- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਭਰ ਵਿਚ ਆਪਣੀਆਂ ਲੰਬੇ ਸਮੇਂ

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮੋਗਾ: ਪੰਜਾਬ ਭਰ ਵਿਚ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਸੂਬਾ ਪੱਧਰੀ ਅਣਮਿੱਥੇ ਸਮੇਂ ਦੀ ਹੜਤਾਲ ’ਤੇ ਬੈਠੇ ਸਫ਼ਾਈ ਸੇਵਕਾਂ ਦੇ ਸੰਘਰਸ਼ ਨੂੰ ਸਮਰਥਨ ਦਿੰਦਿਆਂ ਮੋਗਾ ਹਲਕੇ ਦੀ ਕਾਂਗਰਸ ਇੰਚਾਰਜ ਅਤੇ ਸਮਾਜ ਸੇਵੀ ਮਾਲਵਿਕਾ ਸੂਦ ਨੇ ਪੰਜਾਬ ਸਰਕਾਰ ’ਤੇ ਵਾਅਦਾਖ਼ਿਲਾਫ਼ੀ ਦੇ ਦੋਸ਼ ਲਗਾਏ ਹਨ। ਬੀਤੇ ਕੱਲ੍ਹ ਉਨ੍ਹਾਂ ਸ਼ੇਖਾਂ ਵਾਲਾ ਚੌਂਕ ਵਿਖੇ ਕੂੜੇ ਦੇ ਡੰਪ ਤੋਂ ਪ੍ਰੇਸ਼ਾਨ ਦੁਕਾਨਦਾਰਾਂ ਵੱਲੋਂ ਲਗਾਏ ਧਰਨੇ ਵਿਚ ਸ਼ਾਮਲ ਹੋ ਕੇ ਕਿਹਾ ਕਿ ਸਰਕਾਰ ਦੀ ਅਣਗਹਿਲੀ ਕਾਰਨ ਮੋਗਾ ਸ਼ਹਿਰ ਗੰਦਗੀ ਦੇ ਢੇਰਾਂ ਵਿਚ ਤਬਦੀਲ ਹੋ ਗਿਆ ਹੈ ਅਤੇ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਲਵਿਕਾ ਸੂਦ ਨੇ ਕਿਹਾ ਕਿ ਸਫਾਈ ਸੇਵਕ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਨੌਕਰੀਆਂ ਪੱਕੀਆਂ ਕਰਨ ਅਤੇ ਹੋਰ ਜਾਇਜ਼ ਮੰਗਾਂ ਨੂੰ ਲੈ ਕੇ ਕਈ ਵਾਰ ਸਰਕਾਰ ਅਤੇ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਚੁੱਕੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਮਈ ਮਹੀਨੇ ਦੌਰਾਨ ਵੀ ਸਫਾਈ ਸੇਵਕਾਂ ਨੇ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਸੀ, ਜਿਸ ਤੋਂ ਬਾਅਦ ਸਰਕਾਰ ਨੇ ਇੱਕ ਮਹੀਨੇ ਵਿਚ ਮੰਗਾਂ ਦਾ ਹੱਲ ਕਰਨ ਦਾ ਭਰੋਸਾ ਦੇ ਕੇ 21 ਮਈ ਨੂੰ ਹੜਤਾਲ ਖ਼ਤਮ ਕਰਵਾ ਦਿੱਤੀ ਸੀ ਪਰ ਨਿਰਧਾਰਿਤ ਸਮਾਂ ਬੀਤ ਜਾਣ ਦੇ ਬਾਵਜੂਦ ਕੋਈ ਕਾਰਵਾਈ ਨਾ ਹੋਣ ਕਾਰਨ ਸਫਾਈ ਸੇਵਕ 8 ਜੁਲਾਈ ਤੋਂ ਮੁੜ ਹੜਤਾਲ ’ਤੇ ਬੈਠਣ ਲਈ ਮਜਬੂਰ ਹੋਏ ਹਨ। ਉਨ੍ਹਾਂ ਕਿਹਾ ਕਿ ਹੜਤਾਲ ਕਾਰਨ ਮੋਗਾ ਦੇ ਵੱਖ-ਵੱਖ ਇਲਾਕਿਆਂ ਵਿਚ ਕੂੜੇ ਦੇ ਢੇਰ ਲੱਗ ਗਏ ਹਨ, ਜਿਸ ਨਾਲ ਬਦਬੂ, ਮੱਛਰ ਅਤੇ ਮੱਖੀਆਂ ਦਾ ਪ੍ਰਕੋਪ ਵਧ ਗਿਆ ਹੈ। ਇਸ ਕਾਰਨ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ ਅਤੇ ਲੋਕਾਂ ਦਾ ਜਿਉਣਾ ਦੁੱਭਰ ਹੋ ਗਿਆ ਹੈ। ਮਾਲਵਿਕਾ ਸੂਦ ਨੇ ਦੱਸਿਆ ਕਿ ਸੇਖਾਂ ਵਾਲਾ ਚੌਂਕ ਕੋਲ ਲੱਗੇ ਕੂੜੇ ਦੇ ਡੰਪ ਕਾਰਨ ਦੁਕਾਨਦਾਰਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਗਾਹਕ ਦੁਕਾਨਾਂ ’ਤੇ ਆਉਣ ਤੋਂ ਗੁਰੇਜ਼ ਕਰ ਰਹੇ ਹਨ ਅਤੇ ਕਈ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰਨ ਲਈ ਮਜ਼ਬੂਰ ਹੋ ਗਏ ਹਨ। ਇਸ ਤੋਂ ਇਲਾਵਾ ਡੰਪ ਕਾਰਨ ਇਲਾਕੇ ਵਿਚ ਰੋਜ਼ਾਨਾ ਭਾਰੀ ਟਰੈਫਿਕ ਜਾਮ ਲੱਗਦਾ ਹੈ, ਜਿਸ ਵਿਚ ਸਕੂਲੀ ਬੱਸਾਂ ਅਤੇ ਹੋਰ ਵਾਹਨ ਘੰਟਿਆਂ ਤੱਕ ਫਸੇ ਰਹਿੰਦੇ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਬਿਨਾਂ ਕਿਸੇ ਹੋਰ ਦੇਰੀ ਦੇ ਸਫਾਈ ਸੇਵਕਾਂ ਦੀਆਂ ਜਾਇਜ਼ ਮੰਗਾਂ ਮੰਨੀਆਂ ਜਾਣ ਤਾਂ ਜੋ ਹੜਤਾਲ ਖ਼ਤਮ ਹੋ ਸਕੇ ਅਤੇ ਸ਼ਹਿਰ ਦੀ ਸਫਾਈ ਵਿਵਸਥਾ ਮੁੜ ਪਟੜੀ ’ਤੇ ਆ ਸਕੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਤੁਰੰਤ ਕਦਮ ਨਾ ਚੁੱਕੇ ਤਾਂ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ, ਜਿਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪਵੇਗਾ। ਇਸ ਦੇ ਨਾਲ ਹੀ ਉਨ੍ਹਾਂ ਸੱਤਾਧਾਰੀ ਪਾਰਟੀ ਦੇ ਜਨ ਪ੍ਰਤੀਨਿਧੀਆਂ ਨੂੰ ਵੀ ਸਫਾਈ ਸੇਵਕਾਂ ਦੀਆਂ ਮੰਗਾਂ ਦੇ ਹੱਕ ਵਿਚ ਸਰਕਾਰ ’ਤੇ ਦਬਾਅ ਬਣਾਉਣ ਦੀ ਅਪੀਲ ਕੀਤੀ।