
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮਾਲਵੇ ਦੇ ਇਤਿਹਾਸਕ ਪਿੰਡ ਤਖਤੂਪੁਰਾ ਸਾਹਿਬ ਵਿਖੇ ਇਕ ਕਿਸਾਨ ਦੇ ਖੇਤ ਵਿਚ ਰਾਤ ਸਮੇਂ ਇੱਕ ਗੱਡੀ ਅਤੇ ਟਰੱਕ ਰਾਹੀਂ ਕਿਸਾਨ ਦਾ ਖੇਤੀ ਟਰਾਂਸਫਾਰਮਰ ਅਤੇ ਤਾਰਾਂ ਚੋਰੀ ਕੀਤੇ ਜਾਣ ਦੀ ਅਸਫਲ ਘਟਨਾ ਤੋਂ ਬਾਅਦ ਲੋਕਾਂ ਨੂੰ ਪਤਾ ਲੱਗਣ ਤੇ ਚੋਰ ਟਰੱਕ ਅਤੇ ਕਾਰ ਨੂੰ ਛੱਡ ਕੇ ਫਰਾਰ ਹੋ ਗਏ।

ਮਨਪ੍ਰੀਤ ਸਿੰਘ ਮੱਲੇਆਣਾ 0 ਪੰਜਾਬੀ ਜਾਗਰਣ, ਨਿਹਾਲ ਸਿੰਘ ਵਾਲਾ : ਮਾਲਵੇ ਦੇ ਇਤਿਹਾਸਕ ਪਿੰਡ ਤਖਤੂਪੁਰਾ ਸਾਹਿਬ ਵਿਖੇ ਇਕ ਕਿਸਾਨ ਦੇ ਖੇਤ ਵਿਚ ਰਾਤ ਸਮੇਂ ਇੱਕ ਗੱਡੀ ਅਤੇ ਟਰੱਕ ਰਾਹੀਂ ਕਿਸਾਨ ਦਾ ਖੇਤੀ ਟਰਾਂਸਫਾਰਮਰ ਅਤੇ ਤਾਰਾਂ ਚੋਰੀ ਕੀਤੇ ਜਾਣ ਦੀ ਅਸਫਲ ਘਟਨਾ ਤੋਂ ਬਾਅਦ ਲੋਕਾਂ ਨੂੰ ਪਤਾ ਲੱਗਣ ਤੇ ਚੋਰ ਟਰੱਕ ਅਤੇ ਕਾਰ ਨੂੰ ਛੱਡ ਕੇ ਫਰਾਰ ਹੋ ਗਏ।
ਪੀੜਤ ਕਿਸਾਨ ਹਰਜਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਸੈਦੋਕੇ ਨੇ ਦੱਸਿਆ ਕਿ ਉਸ ਨੇ ਗੁਰਦੇਵ ਸਿੰਘ ਵਾਸੀ ਤਖਤੂਪੁਰਾ ਦੀ ਨੌ ਕਿੱਲੇ ਜਮੀਨ ਠੇਕੇ ਤੇ ਲਈ ਹੋਈ ਹੈ।
ਲੰਘੀ ਰਾਤ ਚੋਰ ਗਰੋਹ ਵੱਲੋਂ ਉਸ ਦਾ ਟਰਾਂਸਫਾਰਮਰ ਅਤੇ ਮਹਿੰਗੀਆਂ ਕੇਬਲ ਤਾਰਾਂ ਚੋਰੀ ਕਰਨ ਲਈ ਇੱਕ ਗੱਡੀ ਅਤੇ ਟਰੱਕ ਰਾਹੀਂ ਉਸ ਦੇ ਖੇਤੀ ਮੋਟਰ ਤੇ ਧਾਵਾ ਬੋਲਿਆ ਜਿਸ ਤੋਂ ਬਾਅਦ ਉਹਨਾਂ ਦੀ ਗੱਡੀ ਅਤੇ ਟਰੱਕ ਖੇਤ ਵਾਲੀ ਪਹੀ ਵਿਚ ਖੁਭ ਗਏ ਜਿਸ ਨੂੰ ਉਹਨਾਂ ਨੇ ਕੱਢਣ ਦੀ ਅਸਫਲ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕੇ ਜਿਸ ਤੋਂ ਬਾਅਦ ਉਹ ਦੋਨੋਂ ਵਹੀਕਲ ਉਥੋਂ ਛੱਡ ਕੇ ਫਰਾਰ ਹੋ ਗਏ।
ਪੁਲਿਸ ਚੌਕੀ ਬਿਲਾਸਪੁਰ ਵੱਲੋਂ ਚੌਂਕੀ ਇੰਚਾਰਜ ਜਸਵੰਤ ਸਿੰਘ ਸਰਾਂ ਦੀ ਅਗਵਾਈ ਵਿਚ ਘਟਨਾ ਦੀ ਡੁੰਘਾਈ ਨਾਲ ਪੜਤਾਲ ਕਰਦੇ ਹੋਏ ਤਿੰਨ ਵਿਅਕਤੀਆਂ ਨੂੰ ਨਾਮਜ਼ਦ ਕਰਦਿਆਂ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਚੌਕੀ ਇੰਚਾਰਜ ਜਸਵੰਤ ਸਿੰਘ ਸਰਾਂ ਨੇ ਦੱਸਿਆ ਕਿ ਇਸ ਮਾਮਲੇ ਵਿਚ ਲਵਪ੍ਰੀਤ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਅਲਕੜਾ, ਜਸਦੀਪ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਖੋਟੇ, ਵਕੀਲ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਗੋਨਿਆਣਾ ਨੂੰ ਨਾਮਜ਼ਦ ਕੀਤਾ ਗਿਆ ਹੈ ਜਿਨਾਂ ਵਿਚੋਂ ਲਵਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
ਚੌਕੀ ਇੰਚਾਰਜ ਜਸਵੰਤ ਸਿੰਘ ਸਰਾਂ ਨੇ ਦੱਸਿਆ ਕਿ ਗਿਰਫਤਾਰ ਲਵਪ੍ਰੀਤ ਸਿੰਘ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਉਸ ਤੋਂ ਅਗਲੇਰੀ ਪੁੱਛਗਿਛ ਕੀਤੀ ਜਾਵੇਗੀ। ਪਤਾ ਲੱਗਾ ਹੈ ਕਿ ਇਹ ਵੱਡਾ ਚੋਰ ਗਰੋਹ ਕਈ ਜਿਲਿਆਂ ਵਿਚ ਸਰਗਰਮ ਹੈ ਜਿਸ ਤੇ ਪਹਿਲਾਂ ਵੀ ਵੱਖ ਵੱਖ ਥਾਣਿਆਂ ਵਿਚ ਪਰਚੇ ਦਰਜ ਹੋ ਚੁੱਕੇ ਹਨ ਪਰ ਇਸ ਚੋਰ ਗਰੋਹ ਨੇ ਕਿਸਾਨਾਂ ਦੇ ਨੱਕ ਵਿਚ ਦਮ ਕੀਤਾ ਹੋਇਆ।