ਸਾਦਗੀ, ਸੇਵਾ ਤੇ ਪਰਿਵਾਰਕ ਏਕਤਾ ਦੀ ਮਿਸਾਲ ਸਨ ਮਲਕੀਤ ਸਿੰਘ ਫੌਜੀ ਸਾਡੇ ਸਮਾਜ ਵਿਚ ਕੁਝ ਸ਼ਖ਼ਸੀਅਤਾਂ
Publish Date: Mon, 12 Oct 2026 04:11 PM (IST)
Updated Date: Mon, 12 Oct 2026 04:12 PM (IST)
ਭੋਗ ਤੇ ਵਿਸ਼ੇਸ਼ ਪਿੰਡ ਰੌਲੀ ਵਿਖੇ ਅੱਜ ਹੋਵੇਗਾ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ : ਸਾਡੇ ਸਮਾਜ ਵਿਚ ਕੁਝ ਸ਼ਖ਼ਸੀਅਤਾਂ ਅਜਿਹੀਆਂ ਹੁੰਦੀਆਂ ਹਨ, ਜੋ ਆਪਣੇ ਜੀਵਨ ਦੌਰਾਨ ਅਜਿਹੇ ਨਿਵੇਕਲੇ ਕਾਰਜ ਕਰ ਜਾਂਦੀਆਂ ਹਨ ਕਿ ਉਨ੍ਹਾਂ ਦੇ ਇਸ ਦੁਨੀਆ ਤੋਂ ਰੁਖ਼ਸਤ ਹੋ ਜਾਣ ਤੋਂ ਬਾਅਦ ਵੀ ਉਨ੍ਹਾਂ ਦੀਆਂ ਯਾਦਾਂ ਲੋਕਾਂ ਦੇ ਦਿਲਾਂ ਵਿਚ ਹਮੇਸ਼ਾ ਜਿਉਂਦੀਆਂ ਰਹਿੰਦੀਆਂ ਹਨ। ਅਜਿਹੀ ਹੀ ਇਕ ਸਤਿਕਾਰਯੋਗ ਸ਼ਖ਼ਸੀਅਤ ਸਨ ਮਲਕੀਤ ਸਿੰਘ ਫੌਜੀ। ਮਲਕੀਤ ਸਿੰਘ ਫੌਜੀ ਦਾ ਜਨਮ ਸਾਲ 1942 ਵਿਚ ਮੋਗਾ ਜ਼ਿਲ੍ਹੇ ਦੇ ਪਿੰਡ ਰੌਲੀ ਵਿਖੇ ਸਵਰਗਵਾਸੀ ਸਰਦਾਰ ਬੰਤ ਸਿੰਘ ਗਿੱਲ ਅਤੇ ਮਾਤਾ ਸਵ ਸਰਦਾਰਨੀ ਹਰ ਕੌਰ ਦੇ ਘਰ ਹੋਇਆ। ਉਹ 4 ਭਰਾਵਾਂ ਅਤੇ ਤਿੰਨ ਭੈਣਾਂ ਚੋਂ ਸਭ ਤੋਂ ਵੱਡੇ ਸਨ। ਉਨ੍ਹਾਂ ਨੇ ਪੰਜਵੀਂ ਜਮਾਤ ਤੱਕ ਦੀ ਪੜ੍ਹਾਈ ਸਰਕਾਰੀ ਪ੍ਰਾਇਮਰੀ ਸਕੂਲ ਮੈਹਿਣਾ ਤੋਂ ਪ੍ਰਾਪਤ ਕੀਤੀ। ਉਹ ਆਪਣੇ ਪਿਤਾ ਜੀ ਨਾਲ ਖੇਤੀਬਾੜੀ ਦੇ ਕੰਮ ਵਿਚ ਹੱਥ ਵਟਾਉਣ ਲੱਗ ਪਏ। ਦੇਸ਼ ਸੇਵਾ ਦਾ ਜਜ਼ਬਾ ਉਨ੍ਹਾਂ ਨੂੰ 2 ਜਨਵਰੀ 1966 ਨੂੰ ਭਾਰਤੀ ਫ਼ੌਜ ਵਿਚ ਲੈ ਗਿਆ। ਫ਼ੌਜ ਵਿਚ ਸੇਵਾਵਾਂ ਨਿਭਾਉਂਦਿਆਂ ਉਨ੍ਹਾਂ ਨੇ ਦੇਸ਼ ਦੀ ਰੱਖਿਆ ਲਈ ਆਪਣਾ ਅਹਿਮ ਯੋਗਦਾਨ ਪਾਇਆ। ਉਨ੍ਹਾਂ ਨੇ 1965 ਅਤੇ 1971 ਦੀਆਂ ਜੰਗਾਂ ਦੌਰਾਨ ਦੁਸ਼ਮਣ ਦਾ ਸਾਹਮਣਾ ਕਰਦਿਆਂ ਬਹਾਦਰੀ ਅਤੇ ਹੌਸਲੇ ਦੀ ਮਿਸਾਲ ਪੇਸ਼ ਕੀਤੀ। ਫ਼ੌਜ ਵਿਚ ਆਪਣੀਆਂ ਸੇਵਾਵਾਂ ਦੌਰਾਨ ਉਨ੍ਹਾਂ ਨੂੰ ਗੋਲਡ ਮੈਡਲਾਂ ਨਾਲ ਵੀ ਸਨਮਾਨਿਤ ਕੀਤਾ ਗਿਆ। 1976 ਵਿਚ ਉਹ ਰਿਜ਼ਰਵ ਸੇਵਾ ਅਧੀਨ ਸੇਵਾਮੁਕਤ ਹੋਏ। ਉਨ੍ਹਾਂ ਦਾ ਵਿਆਹ ਪਿੰਡ ਹਾਕਮ ਸਿੰਘ ਵਾਲਾ ਦੇ ਸਵ ਨਗਿੰਦਰ ਸਿੰਘ ਬੁੱਟਰ ਦੀ ਸਪੁੱਤਰੀ ਬੀਬੀ ਰਣਜੀਤ ਕੌਰ ਨਾਲ ਹੋਇਆ। ਉਨ੍ਹਾਂ ਦੇ ਘਰ ਤਿੰਨ ਪੁੱਤਰਾਂ ਦੀ ਦਾਤ ਬਖ਼ਸ਼ਿਸ਼ ਹੋਈ। ਉਨ੍ਹਾਂ ਦੀ ਚੰਗੀ ਸੋਚ, ਉੱਚੀਆਂ ਕਦਰਾਂ-ਕੀਮਤਾਂ ਅਤੇ ਵਧੀਆ ਪਰਵਰਿਸ਼ ਸਦਕਾ ਉਨ੍ਹਾਂ ਦੇ ਵੱਡੇ ਸਪੁੱਤਰ ਸਰਬਜੀਤ ਸਿੰਘ ਰੌਲੀ ਨੇ ਪੱਤਰਕਾਰੀ ਦੇ ਖੇਤਰ ਵਿਚ ਆਪਣੀ ਵੱਖਰੀ ਪਛਾਣ ਬਣਾਈ ਹੈ, ਜਦਕਿ ਉਨ੍ਹਾਂ ਦੇ ਦੋ ਛੋਟੇ ਪੁੱਤਰ ਗੁਰਮੀਤ ਸਿੰਘ ਅਤੇ ਸੁਖਵਿੰਦਰ ਸਿੰਘ ਪਿਛਲੇ 22 ਸਾਲਾਂ ਤੋਂ ਸਿੰਗਾਪੁਰ ਵਿਚ ਰਹਿ ਕੇ ਆਪਣਾ ਜੀਵਨ ਸੁਚੱਜੇ ਢੰਗ ਨਾਲ ਬਤੀਤ ਕਰ ਰਹੇ ਹਨ। ਉਨ੍ਹਾਂ ਦੀ ਸ਼ਖ਼ਸੀਅਤ ਦਾ ਸਭ ਤੋਂ ਖ਼ੂਬਸੂਰਤ ਪੱਖ ਉਨ੍ਹਾਂ ਦਾ ਸਾਦਗੀ ਭਰਿਆ ਜੀਵਨ, ਸ਼ਾਂਤ ਸੁਭਾਅ ਅਤੇ ਹਰ ਕਿਸੇ ਨਾਲ ਪਿਆਰ-ਸਤਿਕਾਰ ਨਾਲ ਪੇਸ਼ ਆਉਣਾ ਸੀ। ਭਾਵੇਂ ਮਲਕੀਤ ਸਿੰਘ ਫੌਜੀ ਬੀਤੀ 5 ਅਕਤੂਬਰ ਨੂੰ ਸਾਡੇ ਤੋਂ ਸਦਾ ਲਈ ਰੁਸਤਕ ਹੋ ਗਏ ਬੇਸ਼ੱਕ ਉਹ ਸਾਡੇ ਦਰਮਿਆਨ ਸਰੀਰਕ ਤੌਰ ’ਤੇ ਮੌਜੂਦ ਨਹੀਂ ਹਨ, ਪਰ ਉਨ੍ਹਾਂ ਵੱਲੋਂ ਪਰਿਵਾਰ, ਰਿਸ਼ਤੇਦਾਰਾਂ, ਸੱਜਣਾਂ-ਮਿੱਤਰਾਂ ਅਤੇ ਪਿੰਡ ਵਾਸੀਆਂ ਨਾਲ ਬਣਾਈ ਪਿਆਰ ਦੀ ਸਾਂਝ ਹਮੇਸ਼ਾ ਕਾਇਮ ਰਹੇਗੀ। ਮਲਕੀਤ ਸਿੰਘ ਫੌਜੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਪਿੰਡ ਰੌਲੀ ਵਿਖੇ ਕਰਵਾਇਆ ਜਾ ਰਿਹਾ ਹੈ ਜਿੱਥੇ ਉਨ੍ਹਾਂ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਵੱਲੋਂ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਜਾਣਗੇ।