- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੋਮਣੀ ਅਕਾਲੀ ਦਲ ਦੇ ਯੂਥ

ਗੁਰਦੇਵ ਮਨੇਸ ਪੰਜਾਬੀ ਜਾਗਰਣ ਕੋਟ ਈਸੇ ਖਾਂ : ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਵੱਲੋਂ ਹਲਕਾ ਧਰਮਕੋਟ ਵਿੱਚ 2 ਨਵੰਬਰ ਨੂੰ ਕਰਵਾਈ ਜਾ ਰਹੀ ਯੂਥ ਮਿਲਣੀ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਹਲਕਾ ਧਰਮਕੋਟ ਦੇ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਨੌਜਵਾਨ ਨਾਲ ਮੀਟਿੰਗ ਕਰਕੇ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਵੱਖ-ਵੱਖ ਆਗੂਆਂ ਤੇ ਵਰਕਰਾਂ ਨੂੰ ਉਨ੍ਹਾਂ ਦੀ ਜ਼ਿੰਮੇਵਾਰੀ ਅਨੁਸਾਰ ਡਿਊਟੀਆਂ ਸੌਂਪੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੱਖਣ ਬਰਾੜ ਨੇ ਦੱਸਿਆ ਕਿ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ 2 ਨਵੰਬਰ ਨੂੰ ਕੋਟ ਈਸੇ ਖਾਂ ਵਿਖੇ ਹੋਣ ਵਾਲੀ ਯੂਥ ਮਿਲਣੀ ਵਿਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ ਅਤੇ ਨੌਜਵਾਨਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕਰਨਗੇ। ਉਨ੍ਹਾਂ ਕਿਹਾ ਕਿ ਇਸ ਸਮਾਗਮ ਨੂੰ ਲੈ ਕੇ ਯੂਥ ਵਿੰਗ ਦੇ ਆਗੂਆਂ ਅਤੇ ਵਰਕਰਾਂ ਵਿੱਚ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਮੀਟਿੰਗ ਦੌਰਾਨ ਯੂਥ ਆਗੂਆਂ ਨੂੰ ਆਪੋ-ਆਪਣੇ ਖੇਤਰਾਂ ਵਿੱਚ ਨੌਜਵਾਨਾਂ ਨਾਲ ਸੰਪਰਕ ਕਰਨ ਅਤੇ ਉਨ੍ਹਾਂ ਨੂੰ ਯੂਥ ਮਿਲਣੀ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਦੇ ਨਾਲ ਹੀ ਸਮਾਗਮ ਦੇ ਪ੍ਰਬੰਧਾਂ, ਵਰਕਰਾਂ ਦੀਆਂ ਡਿਊਟੀਆਂ ਅਤੇ ਆਪਸੀ ਤਾਲਮੇਲ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਆਗੂਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ ਸੌਂਪੇ ਗਏ ਕੰਮਾਂ ਨੂੰ ਸਮੇਂ ਸਿਰ ਪੂਰਾ ਕਰਨ, ਤਾਂ ਜੋ ਸਮਾਗਮ ਦੌਰਾਨ ਪ੍ਰਬੰਧ ਸੁਚਾਰੂ ਢੰਗ ਨਾਲ ਚੱਲ ਸਕਣ। ਮੱਖਣ ਬਰਾੜ ਨੇ ਕਿਹਾ ਕਿ ਨੌਜਵਾਨ ਕਿਸੇ ਵੀ ਜਥੇਬੰਦੀ ਦੀ ਅਹਿਮ ਤਾਕਤ ਹੁੰਦੇ ਹਨ ਅਤੇ ਉਨ੍ਹਾਂ ਦੀ ਸਰਗਰਮ ਭੂਮਿਕਾ ਨਾਲ ਜਥੇਬੰਦਕ ਗਤੀਵਿਧੀਆਂ ਨੂੰ ਮਜ਼ਬੂਤੀ ਮਿਲਦੀ ਹੈ। ਉਨ੍ਹਾਂ ਯੂਥ ਵਿੰਗ ਦੇ ਆਗੂਆਂ ਅਤੇ ਵਰਕਰਾਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨ ਅਤੇ ਯੂਥ ਮਿਲਣੀ ਵਿੱਚ ਵੱਧ ਤੋਂ ਵੱਧ ਨੌਜਵਾਨਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਯਤਨ ਕਰਨ ਵਾਸਤੇ ਕਿਹਾ। ਯੂਥ ਮਿਲਣੀ 2 ਨਵੰਬਰ ਨੂੰ ਦੁਪਹਿਰ 2:30 ਵਜੇ ਸ਼ੁੱਭ ਮਿਲਣ ਪੈਲੇਸ, ਧਰਮਕੋਟ ਰੋਡ, ਕੋਟ ਈਸੇ ਖਾਂ ਵਿਖੇ ਹੋਵੇਗੀ। ਇਸ ਮੌਕੇ ਹਲਕਾ ਧਰਮਕੋਟ ਦੇ ਨੌਜਵਾਨਾਂ ਨੂੰ ਵੱਡੀ ਗਿਣਤੀ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ।