ਕਰਵਾ ਚੌਥ ਨੂੰ ਲੈ ਕੇ ਮੋਗਾ ਦੇ ਬਾਜ਼ਾਰਾਂ ’ਚ ਲੱਗੀਆਂ ਰੌਣਕਾਂ, ਮਹਿੰਦੀ ਦੀ ਖ਼ੁਸ਼ਬੂ ਅਤੇ ਚੂੜੀਆਂ ਦੀ ਛਣਕਾਰ ਨੇ ਬਣਾਇਆ ਤਿਉਹਾਰੀ ਮਾਹੌਲ ਪਤੀ ਦੀ ਲੰਮੀ ਉਮਰ ਅਤੇ ਸੁਖੀ
Publish Date: Wed, 28 Oct 2026 05:45 PM (IST)
Updated Date: Thu, 29 Oct 2026 04:02 AM (IST)
ਚੂੜੀਆਂ, ਮਹਿੰਦੀ, ਕਰਵੇ, ਪੂਜਾ ਦੀਆਂ ਥਾਲੀਆਂ ਅਤੇ ਸ਼ਿੰਗਾਰ ਦੇ ਸਾਮਾਨ ਦੀਆਂ ਦੁਕਾਨਾਂ ’ਤੇ ਲੱਗੀਆਂ ਔਰਤਾਂ ਦੀਆਂ ਭੀੜਾਂ, ਬਿਊਟੀ ਪਾਰਲਰਾਂ ’ਚ ਵੀ ਵਧੀ ਰੁਝੇਵਿਆਂ ਦੀ ਰੌਣਕ ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ : ਪਤੀ ਦੀ ਲੰਮੀ ਉਮਰ ਅਤੇ ਸੁਖੀ ਵਿਆਹੁਤਾ ਜੀਵਨ ਦੀ ਕਾਮਨਾ ਦੇ ਪ੍ਰਤੀਕ ਕਰਵਾ ਚੌਥ ਦੇ ਤਿਉਹਾਰ ਨੂੰ ਲੈ ਕੇ ਮੋਗਾ ਸ਼ਹਿਰ ਦੇ ਬਾਜ਼ਾਰਾਂ ਵਿਚ ਖ਼ੂਬ ਰੌਣਕ ਦੇਖਣ ਨੂੰ ਮਿਲ ਰਹੀ ਹੈ। ਤਿਉਹਾਰ ਦੀ ਮਹੱਤਤਾ ਅਤੇ ਰਵਾਇਤੀ ਰੀਤੀ-ਰਿਵਾਜਾਂ ਨੂੰ ਧਿਆਨ ਵਿਚ ਰੱਖਦਿਆਂ ਔਰਤਾਂ ਵੱਲੋਂ ਵਰਤ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ। ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਚੂੜੀਆਂ, ਮਹਿੰਦੀ, ਕਰਵੇ, ਪੂਜਾ ਦੀਆਂ ਥਾਲੀਆਂ ਅਤੇ ਸ਼ਿੰਗਾਰ ਦੇ ਸਾਮਾਨ ਦੀਆਂ ਦੁਕਾਨਾਂ ’ਤੇ ਗਾਹਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਤਿਉਹਾਰ ਨੂੰ ਲੈ ਕੇ ਔਰਤਾਂ ਵਿਚ ਖ਼ਾਸ ਉਤਸ਼ਾਹ ਹੈ ਅਤੇ ਉਹ ਆਪਣੀ ਪਸੰਦ ਦੇ ਸਾਮਾਨ ਦੀ ਖ਼ਰੀਦਦਾਰੀ ਕਰਨ ਲਈ ਬਾਜ਼ਾਰਾਂ ਵਿਚ ਪਹੁੰਚ ਰਹੀਆਂ ਹਨ। ਕਰਵਾ ਚੌਥ ਮੌਕੇ ਹੱਥਾਂ ’ਤੇ ਮਹਿੰਦੀ ਲਗਵਾਉਣ ਦੀ ਰਵਾਇਤ ਦਾ ਵਿਸ਼ੇਸ਼ ਮਹੱਤਵ ਹੈ। ਇਸੇ ਕਾਰਨ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਥਾਂ-ਥਾਂ ਮਹਿੰਦੀ ਲਗਾਉਣ ਲਈ ਸਟਾਲ ਲਗਾਏ ਗਏ ਹਨ। ਇਨ੍ਹਾਂ ਸਟਾਲਾਂ ’ਤੇ ਔਰਤਾਂ ਆਪਣੇ ਹੱਥਾਂ ’ਤੇ ਸੁੰਦਰ ਅਤੇ ਆਕਰਸ਼ਕ ਡਿਜ਼ਾਈਨ ਬਣਵਾਉਣ ਲਈ ਪਹੁੰਚ ਰਹੀਆਂ ਹਨ। ਕਈ ਥਾਵਾਂ ’ਤੇ ਗਾਹਕਾਂ ਦੀ ਗਿਣਤੀ ਇੰਨੀ ਜ਼ਿਆਦਾ ਹੈ ਕਿ ਔਰਤਾਂ ਨੂੰ ਆਪਣੀ ਵਾਰੀ ਦੀ ਉਡੀਕ ਵੀ ਕਰਨੀ ਪੈ ਰਹੀ ਹੈ। ਮਹਿੰਦੀ ਲਗਾਉਣ ਦੇ ਕੰਮ ਵਿਚ ਲੱਗੀਆਂ ਔਰਤਾਂ ਦਾ ਕਹਿਣਾ ਹੈ ਕਿ ਕਰਵਾ ਚੌਥ ਦਾ ਤਿਉਹਾਰ ਨੇੜੇ ਆਉਂਦਿਆਂ ਹੀ ਕੰਮ ਵਿਚ ਕਾਫ਼ੀ ਵਾਧਾ ਹੋ ਜਾਂਦਾ ਹੈ। ਮਹਿੰਦੀ ਨੂੰ ਤਿਉਹਾਰ ਦੀ ਖ਼ੁਸ਼ੀ ਅ ਰਵਾਇਤ ਨਾਲ ਜੋੜਦੀਆਂ ਹਨ ਔਰਤਾਂ ਮਹਿੰਦੀ ਲਗਵਾਉਣ ਲਈ ਪਹੁੰਚੀਆਂ ਔਰਤਾਂ ਦਾ ਕਹਿਣਾ ਹੈ ਕਿ ਕਰਵਾ ਚੌਥ ’ਤੇ ਮਹਿੰਦੀ ਸਿਰਫ਼ ਸ਼ਿੰਗਾਰ ਦਾ ਹਿੱਸਾ ਹੀ ਨਹੀਂ, ਸਗੋਂ ਇਹ ਤਿਉਹਾਰ ਦੀ ਰਵਾਇਤ, ਖ਼ੁਸ਼ੀ ਅਤੇ ਉਤਸ਼ਾਹ ਨਾਲ ਵੀ ਜੁੜੀ ਹੋਈ ਹੈ। ਇਸ ਦੇ ਨਾਲ ਹੀ ਚੂੜੀਆਂ, ਕਰਵੇ, ਪੂਜਾ ਦੀਆਂ ਥਾਲੀਆਂ ਅਤੇ ਸ਼ਿੰਗਾਰ ਦੇ ਸਾਮਾਨ ਦੀਆਂ ਦੁਕਾਨਾਂ ’ਤੇ ਵੀ ਖ਼ਾਸ ਰੌਣਕ ਦੇਖਣ ਨੂੰ ਮਿਲ ਰਹੀ ਹੈ। ਔਰਤਾਂ ਵਰਤ ਨਾਲ ਸਬੰਧਤ ਪੂਜਾ ਸਮੱਗਰੀ ਖ਼ਰੀਦਣ ਦੇ ਨਾਲ-ਨਾਲ ਆਪਣੇ ਸ਼ਿੰਗਾਰ ਲਈ ਵੀ ਮਨਪਸੰਦ ਸਾਮਾਨ ਖ਼ਰੀਦ ਰਹੀਆਂ ਹਨ। ਆਸਥਾ ਤੇ ਰਵਾਇਤ ਨਾਲ ਜੁੜਿਆ ਹੈ ਕਰਵਾ ਚੌਥ ਦਾ ਤਿਉਹਾਰ ਔਰਤਾਂ ਦਾ ਕਹਿਣਾ ਹੈ ਕਿ ਕਰਵਾ ਚੌਥ ਪਤੀ-ਪਤਨੀ ਦੇ ਪਿਆਰ, ਵਿਸ਼ਵਾਸ ਅਤੇ ਸਮਰਪਣ ਦਾ ਪ੍ਰਤੀਕ ਹੈ। ਇਹੀ ਕਾਰਨ ਹੈ ਕਿ ਔਰਤਾਂ ਇਸ ਦਿਨ ਨੂੰ ਖ਼ਾਸ ਬਣਾਉਣ ਲਈ ਕਈ ਦਿਨ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੰਦੀਆਂ ਹਨ। ਕਰਵਾ ਚੌਥ ਤੋਂ ਪਹਿਲਾਂ ਮੋਗਾ ਸ਼ਹਿਰ ਦੇ ਬਾਜ਼ਾਰਾਂ ਵਿੱਚ ਵਧੀ ਚਹਿਲ-ਪਹਿਲ ਲੋਕਾਂ ਦੇ ਉਤਸ਼ਾਹ ਨੂੰ ਬਿਆਨ ਕਰ ਰਹੀ ਹੈ। ਮਹਿੰਦੀ ਦੀ ਖ਼ੁਸ਼ਬੂ, ਚੂੜੀਆਂ ਦੀ ਛਣਕਾਰ, ਸ਼ਿੰਗਾਰ ਦੇ ਸਾਮਾਨ ਦੀਆਂ ਦੁਕਾਨਾਂ ’ਤੇ ਲੱਗੀਆਂ ਭੀੜਾਂ ਅਤੇ ਖ਼ਰੀਦਦਾਰੀ ਕਰਦੀਆਂ ਔਰਤਾਂ ਨੇ ਸ਼ਹਿਰ ਵਿੱਚ ਤਿਉਹਾਰੀ ਮਾਹੌਲ ਸਿਰਜ ਦਿੱਤਾ ਹੈ। ਹਰ ਪਾਸੇ ਕਰਵਾ ਚੌਥ ਦੀਆਂ ਤਿਆਰੀਆਂ ਦੀ ਰੌਣਕ ਦਿਖਾਈ ਦੇ ਰਹੀ ਹੈ।