ਚਿੱਤਰਕਾਰ ਜਰਨੈਲ ਸਿੰਘ ਬਾਰੇ ਸਿਮਰਤੀ ਗ੍ਰੰਥ ਲੋਕ ਅਰਪਣ ਚਿੱਤਰਕਾਰੀ ਦੇ ਖ਼ੇਤਰ ਵਿਚ ਪੰਜਾਬ ਦਾ ਨਾਂ ਅੰਤਰ-ਰਾਸ਼ਟਰੀ
Publish Date: Thu, 16 Jul 2026 04:27 PM (IST)
Updated Date: Thu, 16 Jul 2026 04:28 PM (IST)
ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ : ਚਿੱਤਰਕਾਰੀ ਦੇ ਖ਼ੇਤਰ ਵਿਚ ਪੰਜਾਬ ਦਾ ਨਾਂ ਅੰਤਰ-ਰਾਸ਼ਟਰੀ ਪੱਧਰ ਤੱਕ ਲਿਜਾਣ ਵਾਲੇ ਮਹਾਨ ਚਿੱਤਰਕਾਰ ਸਵ: ਜਰਨੈਲ ਸਿੰਘ ਆਰਟਿਸਟ ਬਾਰੇ ਵੈਨਕੂਵਰ ਵਿਚਾਰ ਮੰਚ ਵੱਲੋਂ ਪ੍ਰਕਾਸ਼ਿਤ ਸਿਮਰਤੀ ਗਰੰਥ ਮਹਿੰਦਰ ਸਾਥੀ ਯਾਦਗਾਰੀ ਮੰਚ ਵੱਲੋਂ ਲੋਕ ਅਰਪਣ ਕੀਤਾ ਗਿਆ। ਸਿਮਰਤੀ ਗ੍ਰੰਥ ਲੋਕ ਅਰਪਣ ਕਰਨ ਦੀ ਰਸਮ ਨਾਮਵਰ ਸ਼ਾਇਰ ਦਰਸ਼ਨ ਸਿੰਘ ਬੁੱਟਰ, ਨਾਮਵਰ ਕਹਾਣੀਕਾਰ ਵਿਅੰਗਕਾਰ ਕੇਐੱਲ ਗਰਗ, ਕਹਾਣੀਕਾਰ ਗੁਰਮੀਤ ਕੜਿਆਲਵੀ, ਪੰਜਾਬੀ ਦੇ ਚਰਚਿਤ ਸ਼ਾਇਰ ਵਾਹਿਦ, ਜ਼ਿਲ੍ਹਾ ਭਾਸ਼ਾ ਅਫਸਰ ਮੋਗਾ ਡਾ. ਅਜੀਤਪਾਲ ਸਿੰਘ, ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਰੀਦਕੋਟ ਮਨਜੀਤ ਪੁਰੀ, ਨਾਮਵਰ ਸ਼ਾਇਰ ਹਰਮੀਤ ਵਿਦਿਆਰਥੀ, ਪ੍ਰਸਿੱਧ ਆਲੋਚਕ ਡਾ. ਸੁਰਜੀਤ ਬਰਾੜ, ਸਰਬਜੀਤ ਕੌਰ ਮਾਹਲਾ, ਅਮਰਪ੍ਰੀਤ ਕੌਰ ਸੰਘਾ, ਗੁਰਪ੍ਰੀਤ ਧਰਮਕੋਟ, ਧਾਮੀ ਗਿੱਲ, ਗੁਰਦੀਪ ਸਿੰਘ ਲੋਪੋਂ, ਜਸਵਿੰਦਰ ਧਰਮਕੋਟ ਅਤੇ ਹਾਜ਼ਰ ਸਾਹਿਤਕਾਰਾਂ ਨੇ ਕੀਤੀ। ਸਿਮਰਤੀ ਗ੍ਰੰਥ ਬਾਰੇ ਜਾਣਕਾਰੀ ਦਿੰਦਿਆਂ ਮੰਚ ਦੇ ਸਰਪ੍ਰਸਤ ਗੁਰਮੀਤ ਕੜਿਆਲਵੀ ਨੇ ਕਿਹਾ ਕਿ ਜਰਨੈਲ ਸਿੰਘ ਆਰਟਿਸਟ ਪੰਜਾਬ ਦੇ ਸਭਿਆਚਾਰ ਨੂੰ ਚਿੱਤਰਨ ਵਾਲਾ ਕੌਮਾਂਤਰੀ ਪੱਧਰ ਤੇ ਪ੍ਰਸਿੱਧੀ ਪ੍ਰਾਪਤ ਕਰਨ ਵਾਲਾ ਚਿੱਤਰਕਾਰ ਸੀ। ਪੰਜਾਬ ਦੇ ਪੇਂਡੂ ਜਨਜੀਵਨ ਨੂੰ ਚਿੱਤਰਨ ਦੇ ਨਾਲ ਨਾਲ ਉਸਨੇ ਸਿੱਖ ਇਤਿਹਾਸ ਦੇ ਸ਼ਹੀਦਾਂ ਅਤੇ ਗਦਰੀ ਲਹਿਰ ਦੇ ਨਾਇਕਾਂ ਨੂੰ ਵੀ ਚਿੱਤਰਿਆ। ਡਾ. ਸੁਰਜੀਤ ਬਰਾੜ ਨੇ ਚੇਤਨਾ ਪ੍ਰਕਾਸ਼ਨ ਵੱਲੋਂ ਛਾਪੇ ਗਏ ਇਸ ਸਿਮਰਤੀ ਗ੍ਰੰਥ ਦੇ ਇਤਿਹਾਸਕ ਮਹੱਤਵ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਨਾਮਵਰ ਨਾਵਲਕਾਰ ਜਰਨੈਲ ਸਿੰਘ ਸੇਖਾ, ਕਵੀ ਮੋਹਨ ਗਿੱਲ, ਸ਼ਾਇਰ ਹਰਦਮ ਮਾਨ, ਅੰਗਰੇਜ ਸਿੰਘ ਬਰਾੜ ਅਤੇ ਜਰਨੈਲ ਸਿੰਘ ਆਰਟਿਸਟ ਦੀ ਪੁੱਤਰੀ ਅਤੇ ਮਸ਼ਹੂਰ ਚਿੱਤਰਕਾਰ ਨੀਤੀ ਸਿੰਘ ਵੱਲੋਂ ਸੰਪਾਦਿਤ ਕੀਤੀ ਪੁਸਤਕ ਦੇ ਲੇਖਾਂ ਨੂੰ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਜਰਨੈਲ ਸਿੰਘ ਆਰਟਿਸਟ ਕਿੰਨਾਂ ਮਹਾਨ ਸੀ। ਉਨ੍ਹਾਂ ਦੀ ਸ਼ਖ਼ਸ਼ੀਅਤ ਬਹੁਪੱਖੀ ਸੀ। ਵਿਅੰਗਕਾਰ ਕੇਐੱਲ ਗਰਗ ਨੇ ਕਿਹਾ ਕਿ ਜਰਨੈਲ ਸਿੰਘ ਨੇ ਆਪਣੇ ਚਿੱਤਰਾਂ ਰਾਹੀਂ ਪੰਜਾਬੀ ਸਭਿਆਚਾਰ ਨੂੰ ਦੁਨੀਆਂ ਭਰ ਵਿਚ ਫੈਲਾਇਆ। ਸਾਹਿਤ ਅਕਾਦਮੀ ਐਵਾਰਡ ਪ੍ਰਾਪਤ ਸ਼ਾਇਰ ਦਰਸ਼ਨ ਸਿੰਘ ਬੁੱਟਰ ਨੇ ਜਰਨੈਲ ਸਿੰਘ ਆਰਟਿਸਟ ਨੂੰ ਪੰਜਾਬ ਦਾ ਲਾਡਲਾ ਪੁੱਤ ਕਿਹਾ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਅਜੀਤਪਾਲ ਸਿੰਘ ਨੇ ਕਿਹਾ ਕਿ ਜਰਨੈਲ ਸਿੰਘ ਆਰਟਿਸਟ ਵੱਲੋਂ ਫੁਲਕਾਰੀ ਕੱਢਦੀ ਔਰਤ ਦਾ ਚਿੱਤਰ ਪੰਜਾਬੀ ਜਨਮਾਨਸ ਦੇ ਚੇਤਿਆਂ ਵਿਚ ਵਸਿਆ ਹੋਇਆ ਹੈ। ਡਾ. ਅਜੀਤਪਾਲ ਸਿੰਘ ਨੇ ਉਨ੍ਹਾਂ ਦੇ ਪਿਤਾ ਅਤੇ ਸਿੱਖਾਂ ਦੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਚਿਤਰਕਾਰੀ ਰਾਹੀਂ ਪੇਸ਼ ਕਰਨ ਵਾਲੇ ਮਹਾਨ ਚਿੱਤਰਕਾਰ ਕਿਰਪਾਲ ਸਿੰਘ ਨੂੰ ਵੀ ਯਾਦ ਕੀਤਾ।