ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਸ਼ਾਨਦਾਰ ਤੇ ਇਤਿਹਾਸਕ ਸਵਾਗਤ ਸਿੱਖ ਕੌਮ ਦੀ ਆਨ, ਬਾਨ ਅਤੇ
Publish Date: Tue, 28 Jul 2026 04:19 PM (IST)
Updated Date: Wed, 29 Jul 2026 04:01 AM (IST)
ਗੁਰਦੇਵ ਮਨੇਸ, ਪੰਜਾਬੀ ਜਾਗਰਣ ਕੋਟ ਈਸੇ ਖਾਂ : ਸਿੱਖ ਕੌਮ ਦੀ ਆਨ, ਬਾਨ ਅਤੇ ਸ਼ਾਨ ਦੇ ਪ੍ਰਤੀਕ ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਕੋਟ ਈਸੇ ਖਾਂ ਅਤੇ ਪਿੰਡ ਲੋਹਾਰਾ ਵਿਖੇ ਸੰਗਤਾਂ ਵੱਲੋਂ ਬੇਮਿਸਾਲ ਉਤਸ਼ਾਹ, ਸ਼ਰਧਾ ਅਤੇ ਸਤਿਕਾਰ ਨਾਲ ਭਰਵਾਂ ਸਵਾਗਤ ਕੀਤਾ ਗਿਆ। ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬੱਤ ਦੇ ਭਲੇ ਦੇ ਸੰਦੇਸ਼ ਅਤੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਬਖ਼ਸ਼ੇ ਮੀਰੀ-ਪੀਰੀ ਦੇ ਮਹਾਨ ਸਿਧਾਂਤ ਨੂੰ ਸਮਰਪਿਤ ਇਹ ਮਾਰਚ ਵੱਖ-ਵੱਖ ਨਗਰਾਂ ਅਤੇ ਪਿੰਡਾਂ ਤੋਂ ਹੁੰਦਾ ਹੋਇਆ ਕਰੀਬ ਦੁਪਹਿਰ ਇਕ ਵਜੇ ਕੋਟ ਈਸੇ ਖਾਂ ਪਹੁੰਚਿਆ, ਜਿੱਥੇ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਅਤੇ ਫੁੱਲਾਂ ਦੀ ਵਰਖ਼ਾ ਨਾਲ ਇਸ ਦਾ ਸਵਾਗਤ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ, ਪਾਰਟੀ ਦੇ ਆਗੂਆਂ, ਸੇਵਾਦਾਰਾਂ, ਨੌਜਵਾਨਾਂ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਮਾਰਚ ’ਚ ਸ਼ਾਮਲ ਸਿੰਘਾਂ ਦਾ ਨਿੱਘਾ ਸਵਾਗਤ ਕੀਤਾ। ਥਾਂ-ਥਾਂ ਚਾਹ, ਠੰਢੇ ਮਿੱਠੇ ਜਲ, ਫਲਾਂ ਅਤੇ ਵੱਖ-ਵੱਖ ਪ੍ਰਕਾਰ ਦੇ ਲੰਗਰ ਲਗਾਏ ਗਏ, ਜਿਨ੍ਹਾਂ ਵਿੱਚ ਸੰਗਤਾਂ ਨੇ ਵਧ-ਚੜ੍ਹ ਕੇ ਸੇਵਾ ਨਿਭਾਈ। ਸਮੁੱਚਾ ਇਲਾਕਾ ਧਾਰਮਿਕ ਰੰਗ ਵਿੱਚ ਰੰਗਿਆ ਹੋਇਆ ਨਜ਼ਰ ਆਇਆ ਅਤੇ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਮਾਹੌਲ ਗੂੰਜ ਉੱਠਿਆ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਬਖ਼ਸ਼ਿਆ ਗਿਆ ਮੀਰੀ-ਪੀਰੀ ਦਾ ਸਿਧਾਂਤ ਸਿੱਖ ਧਰਮ ਵਿੱਚ ਰੂਹਾਨੀ ਅਤੇ ਸੰਸਾਰਕ ਜ਼ਿੰਮੇਵਾਰੀਆਂ ਦੇ ਸੰਤੁਲਨ ਦਾ ਪ੍ਰਤੀਕ ਹੈ। ਇਹ ਖ਼ਾਲਸਾ ਮਾਰਚ ਉਸੇ ਮਹਾਨ ਵਿਰਸੇ ਨੂੰ ਲੋਕਾਂ ਤੱਕ ਪਹੁੰਚਾਉਣ, ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬਾਨ ਦੇ ਆਦਰਸ਼ਾਂ ਨਾਲ ਜੋੜਨ ਅਤੇ ਪੰਥਕ ਏਕਤਾ ਨੂੰ ਹੋਰ ਮਜ਼ਬੂਤ ਕਰਨ ਦਾ ਸੰਦੇਸ਼ ਦੇ ਰਿਹਾ ਹੈ। ਕੋਟ ਈਸੇ ਖਾਂ ਤੋਂ ਰਵਾਨਾ ਹੋਣ ਉਪਰੰਤ ਜਦੋਂ ਮਾਰਚ ਪਿੰਡ ਲੋਹਾਰਾਂ ਪਹੁੰਚਿਆ ਤਾਂ ਉੱਥੇ ਵੀ ਸੰਗਤਾਂ ਨੇ ਭਰਪੂਰ ਉਤਸ਼ਾਹ ਨਾਲ ਸਵਾਗਤ ਕੀਤਾ। ਪਿੰਡ ਵਾਸੀਆਂ ਵੱਲੋਂ ਫੁੱਲਾਂ ਦੀ ਵਰਖ਼ਾ ਕੀਤੀ ਗਈ ਅਤੇ ਗੁਰੂ ਦੇ ਲੰਗਰ ਦੀ ਸੇਵਾ ਬੜੀ ਸ਼ਰਧਾ ਅਤੇ ਸਮਰਪਣ ਨਾਲ ਨਿਭਾਈ ਗਈ। ਸੇਵਾ, ਸਿਮਰਨ ਅਤੇ ਸੰਗਤ ਦਾ ਅਦਭੁੱਤ ਨਜ਼ਾਰਾ ਹਰ ਕਿਸੇ ਦਾ ਮਨ ਮੋਹ ਰਿਹਾ ਸੀ। ਇਸ ਪਾਵਨ ਮੀਰੀ-ਪੀਰੀ ਖਾਲਸਾ ਮਾਰਚ ਦੀ ਅਗਵਾਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਕਰ ਰਹੇ ਸਨ। ਉਨ੍ਹਾਂ ਨੇ ਸੰਗਤਾਂ ਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੇ ਚੱਲਣ, ਖਾਲਸਾਈ ਰਹਿਣੀ-ਬਹਿਣੀ ਨੂੰ ਅਪਣਾਉਣ, ਆਪਸੀ ਭਾਈਚਾਰਾ ਮਜ਼ਬੂਤ ਕਰਨ ਅਤੇ ਸਿੱਖ ਵਿਰਸੇ ਦੀ ਸੰਭਾਲ ਲਈ ਸਮਰਪਿਤ ਰਹਿਣ ਦਾ ਸੱਦਾ ਦਿੱਤਾ। ਮੀਰੀ-ਪੀਰੀ ਖ਼ਾਲਸਾ ਮਾਰਚ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਦੀ ਸ਼ਮੂਲੀਅਤ ਅਤੇ ਉਨ੍ਹਾਂ ਦਾ ਅਥਾਹ ਉਤਸ਼ਾਹ ਇਹ ਦਰਸਾ ਰਿਹਾ ਸੀ ਕਿ ਸਿੱਖ ਕੌਮ ਅੱਜ ਵੀ ਆਪਣੇ ਗੌਰਵਮਈ ਇਤਿਹਾਸ, ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਖਾਲਸਾਈ ਪਰੰਪਰਾਵਾਂ ਨਾਲ ਪੂਰੀ ਤਰ੍ਹਾਂ ਜੁੜੀ ਹੋਈ ਹੈ।