- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੋਕ ਸਾਹਿਤ ਅਕਾਦਮੀ ਮੋਗਾ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਲੋਕ ਸਾਹਿਤ ਅਕਾਦਮੀ ਮੋਗਾ ਵੱਲੋਂ ਪ੍ਰਸਿੱਧ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਦੇ ਪਲੇਠੇ ਕਾਵਿ-ਸੰਗ੍ਰਹਿ 'ਗਾਹੇ ਬਗਾਹੇ ਕਦੇ ਕਦਾਈ' ਅਤੇ ਧਰਮ ਸਿੰਘ ਗੋਰਾਇਆ (ਅਮਰੀਕਾ) ਦੀ ਵਾਰਤਕ ਪੁਸਤਕ 'ਰਾਵੀ ਮੇਰੇ ਆਰ-ਪਾਰ' ਲੋਕ ਅਰਪਣ ਕੀਤੀਆਂ ਗਈਆਂ। ਭਾਸ਼ਾ ਵਿਭਾਗ ਮੋਗਾ ਦੇ ਹਾਲ ਵਿਚ ਬਹੁਤ ਹੀ ਉਤਸ਼ਾਹ ਪੂਰਵਕ ਮਾਹੌਲ ਵਿਚ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਾਹਿਤਕ ਸਮਾਗਮ ਵਿਚ ਇਲਾਕੇ ਦੇ ਨਾਮਵਰ ਲੇਖਕਾਂ, ਸਾਹਿਤ ਪ੍ਰੇਮੀਆਂ ਅਤੇ ਬੁੱਧੀਜੀਵੀਆਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਸ਼ਾਇਰ ਡਾ.ਅਜੀਤਪਾਲ ਜਟਾਣਾ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਗਾ ਨੇ ਕੀਤੀ । ਪ੍ਰਧਾਨਗੀ ਮੰਡਲ ਵਿਚ ਬਲਦੇਵ ਸਿੰਘ ਸੜਕਨਾਮਾ, ਡਾ. ਸੁਰਜੀਤ ਬਰਾੜ ਘੋਲੀਆ, ਧਰਮ ਸਿੰਘ ਗੁਰਾਇਆ (ਅਮਰੀਕਾ) ਅਤੇ ਲੈਫ਼ਟੀਨੈਂਟ ਕਰਨਲ ਬਾਬੂ ਸਿੰਘ ਸ਼ਾਮਲ ਹੋਏ। ਇਸ ਮੌਕੇ ਦੋਵਾਂ ਪੁਸਤਕਾਂ ਨਾਲ ਸਰੋਤਿਆਂ ਦੀ ਜਾਣ-ਪਛਾਣ ਸ਼ਾਇਰ ਚਰਨਜੀਤ ਸਮਾਲਸਰ ਅਤੇ ਡਾ. ਸੁਰਜੀਤ ਬਰਾੜ ਘੋਲੀਆ ਨੇ ਕਰਵਾਉਦਿਆਂ ਪੁਸਤਕਾਂ ’ਤੇ ਗੰਭੀਰਤਾ ਨਾਲ ਚਰਚਾ ਕਰਦਿਆਂ ਦੱਸਿਆ ਕਿ ਬਲਦੇਵ ਸਿੰਘ ਸੜਕਨਾਮਾ ਦਾ ਪਲੇਠਾ ਕਾਵਿ- ਸੰਗ੍ਰਹਿ ਗਾਹੇ ਬਗਾਹੇ ਕਦੇ ਕਦਾਈ ਉਨ੍ਹਾਂ ਦੇ ਛੇ ਦਹਾਕਿਆਂ ਦੇ ਕਾਵਿਕ ਅਨੁਭਵਾਂ ਅਤੇ ਜ਼ਿੰਦਗੀ ਦੇ ਵਿਭਿੰਨ ਰੰਗਾਂ ਨੂੰ ਬਹੁਤ ਹੀ ਖ਼ੂਬਸੂਰਤ ਢੰਗ ਨਾਲ ਪੇਸ਼ ਕਰਦਾ ਹੈ। ਦੂਜੇ ਪਾਸੇ ਧਰਮ ਸਿੰਘ ਗੋਰਾਇਆ ਅਮਰੀਕਾ ਦੀ ਵਾਰਤਕ ਪੁਸਤਕ 'ਰਾਵੀ ਮੇਰੇ ਆਰ-ਪਾਰ ਮਨੁੱਖੀ ਸੰਵੇਦਨਾਵਾਂ, ਵੰਡ ਦੇ ਦਰਦ, ਪਰਵਾਸੀ ਜੀਵਨ ਅਤੇ ਰਾਵੀ ਦੇ ਇਤਿਹਾਸਿਕ ਪਲਾਂ ਦੇ ਅਨੁਭਵਾਂ ਨੂੰ ਬਾਰੀਕੀ ਨਾਲ ਉਕੇਰਦੀ ਹੈ। ਡਾ. ਅਜੀਤਪਾਲ ਜਟਾਣਾ ਦੁਆਰਾ ਦੋਵਾਂ ਲੇਖਕਾਂ ਦੇ ਸਾਹਿਤਕ ਯੋਗਦਾਨ ਦੀ ਪੁਰਜ਼ੋਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਦੋਵੇਂ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਵਿਚ ਇਕ ਮਹੱਤਵਪੂਰਨ ਵਾਧਾ ਹਨ। ਲੋਕ ਸਾਹਿਤ ਅਕਾਡਮੀ ਦੇ ਪ੍ਰਧਾਨ ਕਰਨਲ ਬਾਬੂ ਸਿੰਘ ਨੇ ਕਿਹਾ ਕਿ ਬਲਦੇਵ ਸਿੰਘ ਸੜਕਨਾਮਾ ਨੇ ਨਾਵਲਕਾਰੀ ਤੋਂ ਬਾਅਦ ਕਵਿਤਾ ਦੇ ਖ਼ੇਤਰ ਵਿਚ ਕਦਮ ਰੱਖ ਕੇ ਆਪਣੇ ਪ੍ਰਸ਼ੰਸਕਾਂ ਨੂੰ ਇਕ ਨਵਾਂ ਤੋਹਫ਼ਾ ਦਿੱਤਾ ਹੈ, ਜਦਕਿ ਧਰਮ ਸਿੰਘ ਗੋਰਾਇਆ ਦੀ ਵਾਰਤਕ ਪੁਸਤਕ ਪੰਜਾਬੀ ਸਾਹਿਤ ਨੂੰ ਨਵੀਆਂ ਉੱਚਾਈਆਂ ਵੱਲ ਲੈ ਕੇ ਜਾਂਦੀ ਹੈ। ਜਸਵੀਰ ਕਲਸੀ ਧਰਮਕੋਟ ਨੇ ਦੋਹਾਂ ਪੁਸਤਕਾਂ ਨੂੰ ਦਿਲ ਦੇ ਕਰੀਬ ਰਹਿਣ ਵਾਲੀਆਂ ਅਤੇ ਮਨਮੋਹਕ ਸ਼ੈਲੀ ਵਿਚ ਰਚੀਆਂ ਕਿਹਾ ਹੈ। ਬਲਦੇਵ ਸਿੰਘ ਸੜਕਨਾਮਾ ਅਤੇ ਧਰਮ ਸਿੰਘ ਗੋਰਾਇਆਂ ਨੇ ਪੁਸਤਕਾਂ ਦੇ ਸਿਰਜਕ ਪਲਾਂ ਨੂੰ ਪਾਠਕਾਂ ਨਾਲ ਸਾਂਝਾ ਕੀਤਾ। ਉਪਰੰਤ ਭਾਸ਼ਾ ਵਿਭਾਗ ਮੋਗਾ ਵੱਲੋਂ ਧਰਮ ਸਿੰਘ ਗੋਰਾਇਆਂ ਦਾ ਸਨਮਾਨ ਵੀ ਕੀਤਾ ਗਿਆ। ਸਮਾਗਮ ਦੌਰਾਨ ਪ੍ਰਧਾਨਗੀ ਮੰਡਲ ਵੱਲੋਂ ਦੋਵਾਂ ਪੁਸਤਕਾਂ ਨੂੰ ਰਸਮੀ ਤੌਰ 'ਤੇ ਲੋਕ ਅਰਪਣ ਕੀਤਾ ਗਿਆ। ਧੂਰੀ ਤੋਂ ਆਏ ਸਾਹਿਤਕਾਰ ਮੂਲ ਚੰਦ ਸ਼ਰਮਾ ਦੇ ਗੀਤ ਨੇ ਸਮਾਗਮ ਨੂੰ ਸਿਖਰ ਵੱਲ ਪਹੁੰਚਾਇਆ। ਮੰਚ ਦਾ ਸੰਚਾਲਨ ਚਰਨਜੀਤ ਸਮਾਲਸਰ ਨੇ ਬਾਖ਼ੂਬੀ ਤਰ੍ਹਾਂ ਕੀਤਾ ਅਤੇ ਮਾਸਟਰ ਪ੍ਰੇਮ ਕੁਮਾਰ ਨੇ ਤਰੰਨਮ ਵਿਚ ਗੀਤ ਪੇਸ਼ ਕਰਕੇ ਰੰਗ ਬੰਨ੍ਹਿਆ। ਇਸ ਸਮਾਗਮ ਵਿਚ ਸਾਹਿਤਕਾਰ ਅਵਤਾਰ ਕਮਾਲ, ਕੁਲਵਿੰਦਰ ਦਿਲਗੀਰ, ਡਾਕਟਰ ਸਰਬਜੀਤ ਕੌਰ ਬਰਾੜ, ਪ੍ਰਿੰ. ਅਵਤਾਰ ਸਿੰਘ ਕਰੀਰ, ਕਰਮਜੀਤ ਕੌਰ ਲੰਢੇਕੇ, ਪਰਮਜੀਤ ਸਿੰਘ ਚੂੜਚੱਕ, ਬਲਦੇਵ ਸਿੰਘ ਢਿੱਲੋਂ, ਬਲਵੀਰ ਸਿੰਘ ਪਰਦੇਸੀ, ਹਰਭਜਨ ਸਿੰਘ ਨਾਗਰਾ, ਹਰਬੰਸ ਸਿੰਘ, ਗੀਤਕਾਰ ਤੇ ਗਾਇਕ ਸੋਨੀ ਮੋਗਾ, ਤਰਸੇਮ ਸਿੰਘ ਘਾਰੂ, ਪਰਮਜੀਤ ਸਿੰਘ ਕੜਿਆਲ, ਦਿਲਬਾਗ ਸਿੰਘ ਬੁੱਕਣ ਵਾਲਾ, ਅਵਤਾਰ ਸਮਾਲਸਰ, ਬਬਲੀ ਮੋਗਾ, ਹਰਵਿੰਦਰ ਬਿਲਾਸਪੁਰ, ਸ਼ਾਇਰ ਹਰਪ੍ਰੀਤ ਸਿੰਘ ਮੋਗਾ ਸਮੇਤ ਵੱਡੀ ਗਿਣਤੀ ਵਿਚ ਪ੍ਰਮੁੱਖ ਹਸਤੀਆਂ ਅਤੇ ਸਾਹਿਤ ਪ੍ਰੇਮੀ ਹਾਜ਼ਰ ਹੋਏ। ਸਾਰਿਆਂ ਨੇ ਦੋਵਾਂ ਰਚਨਾਕਾਰਾਂ ਨੂੰ ਉਨ੍ਹਾਂ ਦੀਆਂ ਨਵੀਆਂ ਪੁਸਤਕਾਂ ਲਈ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਲੋਕ ਸਾਹਿਤ ਅਕਾਦਮੀ ਮੋਗਾ ਭਵਿੱਖ ’ਚ ਵੀ ਅਜਿਹੇ ਉੱਚ-ਪੱਧਰੀ ਸਾਹਿਤਕ ਸਮਾਗਮ ਕਰਵਾ ਕੇ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਸੇਵਾ ਕਰਦੀ ਰਹੇਗੀ। ਅੰਤ ’ਚ ਅਕਾਦਮੀ ਦੇ ਪ੍ਰਧਾਨ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਅਤੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਗਿਆ।