- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਗਾ ਸ਼ਹਿਰ ਵਿਚ ਸਫ਼ਾਈ ਕਰਮਚਾਰੀਆਂ

ਛੂਤ ਦੀਆਂ ਬਿਮਾਰੀਆਂ ਫੈਲਣ ਦਾ ਖ਼ਤਰਾ ਗਹਿਰਾਇਆ ਪ੍ਰਸ਼ਾਸਨ ਵੱਲੋਂ ਨਿੱਜੀ ਕਰਮਚਾਰੀਆਂ ਦੀ ਮਦਦ ਨਾਲ ਸਫ਼ਾਈ ਕਰਵਾਉਣ ਦੇ ਸੰਭਾਵਿਤ ਯਤਨਾਂ ਦਾ ਡਟ ਕੇ ਵਿਰੋਧ ਕਰਨ ਦਾ ਕੀਤਾ ਐਲਾਨ
ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ : ਮੋਗਾ ਸ਼ਹਿਰ ਵਿਚ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਹਾਲਾਤ ਦਿਨੋਂ-ਦਿਨ ਗੰਭੀਰ ਹੁੰਦੇ ਜਾ ਰਹੇ ਹਨ। ਸ਼ਹਿਰ ਦੇ ਲਗਭਗ ਹਰ ਇਲਾਕੇ, ਮੁੱਖ ਬਾਜ਼ਾਰਾਂ, ਰਿਹਾਇਸ਼ੀ ਮੁਹੱਲਿਆਂ, ਹਸਪਤਾਲਾਂ ਅਤੇ ਜਨਤਕ ਥਾਵਾਂ 'ਤੇ ਕੂੜੇ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ। ਇਸ ਦੌਰਾਨ ਬਰਸਾਤੀ ਮੌਸਮ ਦੀ ਸ਼ੁਰੂਆਤ ਹੋਣ ਨਾਲ ਗੰਦਗੀ ਵਿੱਚ ਹੋਰ ਵਾਧਾ ਹੋ ਗਿਆ ਹੈ, ਜਿਸ ਕਾਰਨ ਡੇਂਗੂ, ਮਲੇਰੀਆ, ਦਸਤਾਂ ਅਤੇ ਹੋਰ ਛੂਤ ਦੀਆਂ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਕਾਫ਼ੀ ਵਧ ਗਿਆ ਹੈ। ਮੰਗਲਵਾਰ ਨੂੰ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਸਾਰੇ ਸਬੰਧਤ ਵਿਭਾਗਾਂ ਦੀ ਮੀਟਿੰਗ ਬੁਲਾ ਕੇ ਸ਼ਹਿਰ ਵਿਚ ਪਏ ਕੂੜੇ ਦੇ ਢੇਰਾਂ ਨੂੰ ਤੁਰੰਤ ਹਟਾਉਣ ਦੇ ਹੁਕਮ ਜਾਰੀ ਕੀਤੇ ਸਨ। ਉਨ੍ਹਾਂ ਕਿਹਾ ਸੀ ਕਿ ਜ਼ਰੂਰਤ ਪੈਣ 'ਤੇ ਨਿੱਜੀ ਕਰਮਚਾਰੀਆਂ ਜਾਂ ਹੋਰ ਵਿਕਲਪਾਂ ਰਾਹੀਂ ਵੀ ਸਫ਼ਾਈ ਕਰਵਾਈ ਜਾ ਸਕਦੀ ਹੈ। ਹਾਲਾਂਕਿ ਬੁੱਧਵਾਰ ਨੂੰ ਜ਼ਮੀਨੀ ਪੱਧਰ 'ਤੇ ਇਸ ਸਬੰਧੀ ਕੋਈ ਖ਼ਾਸ ਕਾਰਵਾਈ ਨਜ਼ਰ ਨਹੀਂ ਆਈ ਅਤੇ ਸ਼ਹਿਰ ਵਿਚ ਕੂੜੇ ਦੇ ਢੇਰ ਪਹਿਲਾਂ ਵਾਂਗ ਹੀ ਪਏ ਰਹੇ। ਨਗਰ ਨਿਗਮ ਦਫ਼ਤਰ ਵਿਚ ਵੀ ਦਿਨ ਭਰ ਸੁੰਨਸਾਨ ਮਾਹੌਲ ਰਿਹਾ। ਮੇਅਰ ਸਮੇਤ ਕੋਈ ਵੀ ਸੀਨੀਅਰ ਅਧਿਕਾਰੀ ਦਫ਼ਤਰ ਵਿਚ ਨਜ਼ਰ ਨਹੀਂ ਆਇਆ, ਜਿਸ ਕਾਰਨ ਲੋਕਾਂ ਵਿਚ ਪ੍ਰਸ਼ਾਸਨਿਕ ਕਾਰਗੁਜ਼ਾਰੀ ਨੂੰ ਲੈ ਕੇ ਨਾਰਾਜ਼ਗੀ ਦੇਖਣ ਨੂੰ ਮਿਲੀ।
ਨਿੱਜੀ ਕਰਮਚਾਰੀਆਂ ਰਾਹੀਂ ਸਫ਼ਾਈ ਦਾ ਸਖ਼ਤ ਵਿਰੋਧ ਕਰਨ ਦਾ ਐਲਾਨ
ਦੂਜੇ ਪਾਸੇ ਹੜਤਾਲੀ ਸਫ਼ਾਈ ਕਰਮਚਾਰੀਆਂ ਨੇ ਪ੍ਰਸ਼ਾਸਨ ਵੱਲੋਂ ਨਿੱਜੀ ਕਰਮਚਾਰੀਆਂ ਦੀ ਮਦਦ ਨਾਲ ਸਫ਼ਾਈ ਕਰਵਾਉਣ ਦੇ ਸੰਭਾਵਿਤ ਯਤਨਾਂ ਦਾ ਡਟ ਕੇ ਵਿਰੋਧ ਕਰਨ ਦਾ ਐਲਾਨ ਕੀਤਾ ਹੈ। ਸਫ਼ਾਈ ਯੂਨੀਅਨ ਦੇ ਪ੍ਰਧਾਨ ਸੋਮਨਾਥ ਚੌਂਬੜ ਅਤੇ ਜਨਰਲ ਸਕੱਤਰ ਨਰੋਤਮ ਬੋਹਤ ਨੇ ਕਿਹਾ ਕਿ ਸਰਕਾਰ ਦਾ ਕੋਈ ਵੀ ਅਜਿਹਾ ਫ਼ੈਸਲਾ ਮਨਜ਼ੂਰ ਨਹੀਂ ਕੀਤਾ ਜਾਵੇਗਾ, ਜਿਸ ਰਾਹੀਂ ਹੜਤਾਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮੋਗਾ ਦਾ ਕੋਈ ਵੀ ਸਫ਼ਾਈ ਕਰਮਚਾਰੀ ਯੂਨੀਅਨ ਦੇ ਫ਼ੈਸਲੇ ਦੇ ਉਲਟ ਨਹੀਂ ਜਾਵੇਗਾ। ਜੇਕਰ ਬਾਹਰੋਂ ਕਰਮਚਾਰੀ ਲਿਆ ਕੇ ਸਫ਼ਾਈ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਯੂਨੀਅਨ ਵੱਲੋਂ ਹਰ ਪੱਧਰ 'ਤੇ ਸ਼ਾਂਤਮਈ ਪਰ ਡਟਵਾਂ ਵਿਰੋਧ ਕੀਤਾ ਜਾਵੇਗਾ।
ਨਗਰ ਨਿਗਮ ਦਫ਼ਤਰ ਅੱਗੇ ਧਰਨਾ ਜਾਰੀ
ਹੜਤਾਲੀ ਕਰਮਚਾਰੀਆਂ ਦਾ ਧਰਨਾ ਬੁੱਧਵਾਰ ਨੂੰ ਵੀ ਲਗਾਤਾਰ ਜਾਰੀ ਰਿਹਾ। ਕਰਮਚਾਰੀ ਨਗਰ ਨਿਗਮ ਦਫ਼ਤਰ ਦੇ ਬਾਹਰ ਸੜਕ 'ਤੇ ਬੈਠੇ ਰਹੇ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਰਮਚਾਰੀ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਸਿਰਫ਼ ਆਪਣੇ ਹੱਕਾਂ ਅਤੇ ਇਨਸਾਫ਼ ਦੀ ਮੰਗ ਕਰ ਰਹੇ ਹਨ। ਜਦੋਂ ਤੱਕ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਇਹ ਸੰਘਰਸ਼ ਸ਼ਾਂਤਮਈ ਢੰਗ ਨਾਲ ਜਾਰੀ ਰਹੇਗਾ।
ਮੇਅਰ ਪਹਿਲਾਂ ਹੀ ਕਰ ਚੁੱਕੇ ਹਨ ਸਰਕਾਰ ਨੂੰ ਹੱਲ ਕਰਨ ਦੀ ਅਪੀਲ
ਇਸ ਮਾਮਲੇ ਵਿਚ ਮੋਗਾ ਦੀ ਮੇਅਰ ਵਿਨੈਪਾਲ ਕੌਰ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਇਹ ਮਾਮਲਾ ਉਨ੍ਹਾਂ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ ਅਤੇ ਇਸ ਦਾ ਸਥਾਈ ਹੱਲ ਪੰਜਾਬ ਸਰਕਾਰ ਨੂੰ ਆਪਣੇ ਪੱਧਰ 'ਤੇ ਕਰਨਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਵੱਲੋਂ ਵਿਸ਼ੇਸ਼ ਹੁਕਮ ਜਾਰੀ
ਜ਼ਿਲ੍ਹਾ ਮੈਜਿਸਟ੍ਰੇਟ ਸਾਗਰ ਸੇਤੀਆ ਨੇ ਪੰਜਾਬ ਮਿਊਂਸਿਪਲ ਐਕਟ 1911 ਦੀਆਂ ਸੰਬੰਧਤ ਧਾਰਾਵਾਂ ਤਹਿਤ ਪ੍ਰਾਪਤ ਵਿਸ਼ੇਸ਼ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਦੇ ਸਮੂਹ ਉਪ ਮੰਡਲ ਮੈਜਿਸਟ੍ਰੇਟਾਂ, ਨਗਰ ਕੌਂਸਲਾਂ, ਨਗਰ ਪੰਚਾਇਤਾਂ ਦੇ ਕਾਰਜਕਾਰੀ ਅਧਿਕਾਰੀਆਂ, ਸਿਵਲ ਸਰਜਨ ਅਤੇ ਜ਼ਿਲ੍ਹਾ ਸਿਹਤ ਅਧਿਕਾਰੀ ਨੂੰ ਤੁਰੰਤ ਪ੍ਰਭਾਵ ਨਾਲ ਵਿਸ਼ੇਸ਼ ਪ੍ਰਬੰਧ ਕਰਨ ਦੇ ਹੁਕਮ ਜਾਰੀ ਕੀਤੇ ਹਨ। ਹੁਕਮਾਂ ਅਨੁਸਾਰ ਸਾਰੇ ਸ਼ਹਿਰੀ ਖੇਤਰਾਂ ਦੇ ਵਾਰਡਾਂ, ਬਾਜ਼ਾਰਾਂ, ਹਸਪਤਾਲਾਂ, ਸਕੂਲਾਂ, ਡਿਸਪੈਂਸਰੀਆਂ, ਨਾਲੀਆਂ, ਪਾਣੀ ਦੇ ਸਰੋਤਾਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ 'ਤੇ ਪਿਆ ਕੂੜਾ ਤੁਰੰਤ ਚੁੱਕਣ, ਉਸ ਦੀ ਢੋਆਈ ਅਤੇ ਵਿਗਿਆਨਕ ਢੰਗ ਨਾਲ ਨਿਪਟਾਰਾ ਕਰਨ ਲਈ ਠੇਕੇਦਾਰ ਏਜੰਸੀਆਂ, ਆਊਟਸੋਰਸ ਕਰਮਚਾਰੀਆਂ, ਕਿਰਾਏ ਦੀਆਂ ਮਸ਼ੀਨਾਂ, ਵਾਹਨਾਂ ਜਾਂ ਹੋਰ ਵਿਭਾਗਾਂ ਦੇ ਕਰਮਚਾਰੀਆਂ ਦੀ ਮਦਦ ਨਾਲ ਵਿਕਲਪਕ ਪ੍ਰਬੰਧ ਕੀਤੇ ਜਾਣ। ਡਿਪਟੀ ਕਮਿਸ਼ਨਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਸ ਕਾਰਵਾਈ 'ਤੇ ਆਉਣ ਵਾਲਾ ਸਾਰਾ ਖ਼ਰਚਾ ਸੰਬੰਧਤ ਨਗਰ ਕੌਂਸਲ ਜਾਂ ਨਗਰ ਪੰਚਾਇਤ ਦੇ ਮਿਊਂਸਿਪਲ ਫੰਡ ਵਿਚੋਂ ਕੀਤਾ ਜਾਵੇਗਾ ਅਤੇ ਸਾਰੇ ਖ਼ਰਚੇ ਦਾ ਵਿਧੀਵਤ ਰਿਕਾਰਡ ਅਤੇ ਵਾਊਚਰ ਵੀ ਸੰਭਾਲ ਕੇ ਰੱਖੇ ਜਾਣਗੇ।