ਰਵਾਇਤੀ ਖੇਡਾਂ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਦਿੱਤਾ ਸੁਨੇਹਾ ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ
Publish Date: Fri, 23 Oct 2026 04:56 PM (IST)
Updated Date: Fri, 23 Oct 2026 04:57 PM (IST)
140 ਐੱਨਐੱਸਐੱਸ ਵਲੰਟੀਅਰਾਂ ਨੇ ਲਿਆ ਭਾਗ, ਪ੍ਰਿੰਸੀਪਲ ਨੇ ਮੈਡਲਾਂ ਨਾਲ ਕੀਤਾ ਸਨਮਾਨਿਤ ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ ਫ਼ਰੀਦਕੋਟ : ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਦੇ ਕੌਮੀ ਸੇਵਾ ਯੋਜਨਾ (ਐੱਨਐੱਸਐੱਸ) ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਪੂਜਾ ਭੱਲਾ ਦੀ ਅਗਵਾਈ ਹੇਠ ਨਸ਼ਾ ਮੁਕਤ ਯੁਵਾ ਭਾਰਤ ਅਭਿਆਨ ਤਹਿਤ ਰਵਾਇਤੀ ਖੇਡਾਂ ਦਾ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਰੱਸਾਕਸ਼ੀ, ਖੋ-ਖੋ ਅਤੇ ਸਮੂਹਿਕ ਰੱਸੀ ਟੱਪਣ ਵਰਗੀਆਂ ਖੇਡਾਂ ਕਰਵਾਈਆਂ ਗਈਆਂ, ਜਿੰਨ੍ਹਾਂ ਵਿਚ 140 ਐੱਨਐੱਸਐੱਸ ਵਲੰਟੀਅਰਾਂ ਨੇ ਉਤਸ਼ਾਹ ਨਾਲ ਭਾਗ ਲਿਆ। ਸਮਾਗਮ ਦਾ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਸਿਹਤਮੰਦ ਜੀਵਨਸ਼ੈਲੀ ਅਪਣਾਉਣ ਅਤੇ ਰਵਾਇਤੀ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕਰਨਾ ਸੀ। ਸਮਾਗਮ ਦੀ ਸ਼ੁਰੂਆਤ ਮੌਕੇ ਵਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਡਾ. ਪੂਜਾ ਭੱਲਾ ਨੇ ਕਿਹਾ ਕਿ ਨਸ਼ਾ ਸਮਾਜ ਲਈ ਬਹੁਤ ਗੰਭੀਰ ਸਮੱਸਿਆ ਹੈ। ਇਸ ਤੋਂ ਖ਼ੁਦ ਬਚਣ ਦੇ ਨਾਲ-ਨਾਲ ਦੂਜਿਆਂ ਨੂੰ ਵੀ ਨਸ਼ਿਆਂ ਦੀ ਦਲਦਲ ਵਿਚੋਂ ਬਾਹਰ ਕੱਢਣ ਲਈ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਕੀਤੇ ਜਾਂਦੇ ਉਪਰਾਲੇ ਉਦੋਂ ਹੀ ਸਫ਼ਲ ਹੋ ਸਕਦੇ ਹਨ, ਜਦੋਂ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦਾ ਸੰਕਲਪ ਲੈਣ। ਉਨ੍ਹਾਂ ਕਿਹਾ ਕਿ ਨਸ਼ਾ ਮਨੁੱਖ ਦੀ ਸਰੀਰਕ, ਮਾਨਸਿਕ ਅਤੇ ਆਤਮਿਕ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ। ਨੌਜਵਾਨਾਂ ਨੂੰ ਆਪਣੀ ਪੜ੍ਹਾਈ ਅਤੇ ਸੂਝ-ਬੂਝ ਦਾ ਸਹੀ ਇਸਤੇਮਾਲ ਕਰਦਿਆਂ ਸਮਾਜ ਵਿੱਚ ਚੰਗੇ ਨਾਗਰਿਕ ਵਜੋਂ ਆਪਣੀ ਪਛਾਣ ਬਣਾਉਣੀ ਚਾਹੀਦੀ ਹੈ। ਇਸ ਤੋਂ ਬਾਅਦ ਐੱਨਐੱਸਐੱਸ ਵਿਭਾਗ ਦੇ ਲੜਕਿਆਂ ਦੇ ਕਨਵੀਨਰ ਪ੍ਰੋ. ਹਿਮਾਂਸ਼ੂ ਨਾਗਪਾਲ, ਲੜਕੀਆਂ ਦੀ ਕਨਵੀਨਰ ਪ੍ਰੋ. ਮਨਿੰਦਰ ਕੌਰ ਵਿਰਕ, ਪ੍ਰੋਗਰਾਮ ਅਫ਼ਸਰ ਡਾ. ਵੀਰਪਾਲ ਕੌਰ, ਪ੍ਰੋ. ਹਰਪ੍ਰੀਤ ਸਿੰਘ ਸਫ਼ੀ ਅਤੇ ਪ੍ਰੋ. ਗਗਨਦੀਪ ਸਿੰਘ ਦੀ ਦੇਖ-ਰੇਖ ਹੇਠ ਵੱਖ-ਵੱਖ ਖੇਡਾਂ ਕਰਵਾਈਆਂ ਗਈਆਂ। ਲੜਕਿਆਂ ਦੀ ਰੱਸਾਕਸ਼ੀ ਦੇ ਦੋ ਗਰੁੱਪ ਬਣਾਏ ਗਏ, ਜਿਨ੍ਹਾਂ ਵਿੱਚ ਪਹਿਲੇ ਗਰੁੱਪ ਦੀ ੳ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਦੂਜੇ ਗਰੁੱਪ ਦੀ ਅ ਟੀਮ ਨੇ ਲਗਾਤਾਰ ਤਿੰਨ ਗੇੜਾਂ ਵਿੱਚ ਜਿੱਤ ਦਰਜ ਕੀਤੀ। ਲੜਕੀਆਂ ਦੀ ਰੱਸਾਕਸ਼ੀ ਵਿਚ ਵੀ ਦੋ ਗਰੁੱਪ ਬਣਾਏ ਗਏ ਅਤੇ ਦੋਵਾਂ ਗਰੁੱਪਾਂ ਦੀਆਂ ੳ ਟੀਮਾਂ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਬਾਅਦ ਲੜਕੀਆਂ ਦੇ ਖੋ-ਖੋ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਵਲੰਟੀਅਰਾਂ ਨੇ ਆਪਣੀ ਖੇਡ ਪ੍ਰਤਿਭਾ ਅਤੇ ਫੁਰਤੀ ਦਾ ਪ੍ਰਦਰਸ਼ਨ ਕੀਤਾ। ਸਮਾਗਮ ਦੇ ਅੰਤ ਵਿਚ ਲੜਕਿਆਂ ਅਤੇ ਲੜਕੀਆਂ ਨੇ ਸਾਂਝੇ ਤੌਰ ਤੇ ਰੱਸੀ ਟੱਪਣ ਦੀ ਖੇਡ ਵਿਚ ਭਾਗ ਲਿਆ। ਇਸ ਵਿਚ ਲਗਭਗ 40 ਵਲੰਟੀਅਰ ਸ਼ਾਮਲ ਹੋਏ। ਖੇਡਾਂ ਦੌਰਾਨ ਵਿਦਿਆਰਥੀਆਂ ਅਤੇ ਦਰਸ਼ਕਾਂ ਵਿੱਚ ਖ਼ਾਸ ਉਤਸ਼ਾਹ ਦੇਖਣ ਨੂੰ ਮਿਲਿਆ। ਸਮਾਗਮ ਦੌਰਾਨ ਵਲੰਟੀਅਰਾਂ ਨੇ ਰਵਾਇਤੀ ਖੇਡਾਂ ਦਾ ਆਨੰਦ ਮਾਣਨ ਦੇ ਨਾਲ-ਨਾਲ ਆਪਸੀ ਸਹਿਯੋਗ, ਟੀਮ ਭਾਵਨਾ ਅਤੇ ਸਰੀਰਕ ਸਰਗਰਮੀ ਦੀ ਮਹੱਤਤਾ ਨੂੰ ਵੀ ਸਮਝਿਆ। ਅੰਤ ਵਿਚ ਸਾਰੇ ਵਲੰਟੀਅਰਾਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ ਅਤੇ ਪ੍ਰਿੰਸੀਪਲ ਡਾ. ਪੂਜਾ ਭੱਲਾ ਨੇ ਮੈਡਲ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਰੀਰਕ ਸਿੱਖਿਆ ਵਿਭਾਗ ਤੋਂ ਪ੍ਰੋ. ਮਹਿੰਦਰਜੀਤ ਕੌਰ ਅਤੇ ਰਮਨਦੀਪ ਕੌਰ, ਪੰਜਾਬੀ ਵਿਭਾਗ ਤੋਂ ਡਾ. ਨਛੱਤਰ ਸਿੰਘ ਅਤੇ ਪ੍ਰੋ. ਸੁਸ਼ੀਲ ਕੁਮਾਰ ਅਤੇ ਭੂਗੋਲ ਵਿਭਾਗ ਤੋਂ ਪ੍ਰੋ. ਗੁਰਲਾਲ ਸਿੰਘ ਵੀ ਮੌਜੂਦ ਸਨ।