- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਧਾਨ ਸਭਾ ਹਲਕਾ ਨਿਹਾਲ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ: ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਣੂੰਕੇ ਗਿੱਲ ਦੀ ਅਨਾਜ਼ ਮੰਡੀ ਵਿਚ ਝੋਨੇ ਦੀ ਸਰਕਾਰੀ ਖ਼ਰੀਦ ਦਾ ਆਗਾਜ਼ ਹਲਕਾ ਵਿਧਾਇਕ ਬਿਲਾਸਪੁਰ ਵੱਲੋਂ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਫ਼ਸਲ ਦੀ ਨਿਰਵਿਘਨ ਖ਼ਰੀਦ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਤੇ ਮੰਡੀਆਂ ਵਿਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਮਾਰਕਿਟ ਕਮੇਟੀ ਨਿਹਾਲ ਸਿੰਘ ਵਾਲਾ ਦੇ ਚੇਅਰਮੈਨ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀਨਾ ਸਾਹਿਬ ਨੇ ਕਿਹਾ ਕਿ ਕਿਸਾਨ ਆਪਣੀ ਖ਼ੂਨ-ਪਸੀਨੇ ਦੀ ਮਿਹਨਤ ਨਾਲ ਪੁੱਤਾਂ ਵਾਂਗ ਫ਼ਸਲ ਪਾਲਦੇ ਹਨ ਅਤੇ ਸਰਕਾਰ ਉਨ੍ਹਾਂ ਦੀ ਮਿਹਨਤ ਦਾ ਮੁੱਲ ਦਿਵਾਉਣ ਲਈ ਪੂਰੀ ਤਰ੍ਹਾਂ ਗੰਭੀਰ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਖ਼ਰੀਦਿਆ ਜਾਵੇਗਾ ਅਤੇ ਖ਼ਰੀਦ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਝੋਨੇ ਦੀ ਖ਼ਰੀਦ ਦੌਰਾਨ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਤਰ੍ਹਾਂ ਦੀ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਸਬੰਧਤ ਅਧਿਕਾਰੀਆਂ ਨੂੰ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਨਿਰਧਾਰਤ ਮਾਪਦੰਡਾਂ ਅਨੁਸਾਰ ਆਪਣੀ ਫ਼ਸਲ ਮੰਡੀਆਂ ਵਿਚ ਲਿਆਉਣ। ਇਸ ਮੌਕੇ ਵਿਧਾਇਕ ਬਿਲਾਸਪੁਰ ਨੇ ਕਿਸਾਨਾਂ ਨੂੰ ਵਿਸ਼ਵਾਸ ਦਵਾਇਆ ਕਿ ਉਨ੍ਹਾਂ ਨੂੰ ਫ਼ਸਲ ਵੇਚਣ ਵਿਚ ਕੋਈ ਪਰੇਸ਼ਾਨੀ ਪੇਸ਼ ਨਹੀਂ ਹੋਣ ਦਿੱਤੀ ਜਾਵੇਗੀ। ਟਰੱਕ ਯੂਨੀਅਨ ਦੇ ਪ੍ਰਧਾਨ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਨਦੀਪ ਸਿੰਘ ਮਾਣੂੰਕੇ, ਸਰਪੰਚ ਨਿਰਮਲ ਸਿੰਘ, ਸਰਪੰਚ ਅਜਾਇਬ ਸਿੰਘ, ਸੁਸਾਇਟੀ ਪ੍ਰਧਾਨ ਅਮਰਜੀਤ ਸਿੰਘ, ਯੂਥ ਕੋਆਰਡੀਨੇਟਰ ਗੁਰਜੰਟ ਸਿੰਘ, ਪ੍ਰਧਾਨ ਰਵਿੰਦਰ ਸਿੰਘ, ਤਰਸੇਮ ਲਾਲ,ਸੰਗਠਨ ਇੰਚਾਰਜ ਦਵਿੰਦਰ ਸਿੰਘ, ਮੰਡੀ ਸੁਪਰਵਾਈਜ਼ਰ ਪ੍ਰਦੀਪ ਸਿੰਘ, ਗੁਰਵਿੰਦਰ ਸਿੰਘ, ਖਰੀਦ ਏਜੰਸੀਆਂ ਦੇ ਇੰਸਪੈਕਟਰ, ਆੜ੍ਹਤੀ ਅਤੇ ਕਿਸਾਨ ਮੌਜੂਦ ਸਨ।