- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਤਾ ਗੁਰਦਿਆਲ ਕੌਰ ਧਾਲੀਵਾਲ ਜੀ ਦਾ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਮਾਤਾ ਗੁਰਦਿਆਲ ਕੌਰ ਧਾਲੀਵਾਲ ਜੀ ਦਾ ਜਨਮ ਸੰਨ 1940 ਵਿਚ ਮੋਗਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਰਾਊਕੇ ਕਲਾਂ ਵਿਖੇ ਪਿਤਾ ਸੁੰਦਰ ਸਿੰਘ ਜੀ ਦੇ ਘਰ ਮਾਤਾ ਪਾਲ ਕੌਰ ਜੀ ਦੀ ਕੁੱਖੋਂ ਹੋਇਆ। ਆਪ ਜੀ ਤਿੰਨ ਭਰਾਵਾਂ ਅਤੇ ਪੰਜ ਭੈਣਾਂ ਵਿਚੋਂ ਤੀਜੇ ਨੰਬਰ ’ਤੇ ਸਨ। ਬਚਪਨ ਤੋਂ ਹੀ ਮਾਤਾ ਜੀ ਨੇ ਪਰਿਵਾਰਕ ਸੰਸਕਾਰਾਂ, ਸਾਦਗੀ ਅਤੇ ਨਿਮਰਤਾ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਇਆ। ਸੰਨ 1960 ਵਿੱਚ ਮਾਤਾ ਗੁਰਦਿਆਲ ਕੌਰ ਜੀ ਦਾ ਵਿਆਹ ਪਿੰਡ ਮੱਲੇਆਣਾ ਦੇ ਸਿਰਕੱਢ ਅਤੇ ਨਾਮੀ ਕਿਸਾਨ ਸਰਦਾਰ ਜੋਗਿੰਦਰ ਸਿੰਘ ਸਪੁੱਤਰ ਸੌਦਾਗਰ ਸਿੰਘ ਨਾਲ ਹੋਇਆ। ਵਿਆਹ ਉਪਰੰਤ ਮਾਤਾ ਜੀ ਨੇ ਆਪਣੇ ਪਰਿਵਾਰਕ ਜੀਵਨ ਦੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਇਆ ਅਤੇ ਪਰਿਵਾਰ ਨੂੰ ਪਿਆਰ, ਸਤਿਕਾਰ ਅਤੇ ਚੰਗੇ ਸੰਸਕਾਰਾਂ ਨਾਲ ਜੋੜ ਕੇ ਰੱਖਿਆ। ਮਾਤਾ ਜੀ ਦੇ ਘਰ ਦੋ ਬੇਟੀਆਂ ਜਸਵੀਰ ਕੌਰ ਜੀ ਅਤੇ ਬਲਵੀਰ ਕੌਰ ਜੀ ਅਤੇ ਦੋ ਪੁੱਤਰ ਕਰਨੈਲ ਸਿੰਘ ਜੀ ਅਤੇ ਗੁਰਜੰਟ ਸਿੰਘ ਜੀ ਨੇ ਜਨਮ ਲਿਆ। ਮਾਤਾ ਜੀ ਨੇ ਆਪਣੇ ਬੱਚਿਆਂ ਦੀ ਪਰਵਰਿਸ਼ ਬੜੇ ਪਿਆਰ ਅਤੇ ਸਨੇਹ ਨਾਲ ਕਰਦਿਆਂ ਉਨ੍ਹਾਂ ਨੂੰ ਮਿਹਨਤ, ਇਮਾਨਦਾਰੀ, ਸਹਿਣਸ਼ੀਲਤਾ ਅਤੇ ਪਰਿਵਾਰਕ ਏਕਤਾ ਦੇ ਸੰਸਕਾਰ ਦਿੱਤੇ। ਮਾਤਾ ਗੁਰਦਿਆਲ ਕੌਰ ਜੀ ਦਾ ਸਮੁੱਚਾ ਜੀਵਨ ਪਰਿਵਾਰ ਪ੍ਰਤੀ ਸਮਰਪਣ, ਸਾਦਗੀ ਅਤੇ ਮਮਤਾ ਨਾਲ ਭਰਪੂਰ ਰਿਹਾ। ਉਨ੍ਹਾਂ ਨੇ ਆਪਣੇ ਜੀਵਨ ਵਿਚ ਆਉਣ ਵਾਲੀਆਂ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਹੌਂਸਲੇ ਨਾਲ ਸਾਹਮਣਾ ਕੀਤਾ ਅਤੇ ਪਰਿਵਾਰ ਨੂੰ ਹਮੇਸ਼ਾ ਇਕਜੁੱਟ ਰੱਖਣ ਵਿਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦੀ ਮਿੱਠੀ ਬੋਲੀ, ਨਿਮਰ ਸੁਭਾਅ ਅਤੇ ਸਨੇਹ ਭਰਿਆ ਵਿਵਹਾਰ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੇ ਦਿਲਾਂ ਵਿੱਚ ਹਮੇਸ਼ਾ ਵੱਸਿਆ ਰਹੇਗਾ। ਮਾਤਾ ਜੀ ਦੇ ਵਿਛੋੜੇ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਮਾਂ ਦਾ ਸਥਾਨ ਪਰਿਵਾਰ ਵਿਚ ਸਭ ਤੋਂ ਉੱਚਾ ਹੁੰਦਾ ਹੈ ਅਤੇ ਮਾਤਾ ਗੁਰਦਿਆਲ ਕੌਰ ਜੀ ਦੀ ਮਮਤਾ, ਪਿਆਰ ਅਤੇ ਅਸੀਸਾਂ ਨੂੰ ਪਰਿਵਾਰਕ ਮੈਂਬਰ ਸਾਰੀ ਉਮਰ ਯਾਦ ਕਰਦੇ ਰਹਿਣਗੇ। ਉਨ੍ਹਾਂ ਵੱਲੋਂ ਪਰਿਵਾਰ ਨੂੰ ਦਿੱਤੇ ਸੰਸਕਾਰ ਅਤੇ ਸਿੱਖਿਆ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਬਣੇ ਰਹਿਣਗੇ। ਅੱਜ ਐਤਵਾਰ ਨੂੰ ਉਨ੍ਹਾਂ ਦੇ ਪਿੰਡ ਮੱਲੇਆਣਾ ਦੇ ਗੁਰਦੁਆਰਾ ਸਿੰਘ ਸਭਾ ਬਾਹਰਲਾ ਵਿਖੇ ਭੋਗ ਸਮਾਗਮ ਮੌਕੇ ਪਰਿਵਾਰ ਵੱਲੋਂ ਮਾਤਾ ਜੀ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਜਾਵੇਗੀ। ਇਸ ਮੌਕੇ ਰਿਸ਼ਤੇਦਾਰਾਂ, ਸਨੇਹੀਆਂ ਅਤੇ ਜਾਣ-ਪਛਾਣ ਵਾਲਿਆਂ ਵੱਲੋਂ ਵੀ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾਵੇਗਾ।ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਮਾਤਾ ਗੁਰਦਿਆਲ ਕੌਰ ਜੀ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਇਹ ਅਸਹਿ ਵਿਛੋੜਾ ਸਹਿਣ ਦਾ ਬਲ ਬਖਸ਼ਣ। ਮਾਤਾ ਜੀ ਦੀ ਯਾਦ ਸਦਾ ਪਰਿਵਾਰ ਦੇ ਦਿਲਾਂ ਵਿਚ ਅਮਰ ਰਹੇਗੀ।