- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਤਹਿਤ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਤਹਿਤ ਕਰਵਾਏ ਗਏ ਤੀਰਅੰਦਾਜ਼ੀ ਮੁਕਾਬਲਿਆਂ ’ਚ ਮੋਗਾ ਆਰਚਰੀ ਅਕੈਡਮੀ ਦੀਆਂ ਹੋਣਹਾਰ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਉਮਰ ਵਰਗਾਂ ਵਿਚ ਕਈ ਪੁਜ਼ੀਸ਼ਨਾਂ ਹਾਸਲ ਕਰਕੇ ਅਕੈਡਮੀ, ਆਪਣੇ ਸਕੂਲਾਂ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਕੋਚ ਧਰਮਿੰਦਰ ਸਿੰਘ ਦੀ ਅਗਵਾਈ ਹੇਠ ਖਿਡਾਰਨਾਂ ਨੇ ਪੂਰੀ ਮਿਹਨਤ, ਲਗਨ ਅਤੇ ਅਨੁਸ਼ਾਸਨ ਨਾਲ ਮੁਕਾਬਲਿਆਂ ਵਿਚ ਹਿੱਸਾ ਲਿਆ ਅਤੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਤੀਰਅੰਦਾਜ਼ੀ ਦੇ ਇਨ੍ਹਾਂ ਮੁਕਾਬਲਿਆਂ ਦੌਰਾਨ ਖਿਡਾਰਨਾਂ ਨੇ ਸਟੀਕ ਨਿਸ਼ਾਨੇ ਲਗਾਉਂਦਿਆਂ ਆਪਣੇ ਮੁਕਾਬਲੇਬਾਜ਼ਾਂ ਨੂੰ ਸਖ਼ਤ ਟੱਕਰ ਦਿੱਤੀ। ਅਕੈਡਮੀ ਦੀਆਂ ਧੀਆਂ ਵੱਲੋਂ ਹਾਸਲ ਕੀਤੀਆਂ ਪੁਜ਼ੀਸ਼ਨਾਂ ਨੇ ਇਹ ਸਾਬਤ ਕਰ ਦਿੱਤਾ ਕਿ ਜੇਕਰ ਬੱਚਿਆਂ ਨੂੰ ਸਹੀ ਮਾਰਗਦਰਸ਼ਨ, ਨਿਰੰਤਰ ਅਭਿਆਸ ਅਤੇ ਮਿਹਨਤ ਦਾ ਮੌਕਾ ਮਿਲੇ ਤਾਂ ਉਹ ਖੇਡਾਂ ਦੇ ਖੇਤਰ ਵਿਚ ਵੱਡੀਆਂ ਉਪਲਬਧੀਆਂ ਹਾਸਲ ਕਰ ਸਕਦੇ ਹਨ। ਅੰਡਰ-14 ਕੰਪਾਊਂਡ ਰਾਊਂਡ ਵਿਚ ਗਰਿਵਾ ਨੇ ਪਹਿਲਾ ਸਥਾਨ ਅਤੇ ਗਰਿਮਾ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ-14 ਇੰਡੀਅਨ ਰਾਊਂਡ ਵਿੱਚ ਏਰੀਕਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ-17 ਇੰਡੀਅਨ ਰਾਊਂਡ ਵਿਚ ਜਸ਼ਨਪ੍ਰੀਤ ਕੌਰ ਨੇ ਪਹਿਲਾ ਸਥਾਨ, ਦਿਲਪ੍ਰੀਤ ਕੌਰ ਸੀਆਈਐੱਸ ਨੇ ਦੂਜਾ ਸਥਾਨ ਅਤੇ ਸੁਖਮਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕਰਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਅੰਡਰ-17 ਰਿਕਰਵ ਰਾਊਂਡ ਵਿਚ ਸਮਨਦੀਪ ਕੌਰ ਸੀਆਈਐੱਸ ਨੇ ਤੀਜਾ ਸਥਾਨ ਹਾਸਲ ਕਰਕੇ ਅਕੈਡਮੀ ਦੀਆਂ ਪ੍ਰਾਪਤੀਆਂ ਵਿਚ ਹੋਰ ਵਾਧਾ ਕੀਤਾ। ਕੋਚ ਧਰਮਿੰਦਰ ਸਿੰਘ ਨੇ ਸਾਰੀਆਂ ਜੇਤੂ ਖਿਡਾਰਨਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਮੁਬਾਰਕਬਾਦ ਦਿੱਤੀ। ਕੋਚ ਧਰਮਿੰਦਰ ਸਿੰਘ ਨੇ ਕਿਹਾ ਕਿ ਮੋਗਾ ਆਰਚਰੀ ਅਕੈਡਮੀ ਵੱਲੋਂ ਬੱਚਿਆਂ ਨੂੰ ਤੀਰਅੰਦਾਜ਼ੀ ਦੀ ਖੇਡ ਨਾਲ ਜੋੜਨ ਦੇ ਨਾਲ-ਨਾਲ ਉਨ੍ਹਾਂ ਨੂੰ ਉੱਚ ਪੱਧਰੀ ਸਿਖਲਾਈ ਅਤੇ ਖੇਡਾਂ ਪ੍ਰਤੀ ਸਹੀ ਦਿਸ਼ਾ ਦੇਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਅਕੈਡਮੀ ਨਾਲ ਜੁੜੇ ਖੇਡ ਪ੍ਰੇਮੀਆਂ ਅਤੇ ਮਾਪਿਆਂ ਨੇ ਵੀ ਜੇਤੂ ਖਿਡਾਰਨਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਖਿਡਾਰਨਾਂ ਦੀ ਇਸ ਪ੍ਰਾਪਤੀ ਨੂੰ ਤੀਰਅੰਦਾਜ਼ੀ ਦੇ ਖੇਤਰ ਵਿਚ ਮੋਗਾ ਲਈ ਇਕ ਹੋਰ ਮਾਣਮੱਤੀ ਉਪਲਬਧੀ ਵਜੋਂ ਦੇਖਿਆ ਜਾ ਰਿਹਾ ਹੈ।