ਗ੍ਰੈਂਡ ਪੈਰੇਂਟਸ ਡੇ ਮੌਕੇ ਬਜ਼ੁਰਗਾਂ ਦੇ ਸਨਮਾਨ ਦਾ ਦਿੱਤਾ ਸੰਦੇਸ਼ ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ
Publish Date: Fri, 11 Sep 2026 04:16 PM (IST)
Updated Date: Sat, 12 Sep 2026 04:02 AM (IST)
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ : ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਕਮਲ ਸੈਣੀ ਦੀ ਯੋਗ ਅਗਵਾਈ ਹੇਠ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਨੈਤਿਕ, ਸਮਾਜਿਕ ਅਤੇ ਸੱਭਿਆਚਾਰਕ ਵਿਕਾਸ ਲਈ ਵੀ ਨਿਰੰਤਰ ਉਪਰਾਲੇ ਕਰ ਰਿਹਾ ਹੈ। ਇਸੇ ਉਦੇਸ਼ ਤਹਿਤ ਸਕੂਲ ਵਿਚ ਗ੍ਰੈਂਡ ਪੈਰੇਂਟਸ ਡੇ ਬੜੇ ਹੀ ਪਿਆਰ, ਸਤਿਕਾਰ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿਚ ਕਰਵਾਈਆਂ ਗਈਆਂ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੂੰ ਆਪਣੇ ਦਾਦਾ-ਦਾਦੀ ਅਤੇ ਨਾਨਾ-ਨਾਨੀ ਦੀ ਜ਼ਿੰਦਗੀ ਵਿਚ ਅਹਿਮ ਭੂਮਿਕਾ ਬਾਰੇ ਜਾਣੂੰ ਕਰਵਾਇਆ ਗਿਆ। ਸਵੇਰ ਦੀ ਸਭਾ ਦੌਰਾਨ ਵਿਦਿਆਰਥੀਆਂ ਵੱਲੋਂ ਬਜ਼ੁਰਗਾਂ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਬਹੁਤ ਹੀ ਸੁੰਦਰ ਚਾਰਟ, ਵਿਚਾਰ ਅਤੇ ਆਰਟੀਕਲ ਪੇਸ਼ ਕੀਤੇ ਗਏ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਘਰ ’ਚ ਦਾਦਾ-ਦਾਦੀ ਜਾਂ ਨਾਨਾ-ਨਾਨੀ ਦਾ ਸਾਥ ਹੁੰਦਾ ਹੈ, ਉਹ ਘਰ ਸੱਚਮੁੱਚ ਖੁਸ਼ਕਿਸਮਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗ ਆਪਣੇ ਤਜ਼ੁਰਬੇ ਅਤੇ ਪਿਆਰ ਨਾਲ ਬੱਚਿਆਂ ਦੇ ਜੀਵਨ ਨੂੰ ਸੰਵਾਰਨ ਵਿਚ ਅਹਿਮ ਯੋਗਦਾਨ ਪਾਉਂਦੇ ਹਨ। ਗ੍ਰੈਂਡ ਪੈਰੇਂਟਸ ਡੇ ਦੇ ਇਸ ਆਯੋਜਨ ਨੇ ਵਿਦਿਆਰਥੀਆਂ ਨੂੰ ਇਹ ਸਮਝਣ ਦਾ ਮੌਕਾ ਦਿੱਤਾ ਕਿ ਆਧੁਨਿਕ ਜੀਵਨ ਦੀ ਰੁਝੇਵਿਆਂ ਭਰੀ ਦੌੜ ਦੇ ਬਾਵਜੂਦ ਪਰਿਵਾਰਕ ਰਿਸ਼ਤਿਆਂ, ਸੰਸਕਾਰਾਂ ਅਤੇ ਬਜ਼ੁਰਗਾਂ ਦੇ ਸਨਮਾਨ ਨੂੰ ਹਮੇਸ਼ਾ ਪਹਿਲ ਦੇਣੀ ਚਾਹੀਦੀ ਹੈ। ਇਹ ਦਿਵਸ ਸਿਰਫ਼ ਇਕ ਸਮਾਗਮ ਤੱਕ ਸੀਮਿਤ ਨਾ ਰਹਿ ਕੇ ਵਿਦਿਆਰਥੀਆਂ ਦੇ ਮਨਾਂ ਵਿਚ ਆਪਣੇ ਬਜ਼ੁਰਗਾਂ ਪ੍ਰਤੀ ਪਿਆਰ, ਸਤਿਕਾਰ ਅਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਦਾ ਇਕ ਸਾਰਥਕ ਉਪਰਾਲਾ ਸਾਬਤ ਹੋਇਆ। ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਮੌਜੂਦ ਸਨ। ਸਕੂਲ ਪ੍ਰਬੰਧਕਾਂ ਵੱਲੋਂ ਅਜਿਹੀਆਂ ਗਤੀਵਿਧੀਆਂ ਨੂੰ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਬੇਹੱਦ ਮਹੱਤਵਪੂਰਨ ਦੱਸਿਆ ਗਿਆ।