- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਗਾ ’ਚ ਤਿਉਹਾਰਾਂ ਦੇ ਸੀਜ਼ਨ ਦੌਰਾਨ

ਖਾਧ ਪਦਾਰਥਾਂ ਦੇ 7 ਸੈਂਪਲ ਭਰੇ, 15 ਕਿੱਲੋ ਖਰਾਬ ਮਠਿਆਈ ਨਸ਼ਟ ਕਰਵਾਈ
ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਮੋਗਾ ’ਚ ਤਿਉਹਾਰਾਂ ਦੇ ਸੀਜ਼ਨ ਦੌਰਾਨ ਲੋਕਾਂ ਨੂੰ ਸਾਫ਼-ਸੁਥਰਾ, ਸੁਰੱਖਿਅਤ ਅਤੇ ਮਿਆਰੀ ਖਾਣ-ਪੀਣ ਦਾ ਸਾਮਾਨ ਮੁਹੱਈਆ ਕਰਵਾਉਣ ਲਈ ਫੂਡ ਸੇਫ਼ਟੀ ਵਿਭਾਗ ਵੱਲੋਂ ਜ਼ਿਲ੍ਹੇ ਵਿਚ ਜਾਂਚ ਮੁਹਿੰਮ ਲਗਾਤਾਰ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਫੂਡ ਸੇਫਟੀ ਟੀਮ ਨੇ ਵੱਡੀ ਕਾਰਵਾਈ ਕਰਦਿਆਂ ਨੂੰ ਧਰਮਕੋਟ, ਫਤਹਿਗੜ੍ਹ ਪੰਜਤੂਰ ਅਤੇ ਇਨ੍ਹਾਂ ਦੇ ਨਾਲ ਲੱਗਦੇ ਇਲਾਕਿਆਂ ਵਿਚ ਡੇਅਰੀਆਂ, ਮਠਿਆਈ ਦੀਆਂ ਦੁਕਾਨਾਂ ਅਤੇ ਬੇਕਰੀਆਂ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ। ਇਸ ਜਾਂਚ ਮੁਹਿੰਮ ਦੌਰਾਨ ਫੂਡ ਸੇਫ਼ਟੀ ਟੀਮ ਵੱਲੋਂ ਵੱਖ-ਵੱਖ ਦੁਕਾਨਾਂ ਅਤੇ ਖਾਣ-ਪੀਣ ਵਾਲੀਆਂ ਵਸਤਾਂ ਦੀ ਤਿਆਰੀ ਕਰਨ ਵਾਲੇ ਅਦਾਰਿਆਂ ਦਾ ਨਿਰੀਖਣ ਕੀਤਾ ਗਿਆ। ਟੀਮ ਨੇ ਖਾਣ-ਪੀਣ ਵਾਲੀਆਂ ਵਸਤਾਂ ਦੀ ਗੁਣਵੱਤਾ, ਸਟੋਰੇਜ਼, ਤਿਆਰੀ ਦੇ ਤਰੀਕਿਆਂ ਅਤੇ ਸਫ਼ਾਈ ਦੇ ਪ੍ਰਬੰਧਾਂ ਦੀ ਜਾਂਚ ਕੀਤੀ। ਇਸ ਦੌਰਾਨ ਕੁੱਲ 7 ਸੈਂਪਲ ਭਰੇ ਗਏ, ਜਿੰਨ੍ਹਾਂ ਵਿਚ ਦੁੱਧ, ਪਨੀਰ, ਦਹੀਂ, ਕਰਵੇ ਵਾਲੀਆਂ ਮੱਠੀਆਂ, ਖੋਆ ਬਰਫ਼ੀ ਅਤੇ ਕਲਾਕੰਦ ਸਮੇਤ ਹੋਰ ਸੰਬੰਧਤ ਖਾਣ-ਪੀਣ ਵਾਲੀਆਂ ਵਸਤਾਂ ਦੇ ਸੈਂਪਲ ਸ਼ਾਮਲ ਹਨ। ਵਿਭਾਗ ਵੱਲੋਂ ਭਰੇ ਗਏ ਸਾਰੇ ਸੈਂਪਲ ਜਾਂਚ ਲਈ ਸਬੰਧਤ ਲੈਬਾਰਟਰੀ ਵਿਚ ਭੇਜੇ ਜਾਣਗੇ। ਲੈਬਾਰਟਰੀ ਦੀਆਂ ਰਿਪੋਰਟਾਂ ਪ੍ਰਾਪਤ ਹੋਣ ਉਪਰੰਤ ਨਤੀਜਿਆਂ ਦੇ ਆਧਾਰ ’ਤੇ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ 2006 ਅਤੇ ਇਸ ਅਧੀਨ ਬਣੇ ਨਿਯਮਾਂ ਅਨੁਸਾਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਚੈਕਿੰਗ ਦੌਰਾਨ ਟੀਮ ਵੱਲੋਂ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਮੌਕੇ ’ਤੇ ਲਗਭਗ 15 ਕਿੱਲੋ ਖ਼ਰਾਬ ਮਿਠਾਈ ਨਸ਼ਟ ਕਰਵਾਈ ਗਈ। ਇਸ ਕਾਰਵਾਈ ਦਾ ਉਦੇਸ਼ ਇਹ ਯਕੀਨੀ ਬਣਾਉਣਾ ਸੀ ਕਿ ਖ਼ਰਾਬ ਜਾਂ ਖਾਣ ਲਈ ਅਣਉਚਿਤ ਮਿਠਾਈ ਲੋਕਾਂ ਨੂੰ ਨਾ ਵੇਚੀ ਜਾਵੇ ਅਤੇ ਖਪਤਕਾਰਾਂ ਦੀ ਸਿਹਤ ਦੀ ਰੱਖਿਆ ਕੀਤੀ ਜਾ ਸਕੇ। ਇਸ ਤੋਂ ਇਲਾਵਾ ਇਕ ਬੇਕਰੀ ਦੀ ਜਾਂਚ ਦੌਰਾਨ ਸਫ਼ਾਈ ਅਤੇ ਸਵੱਛਤਾ ਸਬੰਧੀ ਕਮੀਆਂ ਨੂੰ ਧਿਆਨ ਵਿਚ ਰੱਖਦਿਆਂ ਸਬੰਧਤ ਫੂਡ ਬਿਜ਼ਨੈੱਸ ਅਪਰੇਟਰ ਨੂੰ ਇੰਪਰੂਵਮੈਂਟ ਨੋਟਿਸ ਜਾਰੀ ਕੀਤਾ ਗਿਆ। ਬੇਕਰੀ ਸੰਚਾਲਕ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ ਅਦਾਰੇ ਵਿਚ ਸਫ਼ਾਈ ਦੇ ਮਿਆਰਾਂ ਵਿਚ ਤੁਰੰਤ ਸੁਧਾਰ ਕਰੇ ਅਤੇ ਖਾਣ-ਪੀਣ ਵਾਲੀਆਂ ਵਸਤਾਂ ਦੀ ਤਿਆਰੀ, ਸੰਭਾਲ ਅਤੇ ਸਟੋਰੇਜ ਦੌਰਾਨ ਨਿਰਧਾਰਤ ਨਿਯਮਾਂ ਦੀ ਪਾਲਣਾ ਯਕੀਨੀ ਬਣਾਵੇ। ਫੂਡ ਸੇਫ਼ਟੀ ਵਿਭਾਗ ਵੱਲੋਂ ਸਾਰੇ ਡੇਅਰੀ ਮਾਲਕਾਂ, ਮਠਿਆਈ ਵਿਕਰੇਤਾਵਾਂ ਅਤੇ ਬੇਕਰੀ ਸੰਚਾਲਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਖਾਣ-ਪੀਣ ਵਾਲੀਆਂ ਵਸਤਾਂ ਤਿਆਰ ਕਰਨ ਸਮੇਂ ਸਾਫ਼ ਪਾਣੀ ਅਤੇ ਸਾਫ਼-ਸੁਥਰੇ ਬਰਤਨਾਂ ਦੀ ਵਰਤੋਂ ਕਰਨ, ਕੱਚੇ ਮਾਲ ਦੀ ਗੁਣਵੱਤਾ ਦਾ ਧਿਆਨ ਰੱਖਣ ਅਤੇ ਤਿਆਰ ਵਸਤਾਂ ਨੂੰ ਸਹੀ ਤਾਪਮਾਨ ਅਤੇ ਸੁਰੱਖਿਅਤ ਹਾਲਤਾਂ ਵਿਚ ਸਟੋਰ ਕਰਨ। ਇਸ ਦੇ ਨਾਲ ਹੀ ਕਰਮਚਾਰੀਆਂ ਦੀ ਨਿੱਜੀ ਸਫ਼ਾਈ, ਉਪਕਰਣਾਂ ਦੀ ਨਿਯਮਤ ਸਫ਼ਾਈ ਅਤੇ ਦੁਕਾਨਾਂ ਦੇ ਆਲੇ-ਦੁਆਲੇ ਸਾਫ਼-ਸਫ਼ਾਈ ਰੱਖਣ ਨੂੰ ਵੀ ਯਕੀਨੀ ਬਣਾਇਆ ਜਾਵੇ। ਵਿਭਾਗ ਨੇ ਫੂਡ ਬਿਜ਼ਨਸ ਆਪਰੇਟਰਾਂ ਨੂੰ ਚੰਗੀਆਂ ਨਿਰਮਾਣ ਪ੍ਰਥਾਵਾਂ ਅਤੇ ਚੰਗੀਆਂ ਸਫ਼ਾਈ ਪ੍ਰਥਾਵਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ। ਇਸ ਤੋਂ ਇਲਾਵਾ ਹਰ ਫੂਡ ਬਿਜ਼ਨੈੱਸ ਅਪਰੇਟਰ ਲਈ ਆਪਣੇ ਕਾਰੋਬਾਰ ਦੀ ਕਿਸਮ ਅਤੇ ਲਾਗੂ ਨਿਯਮਾਂ ਅਨੁਸਾਰ ਲੋੜੀਂਦਾ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਪ੍ਰਾਪਤ ਕਰਨਾ ਅਤੇ ਉਸ ਦੀਆਂ ਸ਼ਰਤਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ। ਫੂਡ ਸੇਫਟੀ ਵਿਭਾਗ ਨੇ ਸਪੱਸ਼ਟ ਕੀਤਾ ਕਿ ਖਾਣ-ਪੀਣ ਵਾਲੀਆਂ ਵਸਤਾਂ ਦੀ ਗੁਣਵੱਤਾ ਅਤੇ ਸਫ਼ਾਈ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਲੋਕਾਂ ਦੀ ਸਿਹਤ ਦੀ ਸੁਰੱਖਿਆ ਨੂੰ ਮੁੱਖ ਤਰਜੀਹ ਦਿੰਦਿਆਂ ਜਾਂਚ ਮੁਹਿੰਮਾਂ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰਹਿਣਗੀਆਂ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।