- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਤਾ ਛੋਟੋ ਕੌਰ ਦਾ ਜੀਵਨ ਮਿਹਨਤ,

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ: ਮਾਤਾ ਛੋਟੋ ਕੌਰ ਦਾ ਜੀਵਨ ਮਿਹਨਤ, ਹਿੰਮਤ, ਸਬਰ ਅਤੇ ਸੰਘਰਸ਼ ਦੀ ਅਜਿਹੀ ਮਿਸਾਲ ਰਿਹਾ, ਜਿਸ ਤੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਨਾ ਮਿਲਦੀ ਰਹੇਗੀ। ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਕਈ ਔਕੜਾਂ ਦਾ ਸਾਹਮਣਾ ਕਰਦਿਆਂ ਪਰਿਵਾਰ ਨੂੰ ਸੰਭਾਲਿਆ ਅਤੇ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਅਣਥੱਕ ਮਿਹਨਤ ਕੀਤੀ। ਉਨ੍ਹਾਂ ਦੇ ਸੰਘਰਸ਼ਮਈ ਜੀਵਨ ਦੀ ਬਦੌਲਤ ਪਰਿਵਾਰ ਨੇ ਤਰੱਕੀ ਦੀਆਂ ਪੌੜੀਆਂ ਚੜ੍ਹੀਆਂ ਅਤੇ ਸਮਾਜ ਵਿਚ ਆਪਣੀ ਵੱਖਰੀ ਪਛਾਣ ਬਣਾਈ। ਮਾਤਾ ਛੋਟੋ ਕੌਰ ਦਾ ਜਨਮ 1 ਜਨਵਰੀ 1948 ਨੂੰ ਮਾਤਾ ਕਰਤਾਰ ਕੌਰ ਦੀ ਕੁੱਖੋਂ ਪਿਤਾ ਗੁਰਦਾਸ ਸਿੰਘ ਮੱਲੇਆਣਾ ਦੇ ਘਰ ਹੋਇਆ ਸੀ ਅਤੇ ਸਾਲ 1971 ਵਿਚ ਉਨ੍ਹਾਂ ਦਾ ਵਿਆਹ ਗੁਰਸੇਵਕ ਸਿੰਘ ਵਾਸੀ ਠੱਠੀ ਭਾਈ ਨਾਲ ਹੋਇਆ। ਪਰਿਵਾਰਕ ਜੀਵਨ ਦੌਰਾਨ ਉਨ੍ਹਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਲਗਨ, ਸਬਰ ਅਤੇ ਸਮਰਪਣ ਨਾਲ ਨਿਭਾਇਆ। ਪਰਿਵਾਰ ਦੀ ਖ਼ੁਸ਼ਹਾਲੀ ਅਤੇ ਬੱਚਿਆਂ ਦੇ ਚੰਗੇ ਭਵਿੱਖ ਲਈ ਉਨ੍ਹਾਂ ਨੇ ਆਪਣੀਆਂ ਨਿੱਜੀ ਇੱਛਾਵਾਂ ਨਾਲੋਂ ਪਰਿਵਾਰ ਦੀਆਂ ਲੋੜਾਂ ਨੂੰ ਹਮੇਸ਼ਾ ਪਹਿਲ ਦਿੱਤੀ। ਮਾਤਾ ਛੋਟੋ ਕੌਰ ਨੂੰ ਵਾਹਿਗੁਰੂ ਨੇ ਇਕ ਪੁੱਤਰ ਡਾ. ਸੁਖਵਿੰਦਰ ਸਿੰਘ ਗੋਲਣ ਅਤੇ ਪੁੱਤਰੀ ਕਰਮਜੀਤ ਕੌਰ ਦੀ ਦਾਤ ਪ੍ਰਾਪਤ ਹੋਈ। ਉਨ੍ਹਾਂ ਦੇ ਪੁੱਤਰ ਡਾ. ਸੁਖਵਿੰਦਰ ਸਿੰਘ ਗੋਲਣ ਆਰਐੱਮਪੀ ਡਾਕਟਰ ਵਜੋਂ ਲੋਕਾਂ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਵੱਲੋਂ ਡਾਕਟਰੀ ਸੇਵਾਵਾਂ ਰਾਹੀਂ ਲੋਕਾਂ ਦੀ ਮਦਦ ਕਰਨਾ ਵੀ ਪਰਿਵਾਰ ਵਿਚ ਮਿਲੇ ਸੰਸਕਾਰਾਂ ਅਤੇ ਸੇਵਾ ਭਾਵਨਾ ਦੀ ਝਲਕ ਪੇਸ਼ ਕਰਦਾ ਹੈ। ਮਾਤਾ ਛੋਟੋ ਕੌਰ ਨੇ ਆਪਣੇ ਜੀਵਨ ਵਿਚ ਮਿਹਨਤ ਨੂੰ ਸਭ ਤੋਂ ਵੱਡਾ ਸਹਾਰਾ ਬਣਾਇਆ ਅਤੇ ਪਰਿਵਾਰ ਨੂੰ ਅੱਗੇ ਵਧਾਉਣ ਲਈ ਹਰ ਸੰਭਵ ਯਤਨ ਕੀਤਾ। ਉਨ੍ਹਾਂ ਦਾ ਜੀਵਨ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਦ੍ਰਿੜ੍ਹ ਇਰਾਦੇ, ਲਗਨ ਅਤੇ ਸਬਰ ਨਾਲ ਮੁਸ਼ਕਲ ਹਾਲਾਤਾਂ ਵਿਚੋਂ ਵੀ ਸਫ਼ਲਤਾ ਦਾ ਰਾਹ ਬਣਾਇਆ ਜਾ ਸਕਦਾ ਹੈ। 18 ਅਕਤੂਬਰ 2026 ਨੂੰ ਮਾਤਾ ਛੋਟੋ ਕੌਰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਨ੍ਹਾਂ ਦੇ ਵਿਛੋੜੇ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਦੀਆਂ ਸਿੱਖਿਆਵਾਂ, ਸੰਘਰਸ਼, ਮਿਹਨਤ ਅਤੇ ਪਰਿਵਾਰ ਪ੍ਰਤੀ ਸਮਰਪਣ ਹਮੇਸ਼ਾ ਪਰਿਵਾਰਕ ਮੈਂਬਰਾਂ ਦੇ ਦਿਲਾਂ ਵਿਚ ਜਿਊਂਦੇ ਰਹਿਣਗੇ। ਮਾਤਾ ਛੋਟੋ ਕੌਰ ਦਾ ਜੀਵਨ ਸਮਾਜ ਲਈ ਵੀ ਪ੍ਰੇਰਨਾ ਦਾ ਸਰੋਤ ਰਹੇਗਾ ਕਿ ਮਾਂ ਦੀ ਮਿਹਨਤ ਅਤੇ ਕੁਰਬਾਨੀ ਪਰਿਵਾਰ ਦੀ ਨੀਂਹ ਨੂੰ ਮਜ਼ਬੂਤ ਬਣਾਉਂਦੀ ਹੈ। ਮਾਤਾ ਛੋਟੋ ਕੌਰ ਨਮਿਤ ਅੱਜ ਮੰਗਲਵਾਰ ਨੂੰ ਪਿੰਡ ਮੱਲੇਆਣਾ ਦੇ ਗੁਰਦੁਆਰਾ ਸਿੰਘ ਸਭਾ ਅੰਦਰਲਾ ਵਿਖੇ ਹੋ ਰਹੀ ਅੰਤਿਮ ਅਰਦਾਸ ਦੌਰਾਨ ਉਨ੍ਹਾਂ ਨੂੰ ਰਾਜਨੀਤਕ, ਧਾਰਮਿਕ, ਸਮਾਜਿਕ ਜਥੇਬੰਦੀਆਂ ਵੱਲੋਂ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਜਾਣਗੇ।