ਨਸ਼ਿਆਂ ਦੇ ਮੁੱਦੇ ’ਤੇ ਸ਼੍ਰੋਅਦ ਦੇ ਹਲਕਾ ਇੰਚਾਰਜ ਮੱਖਣ ਬਰਾੜ ਨੂੰ ਘੇਰਿਆ ਹਲਕਾ ਧਰਮਕੋਟ ਦੀ ਸਿਆਸਤ
Publish Date: Wed, 30 Sep 2026 03:38 PM (IST)
Updated Date: Wed, 30 Sep 2026 03:39 PM (IST)
ਅਕਾਲੀਆਂ ਦੇ ਰਾਜ ’ਚ ਨਸ਼ਾ ਘਰ-ਘਰ ਕਿਵੇਂ ਪੁੱਜਾ : ਅਮਨ ਪੰਡੋਰੀ ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਧਰਮਕੋਟ: ਹਲਕਾ ਧਰਮਕੋਟ ਦੀ ਸਿਆਸਤ ਉਸ ਵੇਲੇ ਗਰਮਾ ਗਈ ਜਦੋਂ ਆਮ ਆਦਮੀ ਪਾਰਟੀ ਦੇ ਆਗੂ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਅਮਨਦੀਪ ਸਿੰਘ ਅਮਨ ਪੰਡੋਰੀ, ਰਵੀ ਗਿੱਲ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਗੁਰਤਾਰ ਸਿੰਘ ਚੇਅਰਮੈਨ, ਸੁਖਬੀਰ ਸਿੰਘ ਚੇਅਰਮੈਨ, ਗੁਰਪ੍ਰੀਤ ਸਿੰਘ ਪ੍ਰਧਾਨ ਨਗਰ ਪੰਚਾਇਤ, ਸਤਵੀਰ ਸਿੰਘ ਸੱਤੀ ਸਰਪੰਚ ਨੇ ਸਾਂਝੀ ਪ੍ਰੈੱਸ ਕਾਨਫਰੰਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ’ਤੇ ਤਿੱਖੇ ਸ਼ਬਦਾਂ ਵਿਚ ਹਮਲਾ ਬੋਲਿਆ। ਨਸ਼ਿਆਂ ਖਿਲਾਫ ਚੱਲ ਰਹੀ ਕਾਰਵਾਈ ਨੂੰ ਲੈ ਕੇ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਨੂੰ ਘਟੀਆ ਸਿਆਸਤ ਕਰਾਰ ਦਿੰਦਿਆਂ ਅਮਨ ਪੰਡੋਰੀ ਨੇ ਕਿਹਾ ਕਿ ਮੱਖਣ ਬਰਾੜ ਨੂੰ ਦੋਸ਼ ਲਗਾਉਣ ਤੋਂ ਪਹਿਲਾਂ ਆਪਣੇ ਆਲੇ ਦੁਆਲੇ ਝਾਤੀ ਮਾਰ ਲੈਣੀ ਚਾਹੀਦੀ ਹੈ। ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਮਨਦੀਪ ਸਿੰਘ ਅਮਨ ਪੰਡੋਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਤੋਂ ਸੱਤਾ ਵਿਚ ਆਈ ਹੈ, ਉਦੋਂ ਤੋਂ ਹੀ ਨਸ਼ਿਆਂ ਖ਼ਿਲਾਫ਼ ਆਰ ਪਾਰ ਦੀ ਲੜਾਈ ਲੜ ਰਹੀ ਹੈ। ਉਨ੍ਹਾਂ ਕਿਹਾ ਜੇਕਰ ਹਲਕਾ ਧਰਮਕੋਟ ਦੀ ਗੱਲ ਕੀਤੀ ਜਾਵੇ ਤਾਂ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਖੁਦ ਫੀਲਡ ਵਿਚ ਉੱਤਰ ਕੇ ਨਸ਼ਿਆਂ ਖ਼ਿਲਾਫ਼ ਵੱਡੀ ਮੁਹਿੰਮ ਚਲਾ ਰਹੇ ਹਨ। ਵਿਧਾਇਕ ਵੱਲੋਂ ਪੁਲਿਸ ਅਧਿਕਾਰੀਆਂ ਦੀ ਕਾਰਗੁਜ਼ਾਰੀ ’ਤੇ ਬਾਜ਼ ਵਾਂਗ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਹਾਲ ਹੀ ਵਿਚ ਕੋਟ ਈਸੇ ਖਾਂ ਦੀ ਥਾਣਾ ਮੁਖੀ ਸੁਨੀਤਾ ਰਾਣੀ ਨੂੰ ਵਿਜੀਲੈਂਸ ਵਿਭਾਗ ਵੱਲੋਂ ਰਿਸ਼ਵਤ ਦੇ ਮਾਮਲੇ ਵਿਚ ਗ੍ਰਿਫਤਾਰ ਕੀਤੇ ਜਾਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਹਮਣੇ ਆਏ ਦੋਸ਼ਾਂ ਅਨੁਸਾਰ ਪੁਲਿਸ ਅਧਿਕਾਰੀ ਵੱਲੋਂ ਇਕ ਨਸ਼ਾ ਤਸਕਰ ਨੂੰ ਬਚਾਉਣ ਲਈ ਰਿਸ਼ਵਤ ਦੀ ਮੰਗ ਕੀਤੀ ਗਈ ਸੀ। ਵਿਜੀਲੈਂਸ ਨੇ ਤੁਰੰਤ ਕਾਰਵਾਈ ਕਰਦਿਆਂ ਉਸਨੂੰ ਗ੍ਰਿਫ਼ਤਾਰ ਕਰ ਲਿਆ। ਇਹੀ ਸਾਡੀ ਸਰਕਾਰ ਦੀ ਨੀਤੀ ਹੈ - ਭਾਵੇਂ ਕੋਈ ਵੀ ਹੋਵੇ, ਜੇਕਰ ਉਹ ਨਸ਼ਾ ਤਸਕਰਾਂ ਨੂੰ ਸ਼ਹਿ ਦੇਵੇਗਾ ਤਾਂ ਬਖ਼ਸ਼ਿਆ ਨਹੀਂ ਜਾਵੇਗਾ। ਮੱਖਣ ਬਰਾੜ ’ਤੇ ਸਿੱਧਾ ਨਿਸ਼ਾਨਾ ਲਾਉਂਦਿਆਂ ਅਮਨ ਪੰਡੋਰੀ ਨੇ ਕਿਹਾ ਕਿ ਜਦੋਂ ਸਰਕਾਰ ਨਸ਼ਾ ਤਸਕਰਾਂ ਦੀ ਕਮਰ ਤੋੜ ਰਹੀ ਹੈ ਅਤੇ ਭ੍ਰਿਸ਼ਟ ਅਧਿਕਾਰੀਆਂ ਨੂੰ ਅੰਦਰ ਸੁੱਟ ਰਹੀ ਹੈ ਤਾਂ ਮੱਖਣ ਬਰਾੜ ਵਰਗੇ ਆਗੂ ਸਰਕਾਰ ਦੀ ਆਲੋਚਨਾ ਕਰ ਰਹੇ ਹਨ। ਇਹੋ ਜਿਹੀ ਸੋਚ ਹੀ ਦੱਸਦੀ ਹੈ ਕਿ ਅਕਾਲੀ ਦਲ ਨਸ਼ਿਆਂ ਨੂੰ ਖ਼ਤਮ ਕਰਨਾ ਚਾਹੁੰਦਾ ਹੈ ਜਾਂ ਬਚਾਉਣਾ ਚਾਹੁੰਦਾ ਹੈ। ਅਮਨ ਪੰਡੋਰੀ ਨੇ ਸਵਾਲ ਚੁੱਕਿਆ ਕਿ ਮੱਖਣ ਬਰਾੜ ਦੱਸਣ ਕਿ ਅਕਾਲੀ ਦਲ ਦੇ ਦਸ ਸਾਲਾਂ ਦੇ ਰਾਜ ਦੌਰਾਨ ਪੰਜਾਬ ਵਿਚ ਨਸ਼ਾ ਘਰ ਘਰ ਕਿਵੇਂ ਪਹੁੰਚਿਆ। ਉਸ ਵੇਲੇ ਕਿਹੜੀ ਸਰਕਾਰ ਨਸ਼ਾ ਤਸਕਰਾਂ ਨੂੰ ਸ਼ਹਿ ਦੇ ਰਹੀ ਸੀ। ਅੱਜ ਜਦੋਂ ਭਗਵੰਤ ਸਿੰਘ ਮਾਨ ਦੀ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਦਿਨ ਰਾਤ ਇਕ ਕਰ ਰਹੀ ਹੈ ਤਾਂ ਮੱਖਣ ਬਰਾੜ ਨੂੰ ਇਹ ਕਾਰਵਾਈ ਹਜ਼ਮ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਨਸ਼ਿਆਂ ਵਰਗੇ ਗੰਭੀਰ ਮੁੱਦੇ ’ਤੇ ਸਿਆਸਤ ਕਰਨ ਦੀ ਬਜਾਏ ਸਾਰੀਆਂ ਸਿਆਸੀ ਧਿਰਾਂ ਨੂੰ ਸਰਕਾਰ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਚਾਹੀਦਾ ਹੈ ਪਰ ਅਕਾਲੀ ਦਲ ਇਸ ਮੁੱਦੇ ’ਤੇ ਵੀ ਸਿਆਸੀ ਰੋਟੀਆਂ ਸੇਕਣ ਤੋਂ ਬਾਜ਼ ਨਹੀਂ ਆ ਰਿਹਾ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੋਗਾ ਦੇ ਚੇਅਰਮੈਨ ਰਵੀ ਗਿੱਲ, ਐਡਵੋਕੇਟ ਗੁਰਪ੍ਰੀਤ ਸਿੰਘ ਕੰਬੋਜ ਪ੍ਰਧਾਨ ਨਗਰ ਪੰਚਾਇਤ ਫਤਿਹਗੜ੍ਹ ਪੰਜਤੂਰ, ਗੁਰਤਾਰ ਸਿੰਘ ਸੰਧੂ ਚੇਅਰਮੈਨ ਮਾਰਕੀਟ ਕਮੇਟੀ, ਸੁਖਬੀਰ ਸਿੰਘ ਮੰਦਰ ਚੇਅਰਮੈਨ ਮਾਰਕੀਟ ਕਮੇਟੀ, ਸਤਬੀਰ ਸਿੰਘ ਸੱਤੀ ਅਤੇ ਸਰਪੰਚ ਜਲਾਲਾਬਾਦ ਵੀ ਹਾਜ਼ਰ ਸਨ।