- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਈ ਸਾਲਾਂ ਬਾਅਦ ਐਤਵਾਰ ਨੂੰ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਕਈ ਸਾਲਾਂ ਬਾਅਦ ਐਤਵਾਰ ਨੂੰ ਮੋਗਾ ਸ਼ਹਿਰ ਵਿਚ ਬੈਂਕਾਂ ਦੇ ਦਰਵਾਜ਼ੇ ਗਾਹਕਾਂ ਲਈ ਖੁੱਲ੍ਹੇ ਨਜ਼ਰ ਆਏ। ਆਮ ਤੌਰ ’ਤੇ ਐਤਵਾਰ ਨੂੰ ਬੈਂਕ ਬੰਦ ਰਹਿਣ ਕਾਰਨ ਸ਼ਹਿਰ ਵਾਸੀਆਂ ਨੂੰ ਵੀ ਇਸ ਗੱਲ ਦੀ ਉਮੀਦ ਨਹੀਂ ਸੀ ਕਿ ਇਸ ਦਿਨ ਬੈਂਕਾਂ ਵਿਚ ਕੰਮਕਾਜ ਹੋਵੇਗਾ। ਇਸ ਕਾਰਨ ਕਈ ਲੋਕ ਐਤਵਾਰ ਨੂੰ ਬੈਂਕ ਖੁੱਲ੍ਹੇ ਦੇਖ ਕੇ ਹੈਰਾਨ ਵੀ ਹੋਏ। ਹਾਲਾਂਕਿ ਬੈਂਕਾਂ ’ਚ ਆਮ ਕੰਮਕਾਜ ਤਾਂ ਜਾਰੀ ਰਿਹਾ ਪਰ ਆਮ ਦਿਨਾਂ ਦੇ ਮੁਕਾਬਲੇ ਗਾਹਕਾਂ ਦੀ ਗਿਣਤੀ ਕਾਫ਼ੀ ਘੱਟ ਰਹੀ। ਚੌਥੇ ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਤੋਂ ਬਾਅਦ ਬੈਂਕ ਮੁਲਾਜ਼ਮਾਂ ਦੀ ਲਗਾਤਾਰ ਤਿੰਨ ਦਿਨਾਂ ਦੀ ਹੜਤਾਲ ਹੋਣ ਕਾਰਨ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋਣ ਅਤੇ ਗਾਹਕਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਨੂੰ ਦੇਖਦਿਆਂ ਭਾਰਤੀ ਰਿਜ਼ਰਵ ਬੈਂਕ ਵੱਲੋਂ ਐਤਵਾਰ ਨੂੰ ਬੈਂਕ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਗਏ ਸਨ। ਇੰਨ੍ਹਾਂ ਹੁਕਮਾਂ ਤੋਂ ਬਾਅਦ ਮੋਗਾ ਸਮੇਤ ਹੋਰ ਥਾਵਾਂ ’ਤੇ ਵੀ ਬੈਂਕ ਸ਼ਾਖਾਵਾਂ ਖੋਲ੍ਹ ਕੇ ਗਾਹਕਾਂ ਨੂੰ ਬੈਂਕਿੰਗ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ। ਐਤਵਾਰ ਹੋਣ ਦੇ ਬਾਵਜੂਦ ਬੈਂਕ ਮੁਲਾਜ਼ਮ ਆਪਣੀ ਡਿਊਟੀ ’ਤੇ ਪਹੁੰਚੇ ਅਤੇ ਗਾਹਕਾਂ ਦੇ ਵੱਖ-ਵੱਖ ਕੰਮ ਨਿਪਟਾਉਂਦੇ ਰਹੇ। ਖ਼ਾਸ ਕਰਕੇ ਜਿੰਨ੍ਹਾਂ ਬੈਂਕਾਂ ਵਿਚ ਵਪਾਰਕ ਲੈਣ-ਦੇਣ ਵਧੇਰੇ ਹੁੰਦਾ ਹੈ, ਉਨ੍ਹਾਂ ਸ਼ਾਖਾਵਾਂ ਵਿਚ ਦਿਨ ਭਰ ਆਮ ਤਰੀਕੇ ਨਾਲ ਕੰਮਕਾਜ ਹੁੰਦਾ ਰਿਹਾ। ਗਾਹਕਾਂ ਨੇ ਨਕਦੀ ਲੈਣ-ਦੇਣ ਤੋਂ ਇਲਾਵਾ ਆਪਣੇ ਹੋਰ ਬੈਂਕਿੰਗ ਕੰਮ ਵੀ ਕਰਵਾਏ। ਹਾਲਾਂਕਿ ਐਤਵਾਰ ਨੂੰ ਬਾਜ਼ਾਰ ਬੰਦ ਹੋਣ ਕਾਰਨ ਵਪਾਰੀਆਂ ਦੀ ਬੈਂਕਾਂ ਵਿਚ ਆਮ ਦਿਨਾਂ ਵਰਗੀ ਆਮਦ ਨਹੀਂ ਰਹੀ। ਵਪਾਰੀਆਂ ਦਾ ਕਹਿਣਾ ਸੀ ਕਿ ਐਤਵਾਰ ਨੂੰ ਬੈਂਕਿੰਗ ਕੰਮ ਕਰਵਾਉਣ ਲਈ ਉਨ੍ਹਾਂ ਨੂੰ ਆਪਣੇ ਕਰਮਚਾਰੀਆਂ ਨੂੰ ਵੱਖਰੇ ਤੌਰ ’ਤੇ ਬੁਲਾਉਣਾ ਪੈਂਦਾ, ਜਿਸ ਕਾਰਨ ਜ਼ਿਆਦਾਤਰ ਵਪਾਰੀਆਂ ਨੇ ਇਸ ਦਿਨ ਬੈਂਕਾਂ ਵਿਚ ਆ ਕੇ ਕੰਮਕਾਜ ਕਰਵਾਉਣ ਤੋਂ ਗੁਰੇਜ਼ ਕੀਤਾ। ਇਸ ਦੇ ਬਾਵਜੂਦ ਆਮ ਲੋਕਾਂ ਵਿਚੋਂ ਕਈ ਗਾਹਕ ਬੈਂਕਾਂ ਵਿਚ ਆਪਣੇ ਜ਼ਰੂਰੀ ਕੰਮ ਨਿਪਟਾਉਣ ਲਈ ਪਹੁੰਚੇ। ਪੰਜਾਬ ਨੈਸ਼ਨਲ ਬੈਂਕ ਦੀ ਮੁੱਖ ਸ਼ਾਖਾ ਦੇ ਪ੍ਰਬੰਧਕ ਗੁਰਚਰਨ ਸਿੰਘ ਨੇ ਦੱਸਿਆ ਕਿ ਬੈਂਕ ਦੇ ਸਾਰੇ ਕਰਮਚਾਰੀ ਐਤਵਾਰ ਨੂੰ ਆਪਣੀ ਡਿਊਟੀ ’ਤੇ ਹਾਜ਼ਰ ਰਹੇ। ਉਨ੍ਹਾਂ ਦੱਸਿਆ ਕਿ ਆਮ ਦਿਨਾਂ ਦੇ ਮੁਕਾਬਲੇ ਐਤਵਾਰ ਨੂੰ ਲਗਭਗ 30 ਤੋਂ 40 ਫ਼ੀਸਦੀ ਗਾਹਕ ਹੀ ਬੈਂਕ ਵਿਚ ਆਪਣੇ ਕੰਮਕਾਜ ਲਈ ਪਹੁੰਚੇ। ਬੈਂਕ ਵਿਚ ਪਹੁੰਚੇ ਗਾਹਕਾਂ ਦੇ ਸਾਰੇ ਜ਼ਰੂਰੀ ਕੰਮ ਮੁਲਾਜ਼ਮਾਂ ਵੱਲੋਂ ਨਿਪਟਾਏ ਗਏ ਅਤੇ ਕਿਸੇ ਵੀ ਗਾਹਕ ਨੂੰ ਬੈਂਕਿੰਗ ਸੇਵਾ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਗਿਆ। ਇਸੇ ਤਰ੍ਹਾਂ ਫ਼ਿਰੋਜ਼ਪੁਰ ਰੋਡ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਪ੍ਰਬੰਧਕ ਲਖਵਿੰਦਰ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਵੀ ਬੈਂਕ ਵਿਚ ਆਮ ਦਿਨਾਂ ਦੀ ਤਰ੍ਹਾਂ ਕੰਮਕਾਜ ਜਾਰੀ ਰਿਹਾ। ਉਨ੍ਹਾਂ ਕਿਹਾ ਕਿ ਗਾਹਕਾਂ ਵੱਲੋਂ ਬੈਂਕ ਵਿਚ ਪਹੁੰਚ ਕੇ ਲੈਣ-ਦੇਣ ਸਮੇਤ ਹੋਰ ਲੋੜੀਂਦੇ ਕੰਮ ਕਰਵਾਏ ਗਏ। ਬੈਂਕ ਮੁਲਾਜ਼ਮਾਂ ਨੇ ਵੀ ਗਾਹਕਾਂ ਨੂੰ ਲੋੜੀਂਦੀਆਂ ਸੇਵਾਵਾਂ ਦੇਣ ਲਈ ਪੂਰੀ ਤਰ੍ਹਾਂ ਕੰਮ ਕੀਤਾ। ਐਤਵਾਰ ਨੂੰ ਬੈਂਕ ਖੁੱਲ੍ਹਣ ਕਾਰਨ ਸ਼ਹਿਰ ਵਿਚ ਇਹ ਚਰਚਾ ਦਾ ਵਿਸ਼ਾ ਵੀ ਬਣਿਆ ਰਿਹਾ ਕਿ ਆਮ ਤੌਰ ’ਤੇ ਛੁੱਟੀ ਵਾਲੇ ਦਿਨ ਬੰਦ ਰਹਿਣ ਵਾਲੇ ਬੈਂਕ ਅੱਜ ਕਿਉਂ ਖੁੱਲ੍ਹੇ ਹਨ। ਜਿੰਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਬੈਂਕ ਖੁੱਲ੍ਹਣ ਦੀ ਜਾਣਕਾਰੀ ਸੀ, ਉਨ੍ਹਾਂ ਨੇ ਇਸ ਮੌਕੇ ਦਾ ਲਾਭ ਲੈਂਦਿਆਂ ਆਪਣੇ ਰੁਕੇ ਹੋਏ ਕੰਮ ਨਿਪਟਾਏ। ਦੂਜੇ ਪਾਸੇ ਜ਼ਿਆਦਾਤਰ ਲੋਕਾਂ ਨੂੰ ਜਾਣਕਾਰੀ ਨਾ ਹੋਣ ਕਾਰਨ ਬੈਂਕਾਂ ਵਿਚ ਆਮ ਦਿਨਾਂ ਦੇ ਮੁਕਾਬਲੇ ਘੱਟ ਭੀੜ ਹੀ ਦੇਖਣ ਨੂੰ ਮਿਲੀ। ਕੁੱਲ ਮਿਲਾ ਕੇ ਐਤਵਾਰ ਨੂੰ ਮੋਗਾ ਦੇ ਬੈਂਕਾਂ ਵਿਚ ਆਮ ਦਿਨਾਂ ਦੀ ਤਰ੍ਹਾਂ ਬੈਂਕਿੰਗ ਸੇਵਾਵਾਂ ਜਾਰੀ ਰਹੀਆਂ। ਬੈਂਕ ਮੁਲਾਜ਼ਮਾਂ ਦੀ ਹੜਤਾਲ ਕਾਰਨ ਪ੍ਰਭਾਵਿਤ ਹੋਏ ਕੰਮਕਾਜ ਨੂੰ ਮੁੜ ਸੁਚਾਰੂ ਕਰਨ ਅਤੇ ਗਾਹਕਾਂ ਦੀਆਂ ਮੁਸ਼ਕਲਾਂ ਘਟਾਉਣ ਦੇ ਮਕਸਦ ਨਾਲ ਕੀਤੇ ਗਏ ਇਸ ਵਿਸ਼ੇਸ਼ ਕੰਮਕਾਜ ਦੌਰਾਨ ਪਹੁੰਚੇ ਗਾਹਕਾਂ ਦੇ ਜ਼ਰੂਰੀ ਕੰਮ ਨਿਪਟਾਏ ਗਏ।