ਮਾਲਵਿਕਾ ਸੂਦ ਵੱਲੋਂ ਸਚਿਨ ਪਾਇਲਟ ਨਾਲ ਦਿੱਲੀ ਵਿਖੇ ਮੁਲਾਕਾਤ ਅਗਾਮੀ ਪੰਜਾਬ ਵਿਧਾਨ ਸਭਾ
Publish Date: Tue, 22 Sep 2026 04:02 PM (IST)
Updated Date: Wed, 23 Sep 2026 04:00 AM (IST)
ਅਗਾਮੀ ਵਿਧਾਨ ਸਭਾ ਚੋਣਾਂ, ਪੰਜਾਬ ਦੇ ਸਿਆਸੀ ਹਾਲਾਤ ਅਤੇ ਪਾਰਟੀ ਦੀਆਂ ਗਤੀਵਿਧੀਆਂ ਸਬੰਧੀ ਹੋਇਆ ਵਿਚਾਰ-ਵਟਾਂਦਰਾ ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ : ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੂਬੇ ਅੰਦਰ ਸਿਆਸੀ ਸਰਗਰਮੀਆਂ ਤੇਜ਼ ਹੋਣ ਦੇ ਨਾਲ-ਨਾਲ ਵੱਖ-ਵੱਖ ਪਾਰਟੀਆਂ ਵੱਲੋਂ ਆਪਣੀਆਂ ਸੰਗਠਨਾਤਮਕ ਗਤੀਵਿਧੀਆਂ ਨੂੰ ਵੀ ਤੇਜ਼ ਕੀਤਾ ਜਾ ਰਿਹਾ ਹੈ। ਇਸੇ ਤਹਿਤ ਵਿਧਾਨ ਸਭਾ ਹਲਕਾ ਮੋਗਾ ਦੀ ਕਾਂਗਰਸ ਪਾਰਟੀ ਦੀ ਇੰਚਾਰਜ ਮਾਲਵਿਕਾ ਸੂਦ ਵੱਲੋਂ ਦਿੱਲੀ ਵਿਖੇ ਪੰਜਾਬ ਕਾਂਗਰਸ ਦੇ ਇੰਚਾਰਜ ਤੇ ਏਆਈਸੀਸੀ ਨਰਲ ਸਕੱਤਰ ਸਚਿਨ ਪਾਇਲਟ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਦੌਰਾਨ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ਮੋਗਾ ਵਿਧਾਨ ਸਭਾ ਹਲਕੇ ਦੀ ਸਿਆਸੀ ਸਥਿਤੀ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਸਿਆਸੀ ਹਲਕਿਆਂ ਵਿਚ ਇਸ ਮੁਲਾਕਾਤ ਨੂੰ ਆਗਾਮੀ ਚੋਣਾਂ ਦੀਆਂ ਤਿਆਰੀਆਂ ਦੇ ਸੰਦਰਭ ਵਿਚ ਅਹਿਮ ਮੰਨਿਆ ਜਾ ਰਿਹਾ ਹੈ। ਸਚਿਨ ਪਾਇਲਟ ਵੱਲੋਂ ਪੰਜਾਬ ਦਾ ਇੰਚਾਰਜ ਸੰਭਾਲਣ ਤੋਂ ਬਾਅਦ ਸੂਬੇ ਦੇ ਵੱਖ-ਵੱਖ ਸੀਨੀਅਰ ਆਗੂਆਂ ਨਾਲ ਮੀਟਿੰਗਾਂ ਦਾ ਦੌਰ ਜਾਰੀ ਹੈ, ਜਿਸ ਵਿਚ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ, ਆਗਾਮੀ ਚੋਣਾਂ ਦੀਆਂ ਤਿਆਰੀਆਂ ਅਤੇ ਸੂਬੇ ਦੇ ਮੌਜੂਦਾ ਸਿਆਸੀ ਮਾਹੌਲ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ। ਮਾਲਵਿਕਾ ਸੂਦ ਅਤੇ ਸਚਿਨ ਪਾਇਲਟ ਵਿਚਕਾਰ ਹੋਈ ਇਸ ਮੁਲਾਕਾਤ ਦੌਰਾਨ ਮੋਗਾ ਹਲਕੇ ਵਿਚ ਕਾਂਗਰਸ ਦੀਆਂ ਸਰਗਰਮੀਆਂ, ਪਾਰਟੀ ਵਰਕਰਾਂ ਨਾਲ ਤਾਲਮੇਲ ਅਤੇ ਜ਼ਮੀਨੀ ਪੱਧਰ ’ਤੇ ਲੋਕਾਂ ਨਾਲ ਸੰਪਰਕ ਵਧਾਉਣ ਸਬੰਧੀ ਵੀ ਗੱਲਬਾਤ ਹੋਣ ਦੀ ਜਾਣਕਾਰੀ ਮਿਲੀ ਹੈ। ਮਾਲਵਿਕਾ ਸੂਦ ਵੱਲੋਂ ਹਲਕੇ ਨਾਲ ਸਬੰਧਤ ਸਿਆਸੀ ਅਤੇ ਜਨਤਕ ਮੁੱਦਿਆਂ ਬਾਰੇ ਪਾਰਟੀ ਦੀ ਸੂਬਾਈ ਲੀਡਰਸ਼ਿਪ ਨਾਲ ਵਿਚਾਰ ਸਾਂਝੇ ਕੀਤੇ ਗਏ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਮਾਲਵਿਕਾ ਸੂਦ ਪਿਛਲੇ ਸਮੇਂ ਤੋਂ ਮੋਗਾ ਵਿਧਾਨ ਸਭਾ ਹਲਕੇ ਵਿਚ ਕਾਂਗਰਸ ਦੀਆਂ ਸਰਗਰਮੀਆਂ ਨਾਲ ਜੁੜੀ ਹੋਈ ਹੈ। ਉਨ੍ਹਾਂ ਵੱਲੋਂ ਪਾਰਟੀ ਦੇ ਸੰਗਠਨਾਤਮਕ ਪ੍ਰੋਗਰਾਮਾਂ ਤੋਂ ਇਲਾਵਾ ਲੋਕਾਂ ਨਾਲ ਰਾਬਤਾ ਕਾਇਮ ਕਰਨ ਅਤੇ ਵੱਖ-ਵੱਖ ਸਮਾਜਿਕ ਗਤੀਵਿਧੀਆਂ ਵਿਚ ਵੀ ਹਿੱਸਾ ਲਿਆ ਜਾਂਦਾ ਰਿਹਾ ਹੈ। ਸਤੰਬਰ ਮਹੀਨੇ ਦੇ ਸ਼ੁਰੂ ਵਿਚ ਉਨ੍ਹਾਂ ਨੇ ਸਚਿਨ ਪਾਇਲਟ ਦੀ ਪੰਜਾਬ ਕਾਂਗਰਸ ਇੰਚਾਰਜ ਵਜੋਂ ਨਿਯੁਕਤੀ ਦਾ ਸਵਾਗਤ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਦੀ ਨਿਯੁਕਤੀ ਨਾਲ ਪਾਰਟੀ ਦੀਆਂ ਸਰਗਰਮੀਆਂ ਨੂੰ ਹੋਰ ਬਲ ਮਿਲੇਗਾ। ਮਾਲਵਿਕਾ ਸੂਦ ਸਮਾਜ ਸੇਵਾ ਦੇ ਖੇਤਰ ਨਾਲ ਵੀ ਜੁੜੀ ਰਹੀ ਹੈ ਅਤੇ ਉਨ੍ਹਾਂ ਦੀ ਪਛਾਣ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਭੈਣ ਵਜੋਂ ਵੀ ਹੈ। ਮੋਗਾ ਵਿਚ ਸਮਾਜਿਕ ਕੰਮਾਂ ਅਤੇ ਜਨਤਕ ਗਤੀਵਿਧੀਆਂ ਰਾਹੀਂ ਉਨ੍ਹਾਂ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ। ਇਸ ਕਾਰਨ ਮੋਗਾ ਹਲਕੇ ਵਿਚ ਉਨ੍ਹਾਂ ਦੀਆਂ ਸਿਆਸੀ ਸਰਗਰਮੀਆਂ ਨੂੰ ਸਥਾਨਕ ਸਿਆਸੀ ਹਲਕਿਆਂ ਵੱਲੋਂ ਲਗਾਤਾਰ ਧਿਆਨ ਨਾਲ ਦੇਖਿਆ ਜਾ ਰਿਹਾ ਹੈ। ਕਾਂਗਰਸ ਵੱਲੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਸੰਗਠਨ ਨੂੰ ਸਰਗਰਮ ਕਰਨ ਅਤੇ ਆਗੂਆਂ ਅਤੇ ਵਰਕਰਾਂ ਵਿਚਕਾਰ ਤਾਲਮੇਲ ਵਧਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਮਾਲਵਿਕਾ ਸੂਦ ਅਤੇ ਸਚਿਨ ਪਾਇਲਟ ਵਿਚਕਾਰ ਹੋਈ ਇਸ ਮੁਲਾਕਾਤ ਨੂੰ ਮੋਗਾ ਹਲਕੇ ਦੀਆਂ ਆਉਣ ਵਾਲੀਆਂ ਸਿਆਸੀ ਗਤੀਵਿਧੀਆਂ ਦੇ ਪੱਖੋਂ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਸ ਮੁਲਾਕਾਤ ਤੋਂ ਬਾਅਦ ਹਲਕੇ ਅੰਦਰ ਕਾਂਗਰਸ ਦੀਆਂ ਗਤੀਵਿਧੀਆਂ ਨੂੰ ਹੋਰ ਤੇਜ਼ ਕਰਨ ਅਤੇ ਪਾਰਟੀ ਵਰਕਰਾਂ ਨੂੰ ਲਾਮਬੰਦ ਕਰਨ ਸਬੰਧੀ ਚਰਚਾ ਨੇ ਵੀ ਜ਼ੋਰ ਫੜ੍ਹਿਆ ਹੈ।