ਕੋਰੇਵਾਲਾ ਖੁਰਦ ਵਿਖੇ ਤੀਰਥ ਯਾਤਰਾ ਸਭਾ ਕਰਵਾਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ
Publish Date: Mon, 23 Nov 2026 03:23 PM (IST)
Updated Date: Mon, 23 Nov 2026 03:25 PM (IST)
ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਤੀਰਥ ਯਾਤਰਾ ਨਾਲ ਸਬੰਧਤ ਗਤੀਵਿਧੀਆਂ ਤਹਿਤ ਪਿੰਡ ਕੋਰੇਵਾਲਾ ਖੁਰਦ ਵਿਖੇ ਕਰਵਾਈ ਗਈ ਤੀਰਥ ਯਾਤਰਾ ਸਭਾ ਦੌਰਾਨ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਸਮੂਹ ਤੀਰਥ ਯਾਤਰੀਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਯਾਤਰੀਆਂ ਨਾਲ ਯਾਤਰਾ ਸਬੰਧੀ ਵੱਖ-ਵੱਖ ਵਿਸ਼ਿਆਂ ਤੇ ਵਿਚਾਰ-ਵਟਾਂਦਰਾ ਕੀਤਾ ਅਤੇ ਉਨ੍ਹਾਂ ਦੇ ਤਜਰਬੇ ਤੇ ਸੁਝਾਅ ਵੀ ਸੁਣੇ। ਇਸ ਮੌਕੇ ਪਿੰਡ ਦੇ ਬਜ਼ੁਰਗਾਂ ਅਤੇ ਹੋਰ ਯਾਤਰੀਆਂ ਵਿਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ। ਬਜ਼ੁਰਗਾਂ ਨੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਪ੍ਰਤੀ ਆਪਣਾ ਪਿਆਰ ਅਤੇ ਸਤਿਕਾਰ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਆਪਣਾ ਸਰਵਣ ਪੁੱਤ ਦੱਸਿਆ ਅਤੇ ਦਿਲੋਂ ਅਸੀਸਾਂ ਦਿੱਤੀਆਂ। ਬਜ਼ੁਰਗਾਂ ਵੱਲੋਂ ਦਿੱਤੇ ਗਏ ਇਸ ਪਿਆਰ ਅਤੇ ਸਤਿਕਾਰ ਨੇ ਸਮਾਗਮ ਦੇ ਮਾਹੌਲ ਨੂੰ ਭਾਵੁਕ ਅਤੇ ਯਾਦਗਾਰੀ ਬਣਾ ਦਿੱਤਾ। ਇਸ ਮੌਕੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਬਜ਼ੁਰਗ ਸਾਡੇ ਸਮਾਜ ਦੀ ਅਨਮੋਲ ਵਿਰਾਸਤ ਹਨ। ਉਨ੍ਹਾਂ ਦੇ ਤਜਰਬੇ, ਸੇਧ ਅਤੇ ਅਸੀਸਾਂ ਸਮਾਜ ਨੂੰ ਹਮੇਸ਼ਾ ਸਹੀ ਦਿਸ਼ਾ ਦਿਖਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਪਿੰਡ ਕੋਰੇਵਾਲਾ ਖੁਰਦ ਵਿਖੇ ਬਜ਼ੁਰਗਾਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪ੍ਰਤੀ ਦਿਖਾਇਆ ਗਿਆ ਪਿਆਰ ਅਤੇ ਸਤਿਕਾਰ ਬਹੁਤ ਹੀ ਭਾਵੁਕ ਅਤੇ ਮਾਣ ਵਾਲੀ ਗੱਲ ਹੈ। ਵਿਧਾਇਕ ਨੇ ਕਿਹਾ ਕਿ ਤੀਰਥ ਯਾਤਰਾ ਸਿਰਫ਼ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਤੱਕ ਹੀ ਸੀਮਤ ਨਹੀਂ, ਸਗੋਂ ਇਹ ਬਜ਼ੁਰਗਾਂ ਨੂੰ ਧਾਰਮਿਕ ਆਸਥਾ, ਮਾਨਸਿਕ ਸਕੂਨ ਅਤੇ ਆਪਸੀ ਮੇਲ-ਮਿਲਾਪ ਦਾ ਵੀ ਸੁੰਦਰ ਮੌਕਾ ਪ੍ਰਦਾਨ ਕਰਦੀ ਹੈ। ਅੰਤ ਵਿਚ ਡਾ. ਅਮਨਦੀਪ ਕੌਰ ਅਰੋੜਾ ਨੇ ਸਮੂਹ ਯਾਤਰੀਆਂ ਨੂੰ ਉਨ੍ਹਾਂ ਦੀ ਯਾਤਰਾ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਬਜ਼ੁਰਗਾਂ ਦਾ ਆਸ਼ੀਰਵਾਦ ਹੀ ਲੋਕ ਸੇਵਾ ਦੇ ਕਾਰਜਾਂ ਨੂੰ ਅੱਗੇ ਵਧਾਉਣ ਦੀ ਸਭ ਤੋਂ ਵੱਡੀ ਤਾਕਤ ਹੈ।