ਕਾਂਗਰਸ ਦੀ ਅਗਵਾਈ ’ਚ ਵੱਖ-ਵੱਖ ਜਥੇਬੰਦੀਆਂ ਨੇ ਕੱਢਿਆ ਮਾਰਚ, ਗਿਆਨੇਸ਼ ਕੁਮਾਰ ਦਾ ਪੁਤਲਾ ਫੂਕਿਆ ਪੰਜਾਬੀ ਜਾਗਰਣ ਟੀਮ, ਮੋਗਾ: ਇੰਡੀਆ ਗੱਠਜੋੜ ਦੇ ਸੱਦੇ ’ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰਾਈ ਨਾਲ ਸਮੀਖਿਆ ਐੱਸਆਈਆਰ ਦੀ ਪ੍ਰਕਿਰਿਆ ਅਤੇ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ਦੇ ਵਿਰੋਧ ਵਿਚ ਅੱਜ ਮੋਗਾ ਵਿਖੇ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਅਗਵਾਈ ਹੇਠ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ। ਇਸ ਰੋਸ ਪ੍ਰਦਰਸ਼ਨ ਵਿਚ ਕਾਂਗਰਸ ਤੋਂ ਇਲਾਵਾ ਭਾਰਤੀ ਕਮਿਊਨਿਸਟ ਪਾਰਟੀ ਸੀਪੀਆਈ, ਸੀਪੀਆਈ ਐੱਮ ਅਤੇ ਸਿਵਲ ਸੁਸਾਇਟੀ ਮੋਗਾ ਦੇ ਆਗੂਆਂ ਤੇ ਵਰਕਰਾਂ ਨੇ ਵੀ ਸ਼ਮੂਲੀਅਤ ਕੀਤੀ। ਪ੍ਰਦਰਸ਼ਨਕਾਰੀਆਂ ਨੇ ਕੇਂਦਰ ਦੀ ਭਾਜਪਾ ਸਰਕਾਰ ਅਤੇ ਚੋਣ ਪ੍ਰਕਿਰਿਆ ਵਿਚ ਕਥਿਤ ਬੇਨਿਯਮੀਆਂ ਦੇ ਵਿਰੋਧ ਵਿਚ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਪੁਤਲਾ ਫੂਕ ਕੇ ਆਪਣਾ ਰੋਸ ਜ਼ਾਹਰ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਹਰੀ ਸਿੰਘ ਖਾਈ ਨੇ ਕੀਤੀ। ਇਸ ਮੌਕੇ ਮੋਗਾ ਵਿਧਾਨ ਸਭਾ ਹਲਕੇ ਦੀ ਇੰਚਾਰਜ ਮਾਲਵਿਕਾ ਸੂਦ ਸੱਚਰ, ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਡਾ. ਪਵਨ ਥਾਪਰ, ਬਾਘਾਪੁਰਾਣਾ ਹਲਕੇ ਦੇ ਆਗੂ ਜਗਸੀਰ ਸਿੰਘ ਕਾਲੇਕੇ ਸਮੇਤ ਕਾਂਗਰਸ, ਖੱਬੀਆਂ ਪਾਰਟੀਆਂ ਅਤੇ ਸਿਵਲ ਸੁਸਾਇਟੀ ਨਾਲ ਜੁੜੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ। ਮੋਗਾ ਦੇ ਪ੍ਰਤਾਪ ਰੋਡ ਸਥਿਤ ਸਿਵਲ ਸੁਸਾਇਟੀ ਮੋਗਾ ਦੇ ਮੁੱਖ ਦਫ਼ਤਰ ਤੋਂ ਰੋਸ ਮਾਰਚ ਦੀ ਸ਼ੁਰੂਆਤ ਕੀਤੀ ਗਈ। ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਦਾ ਵੱਡਾ ਕਾਫ਼ਲਾ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਮੁੱਖ ਚੌਂਕ ਵਿਚ ਪਹੁੰਚਿਆ। ਇੱਥੇ ਪ੍ਰਦਰਸ਼ਨਕਾਰੀਆਂ ਨੇ ਐੱਸਆਈਆਰ ਦੀ ਪ੍ਰਕਿਰਿਆ ਦੇ ਵਿਰੋਧ ਵਿਚ ਨਾਅਰੇਬਾਜ਼ੀ ਕਰਦਿਆਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਪੁਤਲਾ ਫੂਕਿਆ। ਪ੍ਰਦਰਸ਼ਨ ’ਚ ਸ਼ਾਮਲ ਆਗੂਆਂ ਨੇ ਕਿਹਾ ਕਿ ਵੋਟ ਪਾਉਣ ਦਾ ਅਧਿਕਾਰ ਹਰ ਯੋਗ ਨਾਗਰਿਕ ਦਾ ਸੰਵਿਧਾਨਕ ਹੱਕ ਹੈ ਅਤੇ ਇਸ ਦੀ ਰਾਖੀ ਕਰਨਾ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਲਈ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਵੋਟਰ ਸੂਚੀਆਂ ਦੀ ਤਿਆਰੀ ਅਤੇ ਸੋਧ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਹੋਣੀ ਚਾਹੀਦੀ ਹੈ ਤਾਂ ਜੋ ਕਿਸੇ ਵੀ ਯੋਗ ਨਾਗਰਿਕ ਦਾ ਨਾਂ ਗਲਤ ਢੰਗ ਨਾਲ ਵੋਟਰ ਸੂਚੀ ’ਚੋਂ ਨਾ ਕੱਟਿਆ ਜਾਵੇ। ਐੱਸਆਈਆਰ ਦੀ ਪ੍ਰਕਿਰਿਆ ’ਤੇ ਚੁੱਕੇ ਸਵਾਲ ਇਸ ਮੌਕੇ ਵੱਖ-ਵੱਖ ਆਗੂਆਂ ਨੇ ਆਪਣੇ ਸੰਬੋਧਨਾਂ ਵਿਚ ਦੋਸ਼ ਲਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਨੀਤੀਆਂ ਕਾਰਨ ਲੋਕਤੰਤਰੀ ਸੰਸਥਾਵਾਂ ਦੀ ਨਿਰਪੱਖਤਾ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰਾਈ ਨਾਲ ਸਮੀਖਿਆ ਦੀ ਪ੍ਰਕਿਰਿਆ ਦੌਰਾਨ ਜੇਕਰ ਕਿਸੇ ਯੋਗ ਨਾਗਰਿਕ ਦਾ ਨਾਂ ਕੱਟਿਆ ਜਾਂਦਾ ਹੈ ਜਾਂ ਉਸ ਨੂੰ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨ ’ਚ ਮੁਸ਼ਕਲ ਆਉਂਦੀ ਹੈ ਤਾਂ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ। ਆਗੂਆਂ ਨੇ ਕਿਹਾ ਕਿ ਚੋਣ ਕਮਿਸ਼ਨ ਦੀ ਜ਼ਿੰਮੇਵਾਰੀ ਹੈ ਕਿ ਉਹ ਦੇਸ਼ ਦੇ ਹਰ ਯੋਗ ਨਾਗਰਿਕ ਦੇ ਵੋਟ ਦੇ ਅਧਿਕਾਰ ਦੀ ਰਾਖੀ ਕਰੇ ਅਤੇ ਚੋਣਾਂ ਨਾਲ ਸਬੰਧਤ ਹਰ ਪ੍ਰਕਿਰਿਆ ਵਿੱਚ ਪੂਰੀ ਪਾਰਦਰਸ਼ਤਾ ਯਕੀਨੀ ਬਣਾਏ। ਉਨ੍ਹਾਂ ਮੰਗ ਕੀਤੀ ਕਿ ਐੱਸਆਈਆਰ ਦੀ ਪ੍ਰਕਿਰਿਆ ਨਾਲ ਸਬੰਧਤ ਲੋਕਾਂ ਦੀਆਂ ਚਿੰਤਾਵਾਂ ਦਾ ਹੱਲ ਕੀਤਾ ਜਾਵੇ ਅਤੇ ਕਥਿਤ ਬੇਨਿਯਮੀਆਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਪ੍ਰਦਰਸ਼ਨਕਾਰੀਆਂ ਨੇ ਚੋਣਾਂ ਦੌਰਾਨ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਈਵੀਐੱਮ ਦੀ ਕਾਰਗੁਜ਼ਾਰੀ ਨੂੰ ਲੈ ਕੇ ਵੀ ਸਵਾਲ ਉਠਾਏ। ਉਨ੍ਹਾਂ ਦੋਸ਼ ਲਾਇਆ ਕਿ ਚੋਣ ਪ੍ਰਕਿਰਿਆ ਵਿੱਚ ਕਥਿਤ ਬੇਨਿਯਮੀਆਂ ਲੋਕਤੰਤਰ ਵਿਚ ਲੋਕਾਂ ਦੇ ਭਰੋਸੇ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਹਾਲਾਂਕਿ ਇਸ ਸਬੰਧੀ ਲਗਾਏ ਗਏ ਦੋਸ਼ਾਂ ਦੀ ਸੁਤੰਤਰ ਪੁਸ਼ਟੀ ਨਹੀਂ ਹੋਈ। ਸੀਪੀਆਈ, ਸੀਪੀਐੱਮ ਤੇ ਸਿਵਲ ਸੁਸਾਇਟੀ ਨੇ ਕੀਤੀ ਸ਼ਮੂਲੀਅਤ ਰੋਸ ਪ੍ਰਦਰਸ਼ਨ ਦੌਰਾਨ ਸੀਪੀਆਈ ਦੇ ਆਗੂ ਕਾਮਰੇਡ ਕੁਲਦੀਪ ਸਿੰਘ ਭੋਲਾ, ਕਾਮਰੇਡ ਸੁਰਜੀਤ ਸਿੰਘ ਗਗੜਾ, ਕਾਮਰੇਡ ਡਾ. ਇੰਦਰਵੀਰ ਸਿੰਘ ਗਿੱਲ, ਕਾਮਰੇਡ ਪ੍ਰਿੰਸੀਪਲ ਪੂਰਨ ਸਿੰਘ ਅਤੇ ਕਾਮਰੇਡ ਜਗਜੀਤ ਸਿੰਘ ਨੇ ਸ਼ਮੂਲੀਅਤ ਕੀਤੀ। ਇਸੇ ਤਰ੍ਹਾਂ ਸੀਪੀਆਈ (ਐੱਮ) ਵੱਲੋਂ ਸੂਬਾਈ ਕਮੇਟੀ ਮੈਂਬਰ ਸਚਿਨ ਵਡੇਰਾ, ਜ਼ਿਲ੍ਹਾ ਸਕੱਤਰ ਰਾਮ ਕ੍ਰਿਸ਼ਨ ਧਰਮਕੋਟ, ਹਰਦੇਵ ਸਿੰਘ ਤੂਰ ਬੱਡੂਵਾਲ ਅਤੇ ਹੋਰ ਆਗੂ ਹਾਜ਼ਰ ਸਨ। ਇਸ ਮੌਕੇ ਸਿਵਲ ਸੁਸਾਇਟੀ ਮੋਗਾ ਵੱਲੋਂ ਅਜੇ ਸੂਦ ਗੋਰਾ, ਮੋਹਿੰਦਰਪਾਲ ਸਿੰਘ ਲੂੰਬਾ, ਅਮਰ ਅਨੇਜਾ, ਲੱਕੀ ਗਿੱਲ ਅਤੇ ਮਨਿੰਦਰ ਸਿੰਘ ਬੇਦੀ ਸਮੇਤ ਹੋਰ ਮੈਂਬਰਾਂ ਨੇ ਹਿੱਸਾ ਲਿਆ। ਕਾਂਗਰਸ ਵੱਲੋਂ ਸੀਨੀਅਰ ਆਗੂ ਵਿਨੋਦ ਬਾਂਸਲ, ਸਾਬਕਾ ਵਿਧਾਇਕ ਵਿਜੇ ਕੁਮਾਰ ਸਾਥੀ, ਸਾਬਕਾ ਚੇਅਰਮੈਨ ਲਾਭ ਸਿੰਘ ਆਹਲੂਵਾਲੀਆ, ਗੁਰਬਚਨ ਸਿੰਘ ਬਰਾੜ, ਕਰਨਲ ਬਾਬੂ ਸਿੰਘ, ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ, ਇੰਦਰਜੀਤ ਸਿੰਘ ਬੀੜ ਚੜਿੱਕ, ਮਨਜੀਤ ਸਿੰਘ ਮਾਨ, ਸਵਰਨ ਸਿੰਘ ਆਦੀਵਾਲ, ਮਹਿਲਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਗੁਰਦੇਵ ਕੌਰ ਡਰੋਲੀ, ਪਰਮਿੰਦਰ ਸਿੰਘ ਡਿੰਪਲ ਅਤੇ ਜੋਧਾ ਸਿੰਘ ਬਰਾੜ ਸਮੇਤ ਕਈ ਆਗੂ ਮੌਜੂਦ ਸਨ। ਇਸ ਤੋਂ ਇਲਾਵਾ ਵੱਖ-ਵੱਖ ਬਲਾਕਾਂ ਦੇ ਪ੍ਰਧਾਨਾਂ, ਯੂਥ ਆਗੂਆਂ, ਕੌਂਸਲਰਾਂ, ਸਰਪੰਚਾਂ ਅਤੇ ਹੋਰ ਰਾਜਨੀਤਿਕ ਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵੀ ਰੋਸ ਮਾਰਚ ਵਿਚ ਸ਼ਮੂਲੀਅਤ ਕੀਤੀ। ਇਨ੍ਹਾਂ ’ਚ ਜਸਪ੍ਰੀਤ ਸਿੰਘ ਵਿੱਕੀ ਸਰਪੰਚ, ਮਨਪ੍ਰੀਤ ਭੱਟੀ, ਦੁੱਲਾ ਸਿੰਘ, ਕੁਲਵਿੰਦਰ ਸਿੰਘ ਬੱਡੂਵਾਲ, ਜਸਬੀਰ ਸਿੰਘ ਬਰਾੜ ਖੋਟੇ, ਰਾਜਾ, ਸਿਮਰਨਜੀਤ ਸਿੰਘ ਰਿੱਕੀ, ਰਵਿੰਦਰ ਸਿੰਘ ਹੈਪੀ, ਮਿੱਕੀ ਹੁੰਦਲ, ਗੁਰਚਰਨ ਸਿੰਘ ਚੀਦਾ, ਜਸਪਾਲ ਸਿੰਘ ਡਰੋਲੀ, ਗੁਰਜੰਟ ਸਿੰਘ ਬਰਾੜ, ਰਾਜਾ ਸਰਪੰਚ ਸਮਾਲਸਰ, ਕੁਲਵੰਤ ਸਿੰਘ ਜਵਾਹਰ ਸਿੰਘ ਵਾਲਾ, ਮੀਤਾ ਤਖਤੂਪੁਰਾ, ਲਖਵੀਰ ਸਿੰਘ ਘੋਲੀਆ, ਸੰਜੀਵ ਬੰਟੀ ਜਿੰਦਲ, ਕੈਪਟਨ ਬਹਾਦਰ ਸਿੰਘ, ਨਾਵਲਕਾਰ ਮੇਜਰ ਸਿੰਘ ਚਾਹਲ, ਰਾਮ ਪਾਂਡੇ, ਹਰਭਜਨ ਸਿੰਘ ਫਤਿਹਗੜ੍ਹ ਕੋਰੋਟਾਣਾ, ਸੁਖਦੇਵ ਸਿੰਘ ਗਲੋਟੀ, ਬਲਰਾਮ ਸਿੰਘ ਠਾਕੁਰ, ਰੋਹਿਤ ਕਾਲੜਾ, ਸੌਰਵ ਗੋਇਲ, ਪਵਨ ਅਗਰਵਾਲ, ਗੁਰਪ੍ਰੀਤ ਛਾਬੜਾ, ਗੁਰਿੰਦਰ ਸਿੰਘ ਵੈਰੜ, ਡਾ. ਨਰਿੰਦਰ ਪਾਲ ਸਿੰਘ ਅਤੇ ਸੁਖਪਾਲ ਸਿੰਘ ਲਹਿਰਾ ਸਮੇਤ ਹੋਰ ਆਗੂ ਹਾਜ਼ਰ ਸਨ।