ਜ਼ਿਲ੍ਹਾ ਮੋਗਾ ਦਾ ਡਰੇਨ ਵਿਭਾਗ ਜਾਗਿਆ, ਚੰਦ ਭਾਨ ਡਰੇਨ ਦੀ ਸਫ਼ਾਈ ਸ਼ੁਰੂ ਜ਼ਿਲ੍ਹਾ ਮੋਗਾ ‘ਚ ਦਰਜਨਾਂ ਬਰਸਾਤੀ ਨਾਲੇ
Publish Date: Tue, 14 Jul 2026 04:54 PM (IST)
Updated Date: Wed, 15 Jul 2026 04:01 AM (IST)
ਸਹੀ ਤਰੀਕੇ ਨਾਲ ਨਹੀਂ ਹੋ ਰਹੀ ਸਫਾਈ : ਕਿਸਾਨ, ਪਿਛਲੇ ਵਰ੍ਹੇ ਹੋਈ ਓਵਰ ਫਲੋਅ ਡਰੇਨ ਕਾਰਨ ਸੈਂਕੜੇ ਕਿਸਾਨਾਂ ਦੀ ਫਸਲ ਦਾ ਹੋਇਆ ਸੀ ਨੁਕਸਾਨ ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ : ਜ਼ਿਲ੍ਹਾ ਮੋਗਾ ‘ਚ ਦਰਜਨਾਂ ਬਰਸਾਤੀ ਨਾਲੇ ਲੰਘ ਰਹੇ ਹਨ ਜੋ ਸਫਾਈ ਪੱਖੋਂ ਵਿਹੂਣੇ ਹੋਣ ਕਾਰਨ ਕਿਸਾਨਾਂ ਨੂੰ ਹੜ੍ਹਾਂ ਦੀ ਸਥਿਤੀ ਦੌਰਾਨ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ, ਪਿਛਲੇ ਵਰ੍ਹੇ ਵੀ ਜ਼ਿਲ੍ਹੇ ਦੀਆਂ ਕਈ ਡਰੇਨਾ ਦੀ ਸਫਾਈ ਨਾ ਹੋਣ ਕਾਰਨ ਬਾਰਿਸ਼ਾਂ ਦੇ ਦਿਨਾਂ ਵਿਚ ਕਿਸਾਨਾਂ ਲਈ ਆਫ਼ਤ ਲੈ ਕਿ ਆਈਆਂ ਅਤੇ ਕਿਸਾਨਾਂ ਦੀ ਸੈਂਕੜੇ ਏਕੜ ਝੋਨੇ ਦੀ ਫਸਲ ਨੂੰ ਆਪਣੀ ਮਾਰ ਹੇਠ ਲੈ ਲਿਆ ਸੀ। ਇਸ ਵਰ੍ਹੇ ਵੀ ਖ਼ਬਰਾਂ ਨਸਰ ਹੋਣ ਤੋਂ ਬਆਦ ਡਰੇਨ ਵਿਭਾਗ ਨੇ ਕੁਝ ਥਾਂਵਾਂ ਦੇ ਡਰੇਨਾਂ ਦੀ ਸਫਾਈ ਸ਼ੁਰੂ ਕੀਤੀ ਹੈ ਪਰ ਬਹੁਤੀਆਂ ਡਰੇਨਾਂ ਅਜੇ ਵੀ ਸਫਾਈ ਪੱਖੋਂ ਊਣੀਆਂ ਹਨ। ਲੁਧਿਆਣਾ ਜ਼ਿਲ੍ਹੇ ਦੇ ਕਸਬਾ ਸੁਧਾਰ ਤੋਂ ਚੱਲ ਰਹੀ ਇਹ ਡਰੇਨ ਮੋਗਾ ਜ਼ਿਲ੍ਹੇ ਦੇ ਦਰਜਨਾਂ ਪਿੰਡਾਂ ਵਿਚ ਦੀ ਹੁੰਦੀ ਹੋਈ ਅੱਗੇ ਬਠਿੰਡਾਂ ਦੇ ਭਗਤਾ ਭਾਈ ਅਤੇ ਤੋਂ ਅੱਗੇ ਤੱਕ ਜਾਂਦੀ ਹੈ। ਇਸ ਡਰੇਨ ਦੀ ਸਫਾਈ ਨਾ ਹੋਣ ਕਾਰਨ ਪਿਛਲੇ ਵਰ੍ਹੇ ਰਸੂਲਪੁਰ, ਮੱਲੇਆਣਾ ਅਤੇ ਲੋਪੋਂ ਆਦਿ ਕਈ ਪਿੰਡਾਂ ਵਿਚ ਜਿਆਦਾ ਬਾਰਿਸ਼ਾਂ ਹੋਣ ਕਾਰਨ ਓਵਰ ਫਲੋਅ ਹੁੰਦੀ ਹੋਈ ਕਿਸਾਨਾਂ ਦੇ ਖੇਤਾਂ ਵਿਚ ਲੱਗੀ ਝੋਨੇ ਦੀ ਫਸਲ ਨੂੰ ਬਰਬਾਦ ਕਰ ਚੁੱਕੀ ਹੈ। ਇਹ ਡਰੇਨ ਆਏ ਸਾਲ ਬਾਰਿਸ਼ਾਂ ਦੇ ਦਿਨਾਂ ਵਿਚ ਕਿਸਾਨਾਂ ਲਈ ਕਿਸੇ ਆਫ਼ਤ ਤੋਂ ਘੱਟ ਨਹੀਂ ਹੈ। ਮੱਲੇਆਣਾ ਦੇ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਹੋਈ ਸੀ ਬਰਬਾਦ : ਕਿਸਾਨ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਬੇਅੰਤ ਸਿੰਘ ਮੱਲੇਆਣਾ, ਕਮਲਜੀਤ ਸਿੰਘ ਅਤੇ ਕੁਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਪਿਛਲੇ ਵਰ੍ਹੇ ਜੁਲਾਈ ਵਿਚ ਆਈ ਭਾਰੀ ਬਾਰਿਸ਼ ਕਾਰਨ ਡਰੇਨ ਓਵਰ ਫੋਲਅ ਹੋਣ ਕਾਰਨ ਤਿਆਰ ਹੋਈ ਝੋਨੇ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਸੀ ਅਤੇ ਕਿਸਾਨਾਂ ਨੂੰ ਦੂਹਰਾ ਖਰਚ ਕਰਕੇ ਆਪਣੀ ਝੋਨੇ ਦੀ ਫਸਲ ਨੂੰ ਮੁੜ ਤੋਂ ਲਗਾਉਣਾ ਪਿਆ ਸੀ। ਉਨ੍ਹਾਂ ਦੱਸਿਆ ਕਿ ਇਸ ਵਾਰ ਵੀ ਡਰੇਨ ਵਿਭਾਗ ਅਤੇ ਜ਼ਿਲ੍ਹਾ ਪ੍ਰਸਾਸ਼ਨ ਕਿਸਾਨਾਂ ਦੇ ਵੱਡੇ ਨੁਕਸਾਨ ਦੀ ਉਡੀਕ ਵਿਚ ਹੈ। ਉਕਤ ਕਿਸਾਨਾਂ ਨੇ ਦੱਸਿਆ ਕਿ ਡਰੇਨ ਵਿਭਾਗ ਵੱਲੋਂ ਰਸੂਲਪੁਰ ਹੱਦ ਤੋਂ ਸਫਾਈ ਸ਼ੁਰੂ ਕਰਨੀ ਸੀ ਪਰ ਨਹੀਂ ਹੋਈ, ਉਲਟਾ ਅਗਲੇ ਪਿੰਡ ਲੋਪੋਂ ਦੀ ਹੱਦ ਤੋਂ ਸਫਾਈ ਸ਼ੁਰੂ ਕਰ ਦਿੱਤੀ। ਬਾਰਿਸ਼ਾਂ ਦੇ ਮੌਸਮ ਦੌਰਾਨ ਅਜੇ ਵੀ ਖ਼ਤਰਾ ਡਰੇਨ ਵਿਭਾਗ ਵੱਲੋਂ ਭਾਵੇਂ ਕਿ ਇਸ ਵਾਰ ਡਰੇਨ ਦੇ ਕੁਝ ਹਿੱਸੇ ਦੀ ਸਫਾਈ ਸ਼ੁਰੂ ਕਰ ਦਿੱਤੀ ਗਈ ਹੈ, ਪਰ ਅਜੇ ਵੀ ਬਾਰਿਸ਼ਾਂ ਦੇ ਦਿਨਾਂ ਵਿਚ ਕਿਸਾਨਾਂ ਤੇ ਖ਼ਤਰਾ ਮੰਡਰਾਅ ਰਿਹਾ ਹੈ। ਡਰੇਨ ਦੀ ਸਹੀ ਤਰੀਕੇ ਨਾਲ ਸਫਾਈ ਨਾ ਹੋਣ ਤੇ ਕਈ ਪਿੰਡਾਂ ਦੇ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਖਫਾ ਹਨ। ਉਨ੍ਹਾਂ ਕਿਹਾ ਕਿ ਅਜੇ ਵੀ ਸਹੀ ਤਰੀਕੇ ਨਾਲ ਡਰੇਨ ਦੀ ਸਫਾਈ ਨਹੀਂ ਹੋ ਰਹੀ, ਇਸ ਨਾਲ ਪਿਛਲੇ ਪਿੰਡਾਂ ਚ ਅਜੇ ਵੀ ਬਾਰਿਸ਼ਾਂ ਕਾਰਨ ਝੋਨੇ ਦੀ ਫ਼ਸਲ ਨੂੰ ਪੂਰਾ ਖ਼ਤਰਾ ਹੈ। ਉਕਤ ਕਿਸਾਨਾਂ ਨੇ ਜ਼ਿਲ੍ਹਾ ਪ੍ਰਸਾਸ਼ਨ ਅਤੇ ਡਰੇਨ ਵਿਭਾਗ ਦੇ ਅਧਿਕਾਰੀਆਂ ਨੂੰ ਮੁੱਢ ਤੋਂ ਡਰੇਨ ਦੀ ਸਫਾਈ ਕਰਨ ਦੀ ਅਪੀਲ ਕੀਤੀ ਹੈ। ਜਗ੍ਹਾ ਦੀ ਘਾਟ ਕਾਰਨ ਨਹੀਂ ਹੋਈ ਸਫਾਈ : ਡਰੇਨੇਜ ਵਿਭਾਗ ਜਦੋਂ ਰਸੂਲਪੁਰ ਮੱਲੇਆਣਾ ਹੱਦ ਤੇ ਡਰੇਨ ਦੀ ਸਫਾਈ ਨਾ ਹੋਣ ਸਬੰਧੀ ਡਰੇਨੇਜ ਵਿਭਾਗ ਦੇ ਅਧਿਕਾਰੀ ਗੁਰਜੰਟ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਓਧਰਲੇ ਵਾਸੇ ਸਫਾਈ ਕਰਨ ਵਿਚ ਦਿੱਕਤ ਆਉਂਦੀ ਸੀ ਇਸ ਕਰਕੇ ਸਫਾਈ ਨਹੀਂ ਹੋ ਸਕੀ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਜਗ੍ਹਾ ਦੀ ਦਾ ਕੋਈ ਸਮੱਸਿਆ ਹੀ ਨਹੀਂ ਹੈ ਤਾਂ ਉਨ੍ਹਾਂ ਕਿਹਾ ਸਰਕਾਰ ਕੋਲ ਫੰਡ ਦੀ ਕਮੀ ਹੈ, ਜਦੋਂ ਸਮੱਸਿਆ ਆਵੇਗੀ ਤਾਂ ਮੌਕੇ ਦੇ ਦੇਖ ਲਿਆ ਜਾਵੇਗਾ ਅਤੇ ਸਫਾਈ ਕਰ ਦਿੱਤੀ ਜਾਵੇਗੀ।