ਮਿਡ ਡੇਅ ਮੀਲ ਵਰਕਰਾਂ ਨੇ ਮੰਗਾਂ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ ਮਿਡ ਡੇ ਮੀਲ ਵਰਕਰਜ਼ ਯੂਨੀਅਨ
Publish Date: Fri, 28 Aug 2026 03:50 PM (IST)
Updated Date: Fri, 28 Aug 2026 03:52 PM (IST)
ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਕੀਤੀ ਨਾਅਰੇਬਾਜ਼ੀ ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਮਿਡ ਡੇ ਮੀਲ ਵਰਕਰਜ਼ ਯੂਨੀਅਨ ਪੰਜਾਬ (ਸੀਟੂ) ਵੱਲੋਂ ਮਿਡ ਡੇ ਮੀਲ ਵਰਕਰਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹੱਕੀ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਅਮਰਜੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਲੱਖਾਂ ਬੱਚਿਆਂ ਲਈ ਹਰ ਰੋਜ਼ ਪੋਸ਼ਟਿਕ ਭੋਜਨ ਤਿਆਰ ਕਰਨ ਵਾਲੀਆਂ ਮਿਡ ਡੇ ਮੀਲ ਵਰਕਰਾਂ ਬਹੁਤ ਹੀ ਘੱਟ ਮਾਣਭੱਤੇ ’ਤੇ ਆਪਣੀਆਂ ਸੇਵਾਵਾਂ ਨਿਭਾ ਰਹੀਆਂ ਹਨ। ਯੂਨੀਅਨ ਅਨੁਸਾਰ ਸੂਬੇ ’ਚ 42 ਹਜ਼ਾਰ ਤੋਂ ਵੱਧ ਵਿਧਵਾ, ਲੋੜਵੰਦ ਅਤੇ ਗਰੀਬ ਪਰਿਵਾਰਾਂ ਦੀਆਂ ਔਰਤਾਂ ਮਿਡ ਡੇ ਮੀਲ ਵਰਕਰਾਂ ਵਜੋਂ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਧਦੀ ਮਹਿੰਗਾਈ ਦੇ ਮੌਜੂਦਾ ਦੌਰ ਵਿਚ ਨਾਮਾਤਰ ਮਾਣਭੱਤੇ ਨਾਲ ਘਰ ਦਾ ਗੁਜ਼ਾਰਾ ਕਰਨਾ ਬੇਹੱਦ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਮਿਡ ਡੇ ਮੀਲ ਵਰਕਰਾਂ ਨੂੰ ਘੱਟੋ-ਘੱਟ ਉਜਰਤ ਕਾਨੂੰਨ ਦੇ ਘੇਰੇ ਵਿਚ ਲਿਆਉਣ ਅਤੇ ਘੱਟੋ-ਘੱਟ 26,000 ਰੁਪਏ ਮਹੀਨਾ ਤਨਖ਼ਾਹ ਦਿੱਤੀ ਜਾਵੇ ਵਰਕਰਾਂ ਲਈ ਸਮਾਜਿਕ ਸੁਰੱਖਿਆ ਯਕੀਨੀ ਬਣਾਉਣ ਵਾਸਤੇ ਗ੍ਰੈਚੂਇਟੀ ਐਕਟ-1972 ਲਾਗੂ ਕਰਨ, ਈਐੱਸਆਈ ਅਤੇ ਪ੍ਰਾਵੀਡੈਂਟ ਫੰਡ ਦੀਆਂ ਸਹੂਲਤਾਂ ਤੁਰੰਤ ਲਾਗੂ ਕੀਤੀਆਂ ਜਾਣ। ਸਕੂਲਾਂ ’ਚ ਬੱਚਿਆਂ ਦੀ ਗਿਣਤੀ ਦੇ ਅਨੁਪਾਤ ਅਨੁਸਾਰ ਮਿਡ ਡੇ ਮੀਲ ਵਰਕਰਾਂ ਦੀ ਗਿਣਤੀ ਵਧਾਈ ਜਾਵੇ ਅਤੇ 25 ਬੱਚਿਆਂ ਪਿੱਛੇ ਇਕ ਵਰਕਰ ਦੀ ਨਿਯੁਕਤੀ ਕੀਤੀ ਜਾਵੇ। ਇਸ ਦੇ ਨਾਲ ਵਰਕਰਾਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਗ੍ਰੈਚੂਇਟੀ ਦਾ ਲਾਭ ਦੇਣ। ਮਿਡ ਡੇ ਮੀਲ ਵਰਕਰਾਂ ਦੀ ਸੁਰੱਖਿਆ ਨੂੰ ਲੈ ਕੇ ਯੂਨੀਅਨ ਨੇ ਬੀਮਾ ਸਹੂਲਤ ਦਿੱਤੀ ਜਾਵੇ। ਕੰਮ ਦੌਰਾਨ ਅੱਗ ਲੱਗਣ, ਹਾਦਸਾ ਵਾਪਰਨ ਜਾਂ ਕਿਸੇ ਹੋਰ ਅਚਾਨਕ ਘਟਨਾ ਕਾਰਨ ਵਰਕਰ ਦੀ ਮੌਤ ਹੋਣ ਦੀ ਸੂਰਤ ਵਿਚ ਉਸ ਦੇ ਪਰਿਵਾਰ ਨੂੰ ਆਰਥਿਕ ਸਹਾਇਤਾ ਮਿਲਣੀ ਚਾਹੀਦੀ ਹੈ। ਇਸ ਲਈ ਕਿਸੇ ਬੈਂਕ ਜਾਂ ਬੀਮਾ ਸੰਸਥਾ ਨਾਲ ਟਾਈ-ਅੱਪ ਕਰਕੇ 50 ਲੱਖ ਰੁਪਏ ਜਾਂ ਇਸ ਤੋਂ ਵੱਧ ਦੀ ਬੀਮਾ ਸੁਰੱਖਿਆ ਮੁਹੱਈਆ ਕਰਵਾਈ ਜਾਵੇ ਅਤੇ ਵਰਕਰਾਂ ਦੀ ਨਿਯੁਕਤੀ ਸਕੂਲੀ ਬੱਚਿਆਂ ਲਈ ਮਿਡ ਡੇ ਮੀਲ ਤਿਆਰ ਕਰਨ ਲਈ ਕੀਤੀ ਗਈ ਹੈ। ਇਸ ਲਈ ਉਨ੍ਹਾਂ ਤੋਂ ਅਧਿਆਪਕਾਂ, ਚੋਣ ਡਿਊਟੀ ’ਤੇ ਤਾਇਨਾਤ ਸਟਾਫ਼ ਜਾਂ ਹੋਰ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਵਾਧੂ ਖਾਣਾ ਬਣਾਉਣ ਵਰਗੇ ਕੰਮ ਨਾ ਲਏ ਜਾਣ।ਮਿਡ ਡੇ ਮੀਲ ਵਰਕਰਾਂ ਦੀ ਆਰਥਿਕ ਹਾਲਤ ਅਤੇ ਉਨ੍ਹਾਂ ਵੱਲੋਂ ਸਕੂਲਾਂ ’ਚ ਨਿਭਾਈ ਜਾ ਰਹੀ ਅਹਿਮ ਜ਼ਿੰਮੇਵਾਰੀ ਨੂੰ ਧਿਆਨ ਵਿਚ ਰੱਖਦਿਆਂ ਮੰਗਾਂ ’ਤੇ ਤੁਰੰਤ ਫ਼ੈਸਲਾ ਕੀਤਾ ਜਾਵੇ। ਇਸ ਮੌਕੇ ਮਿਡ ਡੇ ਕੁਲਵਿੰਦਰ ਕੌਰ, ਇਸ ਮੌਕੇ ਅਮਰਜੀਤ ਕੌਰ ਮੋਗਾ, ਪਰਮਜੀਤ ਕੌਰ, ਸੀਮਾ, ਸਿਮਰਜੀਤ ਕੌਰ ਕੁਲਵੰਤ ਕੌਰ ਨੇਹਾ ਪਰਵਿੰਦਰ ਕੌਰ, ਗੁਰਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਮਿਡ ਡੇ ਵਰਕਰਾਂ ਹਾਜ਼ਰ ਸਨ।