- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹਿਰ ਦੀ ਪ੍ਰਮੁੱਖ ਸੰਸਥਾ ਦ

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮੋਗਾ: ਸ਼ਹਿਰ ਦੀ ਪ੍ਰਮੁੱਖ ਸੰਸਥਾ ਦ ਲਰਨਿੰਗ ਫੀਲਡ ਏ ਗਲੋਬਲ ਸਕੂਲ ਟੀਐੱਲਐੱਫ਼ ਮੋਗਾ ਵਿਖੇ ਗਣੇਸ਼ ਚਤੁਰਥੀ ਦਾ ਪਵਿੱਤਰ ਤਿਉਹਾਰ ਸ਼ਰਧਾ, ਆਧਿਆਤਮਿਕ ਉਤਸ਼ਾਹ ਅਤੇ ਸਾਂਝੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਕੈਂਪਸ ’ਚ ਵਿਧੀਵਤ ਢੰਗ ਨਾਲ ਸ੍ਰੀ ਗਣੇਸ਼ ਜੀ ਦੀ ਸਥਾਪਨਾ ਕੀਤੀ ਗਈ ਅਤੇ ਸਮੁੱਚੇ ਟੀਐੱਲਐੱਫ਼ ਪਰਿਵਾਰ ਦੀ ਸੁੱਖ-ਸਮ੍ਰਿੱਧੀ, ਸਫਲਤਾ, ਗਿਆਨ ਅਤੇ ਚੜ੍ਹਦੀ ਕਲਾ ਲਈ ਪ੍ਰਾਰਥਨਾ ਕੀਤੀ ਗਈ। ਪਵਿੱਤਰ ਸਮਾਗਮ ਦੀ ਅਗਵਾਈ ਸਕੂਲ ਦੇ ਚੇਅਰਮੈਨ ਪ੍ਰਵੀਣ ਗਰਗ, ਚੇਅਰਮੈਨ ਇੰਜੀਨੀਅਰ ਜਨੇਸ਼ ਗਰਗ ਅਤੇ ਡਾਇਰੈਕਟਰ ਡਾ. ਮੁਸਕਾਨ ਗਰਗ ਨੇ ਕੀਤੀ। ਇਸ ਮੌਕੇ ਪ੍ਰਿੰਸੀਪਲ, ਡੀਨ ਅਕੈਡਮਿਕਸ, ਹੈੱਡਮਿਸਟ੍ਰੈੱਸ, ਅਧਿਆਪਕ ਸਾਹਿਬਾਨ, ਸਟਾਫ ਮੈਂਬਰ ਅਤੇ ਵਿਦਿਆਰਥੀ ਮੌਜੂਦ ਸਨ। ਸਮਾਗਮ ਦੀ ਸ਼ੁਰੂਆਤ ਰਵਾਇਤੀ ਪੂਜਾ-ਅਰਚਨਾ ਨਾਲ ਹੋਈ। ਸ਼ਰਧਾਲੂਆਂ ਨੇ ਭਗਵਾਨ ਗਣੇਸ਼ ਜੀ ਨੂੰ ਫੁੱਲ ਅਤੇ ਪ੍ਰਸਾਦ ਅਰਪਿਤ ਕਰਕੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰਾਨ ਪੂਰਾ ਸਕੂਲ ਕੈਂਪਸ ਭਗਤੀ ਅਤੇ ਸਕਾਰਾਤਮਕਤਾ ਦੇ ਮਾਹੌਲ ਨਾਲ ਸਰਾਬੋਰ ਰਿਹਾ। ਸਕੂਲ ਪ੍ਰਬੰਧਕਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਭਗਵਾਨ ਗਣੇਸ਼ ਜੀ ਨੂੰ ਗਿਆਨ, ਬੁੱਧੀ, ਸ਼ੁਭ ਆਰੰਭ ਅਤੇ ਵਿਘਨਹਰਤਾ ਦਾ ਪ੍ਰਤੀਕ ਦੱਸਿਆ। ਉਨ੍ਹਾਂ ਕਿਹਾ ਕਿ ਹਰ ਸ਼ੁਭ ਕਾਰਜ ਤੋਂ ਪਹਿਲਾਂ ਭਗਵਾਨ ਗਣੇਸ਼ ਜੀ ਦਾ ਸਿਮਰਨ ਸਾਨੂੰ ਸਕਾਰਾਤਮਕ ਸੋਚ, ਨਿਮਰਤਾ ਅਤੇ ਦ੍ਰਿੜ੍ਹ ਸੰਕਲਪ ਨਾਲ ਅੱਗੇ ਵਧਣ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਸਮੁੱਚੇ ਟੀਐੱਲਐੱਫ਼ ਪਰਿਵਾਰ ਨੂੰ ਗਣੇਸ਼ ਚਤੁਰਥੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਡਾਇਰੈਕਟਰ ਡਾ. ਮੁਸਕਾਨ ਗਰਗ ਨੇ ਕਿਹਾ ਕਿ ਸਿੱਖਿਆ ਦਾ ਉਦੇਸ਼ ਸਿਰਫ਼ ਵਿਦਿਆਰਥੀਆਂ ਨੂੰ ਅਕਾਦਮਿਕ ਪੱਖੋਂ ਮਜ਼ਬੂਤ ਬਣਾਉਣਾ ਨਹੀਂ, ਸਗੋਂ ਉਨ੍ਹਾਂ ਨੂੰ ਸੰਸਕਾਰਵਾਨ, ਜ਼ਿੰਮੇਵਾਰ ਅਤੇ ਆਪਣੀ ਸੱਭਿਆਚਾਰਕ ਵਿਰਾਸਤ ਨਾਲ ਜੁੜੇ ਹੋਏ ਚੰਗੇ ਇਨਸਾਨ ਬਣਾਉਣਾ ਵੀ ਹੈ। ਸਕੂਲ ਪ੍ਰਬੰਧਨ ਨੇ ਕਿਹਾ ਕਿ ਟੀਐੱਲਐੱਫ਼ ਵਿਖੇ ਸਮੇਂ-ਸਮੇਂ ’ਤੇ ਵੱਖ-ਵੱਖ ਭਾਰਤੀ ਤਿਉਹਾਰਾਂ ਅਤੇ ਸੱਭਿਆਚਾਰਕ ਪਰੰਪਰਾਵਾਂ ਨੂੰ ਉਤਸ਼ਾਹ ਨਾਲ ਮਨਾਉਣ ਦਾ ਉਦੇਸ਼ ਵਿਦਿਆਰਥੀਆਂ ਵਿਚ ਸੱਭਿਆਚਾਰਕ ਚੇਤਨਾ, ਏਕਤਾ ਅਤੇ ਆਪਸੀ ਸਦਭਾਵਨਾ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ। ਸਮਾਗਮ ਦੇ ਅੰਤ ਵਿਚ ਸ੍ਰੀ ਗਣੇਸ਼ ਜੀ ਦੀ ਆਰਾਧਨਾ ਕਰਦਿਆਂ ਟੀਐੱਲਐੱਫ਼ ਪਰਿਵਾਰ ਦੀ ਨਿਰੰਤਰ ਤਰੱਕੀ, ਖੁਸ਼ਹਾਲੀ, ਸਦਭਾਵਨਾ, ਉੱਤਮਤਾ ਅਤੇ ਸਫਲਤਾ ਲਈ ਪ੍ਰਾਰਥਨਾ ਕੀਤੀ ਗਈ।