ਮਿਸ਼ਨ-2027 ਨੂੰ ਲੈ ਕੇ ਮਾਲਵਿਕਾ ਸੂਦ ਨੇ ਕਾਂਗਰਸ ਨੂੰ ਕੀਤਾ ਹੋਰ ਮਜ਼ਬੂਤ ਵਿਧਾਨ ਸਭਾ ਹਲਕਾ ਮੋਗਾ ਵਿਚ
Publish Date: Wed, 22 Jul 2026 04:23 PM (IST)
Updated Date: Thu, 23 Jul 2026 04:02 AM (IST)
ਇੰਟਕ ਵਿੰਗ ਦੇ ਨਵੇਂ ਅਹੁਦੇਦਾਰਾਂ ਦਾ ਕੀਤਾ ਐਲਾਨ ਨਵ-ਨਿਯੁਕਤ ਆਗੂਆਂ ਨੇ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਕੰਮ ਕਰਨ ਦਾ ਕੀਤਾ ਭਰੋਸਾ ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ : ਵਿਧਾਨ ਸਭਾ ਹਲਕਾ ਮੋਗਾ ਵਿਚ ਕਾਂਗਰਸ ਪਾਰਟੀ ਦੇ ਮਿਸ਼ਨ-2027 ਨੂੰ ਸਫ਼ਲ ਬਣਾਉਣ ਲਈ ਹਲਕਾ ਇੰਚਾਰਜ ਮਾਲਵਿਕਾ ਸੂਦ ਲਗਾਤਾਰ ਸਰਗਰਮ ਨਜ਼ਰ ਆ ਰਹੇ ਹਨ। ਪਾਰਟੀ ਦੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਅਤੇ ਮਜ਼ਦੂਰ ਵਰਗ ਨੂੰ ਕਾਂਗਰਸ ਨਾਲ ਜੋੜਨ ਦੇ ਉਦੇਸ਼ ਨਾਲ ਮਾਲਵਿਕਾ ਸੂਦ ਵੱਲੋਂ ਕਾਂਗਰਸ ਦੇ ਇੰਟਕ ਵਿੰਗ ਵਿਚ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ। ਇਸ ਮੌਕੇ ਬਾਬਾ ਵਿਸ਼ਵਕਰਮਾ ਮਜ਼ਦੂਰ ਯੂਨੀਅਨ ਮੋਗਾ ਨੇ ਵੀ ਮਾਲਵਿਕਾ ਸੂਦ ਦੀ ਅਗਵਾਈ ਵਿਚ ਆਪਣਾ ਸਮਰਥਨ ਜਤਾਉਂਦਿਆਂ ਪਾਰਟੀ ਨਾਲ ਮਜ਼ਬੂਤੀ ਨਾਲ ਖੜ੍ਹੇ ਰਹਿਣ ਦਾ ਐਲਾਨ ਕੀਤਾ। ਇਸ ਮੌਕੇ ਮਾਲਵਿਕਾ ਸੂਦ ਵੱਲੋਂ ਬੇਅੰਤ ਸਿੰਘ ਨੂੰ ਕਾਂਗਰਸ ਇੰਟਕ ਦਾ ਪ੍ਰਧਾਨ, ਗੁਰਮੇਲ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਜਗਤਾਰ ਸਿੰਘ ਘਾਲੀ ਨੂੰ ਵਾਈਸ ਪ੍ਰਧਾਨ ਅਤੇ ਗੁਰਤੇਜ ਸਿੰਘ ਨੂੰ ਸੈਕਟਰੀ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਨਮਤੇਜ ਸਿੰਘ, ਗੁਰਸੇਵਕ ਸਿੰਘ, ਜੱਸਾ ਡਰੋਲੀ, ਰਣਜੀਤ ਸਿੰਘ ਮਹਿਣਾ, ਬਲਵੰਤ ਸਿੰਘ, ਜਰਨੈਲ ਸਿੰਘ, ਗੇਲਾ ਮੋਗਾ, ਚਮਕੌਰ ਸਿੰਘ, ਗੁਰਤੇਜ ਸਿੰਘ ਗਿੱਲ ਅਤੇ ਗੁਰਜੰਟ ਸਿੰਘ ਨੂੰ ਕਾਂਗਰਸ ਇੰਟਕ ਦੇ ਮੈਂਬਰ ਵਜੋਂ ਜ਼ਿੰਮੇਵਾਰੀ ਸੌਂਪੀ ਗਈ। ਨਿਯੁਕਤੀ ਪੱਤਰ ਸੌਂਪਣ ਉਪਰੰਤ ਮਾਲਵਿਕਾ ਸੂਦ ਨੇ ਸਾਰੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਲਈ ਵਧਾਈ ਦਿੱਤੀ। ਇਸ ਮੌਕੇ ਹਾਜ਼ਰ ਇੰਟਕ ਦੇ ਪ੍ਰਧਾਨ ਰਾਜਾ ਘਾਲੀ ਨੇ ਵੀ ਹਲਕਾ ਇੰਚਾਰਜ ਮਾਲਵਿਕਾ ਸੂਦ ਦਾ ਸਮਰਥਨ ਕਰਦਿਆਂ ਆਖਿਆ ਕਿ ਉਹ ਮਾਲਵਿਕਾ ਸੂਦ ਦੀ ਜਿੱਤ ਲਈ ਮਿਹਨਤ ਕਰਨ ਦੀ ਕੋਈ ਕਸਰ ਬਾਕੀ ਨਹੀਂ ਰਹਿਣ ਦੇਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿਚ ਮਿਹਨਤੀ ਅਤੇ ਇਮਾਨਦਾਰ ਵਰਕਰਾਂ ਨੂੰ ਹਮੇਸ਼ਾ ਬਣਦਾ ਮਾਣ-ਸਨਮਾਨ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਿਸ਼ਨ-2027 ਨੂੰ ਧਿਆਨ ਵਿਚ ਰੱਖਦਿਆਂ ਪਾਰਟੀ ਦੇ ਸੰਗਠਨ ਨੂੰ ਬੂਥ ਪੱਧਰ ਤੱਕ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਹਰ ਵਰਗ ਨੂੰ ਨਾਲ ਜੋੜਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਨਵ-ਨਿਯੁਕਤ ਅਹੁਦੇਦਾਰਾਂ ਨੇ ਮਾਲਵਿਕਾ ਸੂਦ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਉਨ੍ਹਾਂ ਦੀ ਅਗਵਾਈ ਹੇਠ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਕੰਮ ਕਰਨਗੇ ਅਤੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਪੂਰੀ ਤਨਦੇਹੀ ਨਾਲ ਜਨ-ਜਨ ਤੱਕ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਪਹੁੰਚਾਉਣਗੇ।