਿਆਂ ’ਚ ਝੋਨੇ ਦੇ ਖੇਤਾਂ ਵਿਚ ਪੱਤਾ ਲਪੇਟ ਸੁੰਡੀ ਦੇ ਹਮਲੇ ਕਾਰਨ ਫ਼ਸਲ ਪ੍ਰਭਾਵਿਤ ਹੋਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਅਚਾਨਕ ਵਧੇ ਇਸ ਹਮਲੇ ਨੇ ਝੋਨਾ ਪੈਦਾ ਕਰਨ ਵਾਲੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਕਿਸਾਨਾਂ ਵੱਲੋਂ ਫ਼ਸਲ ਨੂੰ ਬਚਾਉਣ ਲਈ ਖੇਤਾਂ ਵਿਚ ਲਗਾਤਾਰ ਨਿਗਰਾਨੀ ਕਰਨ ਦੇ ਨਾਲ-ਨਾਲ ਕੀਟਨਾਸ਼ਕ ਦਵਾਈਆਂ ਦੇ ਸਪਰੇਅ ਕੀਤੇ ਜਾ ਰਹੇ ਹਨ।
ਜਾਣਕਾਰੀ ਅਨੁਸਾਰ ਪਿਛਲੇ ਕੁੱਝ ਦਿਨਾਂ ਤੋਂ ਝੋਨੇ ਦੇ ਖੇਤਾਂ ਵਿਚ ਪੱਤਾ ਲਪੇਟ ਸੁੰਡੀ ਦਾ ਹਮਲਾ ਵੱਡੇ ਪੱਧਰ ’ਤੇ ਦਿਖਾਈ ਦੇ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਮੁਕਾਬਲਤਨ ਫ਼ਸਲ ਠੀਕ ਚੱਲ ਰਹੀ ਸੀ ਪਰ ਕੁੱਝ ਹੀ ਦਿਨਾਂ ਵਿਚ ਕਈ ਖੇਤਾਂ ਵਿਚ ਪੱਤੇ ਲਪੇਟੇ ਹੋਏ ਅਤੇ ਸੁੱਕੇ ਹੋਏ ਨਜ਼ਰ ਆਉਣ ਲੱਗੇ। ਹਮਲੇ ਕਾਰਨ ਝੋਨੇ ਦੇ ਪੱਤਿਆਂ ’ਤੇ ਨੁਕਸਾਨ ਦੇ ਨਿਸ਼ਾਨ ਦਿਖਾਈ ਦੇ ਰਹੇ ਹਨ ਅਤੇ ਕਈ ਥਾਵਾਂ ’ਤੇ ਪੱਤੇ ਉਪਰੋਂ ਸੁੱਕ ਕੇ ਪਰਾਲੀ ਵਰਗੇ ਦਿਖਾਈ ਦੇਣ ਲੱਗੇ ਹਨ।
ਪੀਆਰ ਕਿਸਮਾਂ ’ਚ ਵਧੇਰੇ ਹਮਲਾ ਹੋਣ ਦਾ ਕਿਸਾਨਾਂ ਦਾ ਦਾਅਵਾ
ਕਿਸਾਨਾਂ ਅਨੁਸਾਰ ਝੋਨੇ ਦੀਆਂ ਪੀਆਰ ਕਿਸਮਾਂ ’ਚ ਪੱਤਾ ਲਪੇਟ ਸੁੰਡੀ ਦਾ ਹਮਲਾ ਵਧੇਰੇ ਦੇਖਣ ਨੂੰ ਮਿਲ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਹਮਲਾ ਕੁੱਝ ਖੇਤਾਂ ਤੱਕ ਸੀਮਤ ਨਾ ਰਹਿ ਕੇ ਵੱਖ-ਵੱਖ ਇਲਾਕਿਆਂ ਵਿਚ ਨਜ਼ਰ ਆ ਰਿਹਾ ਹੈ। ਇਸ ਕਾਰਨ ਕਿਸਾਨਾਂ ਨੂੰ ਆਪਣੀ ਫ਼ਸਲ ਦੀ ਲਗਾਤਾਰ ਨਿਗਰਾਨੀ ਕਰਨੀ ਪੈ ਰਹੀ ਹੈ। ਜਿੱਥੇ ਵੀ ਪੱਤੇ ਲਪੇਟੇ ਜਾਂ ਸੁੱਕੇ ਹੋਏ ਦਿਖਾਈ ਦਿੰਦੇ ਹਨ, ਉੱਥੇ ਕਿਸਾਨ ਫ਼ਸਲ ਨੂੰ ਬਚਾਉਣ ਲਈ ਤੁਰੰਤ ਉਪਰਾਲੇ ਕਰ ਰਹੇ ਹਨ।
ਇਸ ਮੌਕੇ ਕਿਸਾਨ ਸਤਨਾਮ ਸਿੰਘ ਕਪੂਰੇ, ਲਖਵਿੰਦਰ ਸਿੰਘ ਅਤੇ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿਚ ਪੀਆਰ ਕਿਸਮਾਂ ਦੇ ਝੋਨੇ ’ਤੇ ਪੱਤਾ ਲਪੇਟ ਸੁੰਡੀ ਦਾ ਹਮਲਾ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁੰਡੀ ਦੇ ਹਮਲੇ ਕਾਰਨ ਪੱਤੇ ਲਪੇਟੇ ਜਾਣ ਤੋਂ ਬਾਅਦ ਸੁੱਕਣ ਲੱਗ ਜਾਂਦੇ ਹਨ, ਜਿਸ ਨਾਲ ਫ਼ਸਲ ਦੀ ਹਾਲਤ ਨੂੰ ਲੈ ਕੇ ਕਿਸਾਨਾਂ ਵਿਚ ਚਿੰਤਾ ਪੈਦਾ ਹੋ ਰਹੀ ਹੈ। ਕਿਸਾਨਾਂ ਨੇ ਦੱਸਿਆ ਕਿ ਫ਼ਸਲ ਨੂੰ ਕਿਸੇ ਵੀ ਸੰਭਾਵਿਤ ਨੁਕਸਾਨ ਤੋਂ ਬਚਾਉਣ ਲਈ ਉਨ੍ਹਾਂ ਵੱਲੋਂ ਖੇਤੀਬਾੜੀ ਮਾਹਿਰਾਂ ਦੀ ਸਲਾਹ ਲੈ ਕੇ ਦਵਾਈਆਂ ਦਾ ਸਪਰੇਅ ਕੀਤਾ ਜਾ ਰਿਹਾ ਹੈ। ਹਾਲਾਂਕਿ ਕਈ ਕਿਸਾਨਾਂ ਦਾ ਕਹਿਣਾ ਹੈ ਕਿ ਕੀਟਨਾਸ਼ਕ ਦਵਾਈਆਂ ਦੀਆਂ ਕੀਮਤਾਂ ਪਹਿਲਾਂ ਹੀ ਕਾਫੀ ਹਨ, ਜਿਸ ਕਾਰਨ ਫਸਲ ’ਤੇ ਵਾਧੂ ਸਪਰੇਅ ਕਰਨ ਨਾਲ ਖੇਤੀ ਲਾਗਤ ਵਿੱਚ ਹੋਰ ਵਾਧਾ ਹੋ ਰਿਹਾ ਹੈ।
ਫਸਲ ਦੇ ਝਾੜ ਨੂੰ ਲੈ ਕੇ ਕਿਸਾਨਾਂ ਨੂੰ ਸਤਾਉਣ ਲੱਗਾ ਡਰ
ਝੋਨੇ ਦੀ ਫਸਲ ’ਤੇ ਹੋ ਰਹੇ ਹਮਲੇ ਨੇ ਕਿਸਾਨਾਂ ਨੂੰ ਇਸ ਗੱਲ ਲਈ ਵੀ ਚਿੰਤਤ ਕਰ ਦਿੱਤਾ ਹੈ ਕਿ ਜੇਕਰ ਸੁੰਡੀ ਦਾ ਹਮਲਾ ਲਗਾਤਾਰ ਵਧਦਾ ਰਿਹਾ ਤਾਂ ਇਸ ਦਾ ਫ਼ਸਲ ਦੇ ਝਾੜ ’ਤੇ ਕੀ ਪ੍ਰਭਾਵ ਪਵੇਗਾ। ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਦੀ ਫ਼ਸਲ ਉਨ੍ਹਾਂ ਦੀ ਸਾਲ ਭਰ ਦੀ ਮਿਹਨਤ ਅਤੇ ਆਮਦਨ ਦਾ ਵੱਡਾ ਸਹਾਰਾ ਹੈ, ਇਸ ਲਈ ਫਸਲ ’ਚ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਜਾਂ ਕੀਟ ਦਾ ਹਮਲਾ ਉਨ੍ਹਾਂ ਲਈ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ। ਕਈ ਕਿਸਾਨਾਂ ਨੇ ਦੱਸਿਆ ਕਿ ਉਹ ਸਵੇਰ ਤੋਂ ਸ਼ਾਮ ਤੱਕ ਖੇਤਾਂ ਵਿਚ ਫਸਲ ਦੀ ਸਥਿਤੀ ਦੇਖ ਰਹੇ ਹਨ ਅਤੇ ਜਿੱਥੇ ਹਮਲਾ ਦਿਖਾਈ ਦੇ ਰਿਹਾ ਹੈ, ਉੱਥੇ ਉਸ ਦੀ ਰੋਕਥਾਮ ਲਈ ਉਪਰਾਲੇ ਕੀਤੇ ਜਾ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਖੇਤੀਬਾੜੀ ਵਿਭਾਗ ਵੱਲੋਂ ਸਹੀ ਮਾਰਗਦਰਸ਼ਨ ਮਿਲੇ ਤਾਂ ਇਸ ਸਮੱਸਿਆ ਨੂੰ ਕਾਬੂ ਕਰਨ ’ਚ ਮਦਦ ਮਿਲ ਸਕਦੀ ਹੈ।
ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਨਾ ਘਬਰਾਉਣ ਦੀ ਸਲਾਹ
ਦੂਜੇ ਪਾਸੇ ਖੇਤੀਬਾੜੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੱਤਾ ਲਪੇਟ ਸੁੰਡੀ ਦਾ ਹਮਲਾ ਦਿਖਾਈ ਦੇਣ ’ਤੇ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਵਿਭਾਗੀ ਅਧਿਕਾਰੀਆਂ ਅਨੁਸਾਰ ਇਸ ਹਮਲੇ ਕਾਰਨ ਹਰ ਸਥਿਤੀ ਵਿੱਚ ਫਸਲ ਦੇ ਝਾੜ ’ਤੇ ਵੱਡਾ ਪ੍ਰਭਾਵ ਪੈਣਾ ਜ਼ਰੂਰੀ ਨਹੀਂ ਹੈ। ਇਸ ਲਈ ਕਿਸਾਨਾਂ ਨੂੰ ਬਿਨ੍ਹਾਂ ਲੋੜ ਤੋਂ ਮਹਿੰਗੀਆਂ ਦਵਾਈਆਂ ਦੇ ਸਪਰੇਅ ਕਰਨ ਤੋਂ ਬਚਣਾ ਚਾਹੀਦਾ ਹੈ ਅਤੇ ਕਿਸੇ ਵੀ ਕੀਟਨਾਸ਼ਕ ਦੀ ਵਰਤੋਂ ਖੇਤੀਬਾੜੀ ਮਾਹਿਰਾਂ ਦੀ ਸਲਾਹ ਅਨੁਸਾਰ ਹੀ ਕਰਨੀ ਚਾਹੀਦੀ ਹੈ। ਖੇਤੀਬਾੜੀ ਵਿਭਾਗ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਿਸਾਨ ਆਪਣੇ ਖੇਤਾਂ ਦੀ ਨਿਯਮਤ ਨਿਗਰਾਨੀ ਕਰਨ ਅਤੇ ਫ਼ਸਲ ’ਤੇ ਕੀਟ ਦੇ ਹਮਲੇ ਦੀ ਸਥਿਤੀ ਸਪੱਸ਼ਟ ਹੋਣ ਤੋਂ ਬਾਅਦ ਹੀ ਲੋੜੀਂਦੇ ਕਦਮ ਚੁੱਕਣ। ਬੇਲੋੜੇ ਸਪਰੇਅ ਨਾਲ ਕਿਸਾਨਾਂ ਦਾ ਖਰਚਾ ਵਧਣ ਦੇ ਨਾਲ ਵਾਤਾਵਰਣ ’ਤੇ ਵੀ ਪ੍ਰਭਾਵ ਪੈ ਸਕਦਾ ਹੈ।
ਕਿਸਾਨਾਂ ਨੇ ਖੇਤੀ ਮਾਹਿਰਾਂ ਦੀਆਂ ਟੀਮਾਂ ਭੇਜਣ ਦੀ ਕੀਤੀ ਮੰਗ
ਕਿਸਾਨਾਂ ਨੇ ਖੇਤੀਬਾੜੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਜਿੰਨ੍ਹਾਂ ਇਲਾਕਿਆਂ ਵਿਚ ਪੱਤਾ ਲਪੇਟ ਸੁੰਡੀ ਦਾ ਹਮਲਾ ਦੇਖਣ ਨੂੰ ਮਿਲ ਰਿਹਾ ਹੈ, ਉੱਥੇ ਵਿਭਾਗ ਦੀਆਂ ਟੀਮਾਂ ਭੇਜ ਕੇ ਖੇਤਾਂ ਦਾ ਨਿਰੀਖਣ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੌਕੇ ’ਤੇ ਜਾ ਕੇ ਫ਼ਸਲ ਦੀ ਸਥਿਤੀ ਦੇਖਦਿਆਂ ਸਹੀ ਦਵਾਈ, ਸਪਰੇਅ ਦੀ ਮਾਤਰਾ ਅਤੇ ਸਮੇਂ ਸਬੰਧੀ ਜਾਣਕਾਰੀ ਦਿੱਤੀ ਜਾਵੇ। ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਦੀ ਫਸਲ ਇਸ ਸਮੇਂ ਮਹੱਤਵਪੂਰਨ ਪੜਾਅ ’ਤੇ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਾਲ ਫ਼ਸਲ ਨੂੰ ਨੁਕਸਾਨ ਹੋ ਸਕਦਾ ਹੈ। ਇਸ ਲਈ ਵਿਭਾਗ ਅਤੇ ਕਿਸਾਨਾਂ ਵਿਚਕਾਰ ਬਿਹਤਰ ਤਾਲਮੇਲ ਬਣਾਉਣਾ ਜ਼ਰੂਰੀ ਹੈ ਤਾਂ ਜੋ ਪੱਤਾ ਲਪੇਟ ਸੁੰਡੀ ਦੇ ਹਮਲੇ ਨੂੰ ਸਮੇਂ ਸਿਰ ਕਾਬੂ ਕੀਤਾ ਜਾ ਸਕੇ ਅਤੇ ਕਿਸਾਨਾਂ ਨੂੰ ਬੇਲੋੜੇ ਖਰਚੇ ਤੋਂ ਵੀ ਰਾਹਤ ਮਿਲ ਸਕੇ।