- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮੋਗਾ : 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵਿਧਾਨ ਸਭਾ ਹਲਕਾ ਮੋਗਾ ਤੋਂ ਕਾਂਗਰਸ ਪਾਰਟੀ ਦੀ ਟਿਕਟ ’ਤੇ ਚੋਣ ਲੜ ਚੁੱਕੀ ਅਤੇ ਇਸ ਸਮੇਂ ਹਲਕਾ ਇੰਚਾਰਜ ਵਜੋਂ ਸਰਗਰਮ ਮਾਲਵਿਕਾ ਸੂਦ ਵੱਲੋਂ ਆਪਣੇ ਭਾਜਪਾ ’ਚ ਸ਼ਾਮਲ ਹੋਣ ਸਬੰਧੀ ਉਡ ਰਹੀਆਂ ਅਫ਼ਵਾਹਾਂ ਦਾ ਤਿੱਖਾ ਖੰਡਣ ਕੀਤਾ ਗਿਆ ਹੈ। ਉਨ੍ਹਾਂ ਸਪੱਸ਼ਟ ਸ਼ਬਦਾਂ ’ਚ ਕਿਹਾ ਕਿ ਉਹ ਕਾਂਗਰਸ ਪਾਰਟੀ ਛੱਡ ਕੇ ਕਿਤੇ ਨਹੀਂ ਜਾ ਰਹੀਆਂ ਅਤੇ ਭਵਿੱਖ ’ਚ ਵੀ ਕਾਂਗਰਸ ਪਾਰਟੀ ਵਿਚ ਰਹਿ ਕੇ ਹਲਕੇ ਦੀ ਤਰੱਕੀ ਲਈ ਕੰਮ ਕਰਦੇ ਰਹਿਣਗੇ। ਮਾਲਵਿਕਾ ਸੂਦ ਨੇ ਕਿਹਾ ਕਿ ਕੁੱਝ ਵਿਰੋਧੀ ਤਾਕਤਾਂ ਵੱਲੋਂ ਜਾਣਬੁੱਝ ਕੇ ਝੂਠੀਆਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਸਕੇ। ਉਨ੍ਹਾਂ ਆਖਿਆ ਕਿ ਮੋਗਾ ਹਲਕੇ ਵਿਚ ਦਿਨੋਂ-ਦਿਨ ਉਨ੍ਹਾਂ ਨੂੰ ਮਿਲ ਰਹੀ ਲੋਕਪ੍ਰਿਯਤਾ ਅਤੇ ਲੋਕਾਂ ਵੱਲੋਂ ਦਿੱਤਾ ਜਾ ਰਿਹਾ ਵੱਡਾ ਸਮਰਥਨ ਵਿਰੋਧੀਆਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ, ਜਿਸ ਕਾਰਨ ਉਹ ਇਸ ਤਰ੍ਹਾਂ ਦੀਆਂ ਬੇਬੁਨਿਆਦ ਗੱਲਾਂ ਦਾ ਸਹਾਰਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਕਾਂਗਰਸੀ ਹਾਂ ਅਤੇ ਕਾਂਗਰਸੀ ਹੀ ਰਹਾਂਗੀ। ਮੇਰੀ ਪਹਿਚਾਣ ਕਾਂਗਰਸ ਪਾਰਟੀ ਨਾਲ ਜੁੜੀ ਹੋਈ ਹੈ ਅਤੇ ਮੈਂ ਇਸ ਨੂੰ ਕਿਸੇ ਵੀ ਹਾਲਤ ’ਚ ਨਹੀਂ ਛੱਡਾਂਗੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਹਲਕੇ ਦੇ ਲੋਕਾਂ ਦੀ ਸੇਵਾ ਲਈ ਪੂਰੀ ਤਰ੍ਹਾਂ ਵਚਨਬੱਧ ਹਨ ਅਤੇ ਇਹ ਸੇਵਾ ਉਹ ਕਾਂਗਰਸ ਪਾਰਟੀ ਦੇ ਝੰਡੇ ਹੇਠ ਰਹਿ ਕੇ ਹੀ ਕਰਨਗੇ। ਮਾਲਵਿਕਾ ਸੂਦ ਨੇ ਆਪਣੇ ਵਿਰੋਧੀਆਂ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਿੰਨਾ ਸਮਾਂ ਅਤੇ ਤਾਕਤ ਉਹ ਉਨ੍ਹਾਂ ਦੇ ਖ਼ਿਲਾਫ ਅਫ਼ਵਾਹਾਂ ਫੈਲਾਉਣ ’ਤੇ ਲਗਾ ਰਹੇ ਹਨ, ਜੇ ਉਹ ਉਸੇ ਜ਼ੋਰ ਨਾਲ ਲੋਕਾਂ ਦੀ ਸੇਵਾ ਕਰਨ ਤਾਂ ਹਲਕੇ ’ਚ ਵਿਚਰ ਕੇ ਆਪਣੀ ਪਛਾਣ ਮਜ਼ਬੂਤ ਬਣਾਉਣ। ਇਸ ਮੌਕੇ ਉਨ੍ਹਾਂ ਆਪਣੇ ਸਮਰਥਕਾਂ ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ’ਤੇ ਵਿਸ਼ਵਾਸ ਨਾ ਕਰਨ ਅਤੇ ਪਾਰਟੀ ਦੀ ਮਜ਼ਬੂਤੀ ਲਈ ਇਕਜੁੱਟ ਹੋ ਕੇ ਕੰਮ ਕਰਨ। ਉਨ੍ਹਾਂ ਭਰੋਸਾ ਦਵਾਇਆ ਕਿ ਉਹ ਹਰ ਸਮੇਂ ਆਪਣੇ ਸਮਰਥਕਾਂ ਦੇ ਨਾਲ ਡਟ ਕੇ ਖੜ੍ਹੀ ਹੈ। ਅਖੀਰ ’ਚ ਮਾਲਵਿਕਾ ਸੂਦ ਨੇ ਕਿਹਾ ਕਿ ਸੱਚਾਈ ਹਮੇਸ਼ਾ ਸਾਹਮਣੇ ਆਉਂਦੀ ਹੈ ਅਤੇ ਅਫ਼ਵਾਹਾਂ ਦਾ ਕੋਈ ਲੰਮਾ ਅਸਰ ਨਹੀਂ ਹੁੰਦਾ। ਉਨ੍ਹਾਂ ਦੁਹਰਾਇਆ ਕਿ ਉਹ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕਾਂਗਰਸ ਪਾਰਟੀ ’ਚ ਸੇਵਾਵਾਂ ਨਿਭਾ ਰਹੀ ਹੈ ਅਤੇ ਅੱਗੇ ਵੀ ਜਾਰੀ ਰਹਿਣਗੀਆਂ।