- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤੂੜੀ ਛਿਲਕਾ ਯੂਨੀਅਨ ਮੋਗਾ ਨਾਲ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਤੂੜੀ ਛਿਲਕਾ ਯੂਨੀਅਨ ਮੋਗਾ ਨਾਲ ਸਬੰਧਤ ਇੰਟਕ ਦੀ ਇਕ ਹੰਗਾਮੀ ਮੀਟਿੰਗ ਜਥੇਬੰਦੀ ਦੇ ਮੁੱਖ ਦਫ਼ਤਰ ਮੋਗਾ ਵਿਖੇ ਸੂਬਾ ਪ੍ਰਧਾਨ ਕਰਮਚੰਦ ਚਿੰਡਾਲੀਆ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਯੂਨੀਅਨ ਦੇ ਵੱਖ-ਵੱਖ ਆਗੂਆਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਜਥੇਬੰਦੀ ਦੀ ਕਾਰਜਪ੍ਰਣਾਲੀ ਨੂੰ ਹੋਰ ਸੁਚਾਰੂ ਬਣਾਉਣ, ਵਰਕਰਾਂ ਦੀਆਂ ਸਮੱਸਿਆਵਾਂ ਨੂੰ ਉਭਾਰਨ ਅਤੇ ਯੂਨੀਅਨ ਦੀਆਂ ਗਤੀਵਿਧੀਆਂ ਨੂੰ ਅੱਗੇ ਵਧਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਸਮੂਹ ਵਰਕਰਾਂ ਦੀ ਸਹਿਮਤੀ ਨਾਲ ਦਵਿੰਦਰ ਸਿੰਘ ਘਾਲੀ ਨੂੰ ਯੂਨੀਅਨ ਦਾ ਪ੍ਰਧਾਨ ਚੁਣਿਆ ਗਿਆ ਅਤੇ ਹੋਰ ਅਹੁਦੇਦਾਰਾਂ ਦੀ ਵੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਕਰਮਚੰਦ ਚਿੰਡਾਲੀਆ ਨੇ ਦੱਸਿਆ ਕਿ ਤੂੜੀ ਛਿਲਕਾ ਯੂਨੀਅਨ ਨੂੰ ਮਜ਼ਦੂਰ ਆਗੂ ਵਿਜੈ ਧੀਰ ਐਡਵੋਕੇਟ ਵੱਲੋਂ ਸਰਕਾਰ ਪਾਸੋਂ ਰਜਿਸਟਰਡ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਜਥੇਬੰਦੀ ਪਹਿਲਾਂ ਵੀ ਉਨ੍ਹਾਂ ਦੀ ਰਹਿਨੁਮਾਈ ਹੇਠ ਕੰਮ ਕਰਦੀ ਰਹੀ ਹੈ ਪਰ ਕੁੱਝ ਕਾਰਨਾਂ ਕਰਕੇ ਉਨ੍ਹਾਂ ਦੀ ਗੈਰ-ਹਾਜ਼ਰੀ ਦੌਰਾਨ ਜਥੇਬੰਦੀ ਦੀਆਂ ਗਤੀਵਿਧੀਆਂ ਵਿਚ ਫ਼ਰਕ ਪਿਆ। ਉਨ੍ਹਾਂ ਕਿਹਾ ਕਿ ਯੂਨੀਅਨ ਨਾਲ ਜੁੜੇ ਆਗੂਆਂ ਅਤੇ ਵਰਕਰਾਂ ਦਾ ਆਪਸੀ ਸਹਿਯੋਗ ਹਮੇਸ਼ਾ ਹੀ ਮਹੱਤਵਪੂਰਨ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਸਾਰਿਆਂ ਨੂੰ ਮਿਲਜੁਲ ਕੇ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਯਤਨ ਕਰਨੇ ਚਾਹੀਦੇ ਹਨ। ਕਰਮਚੰਦ ਚਿੰਡਾਲੀਆ ਨੇ ਦੱਸਿਆ ਕਿ ਦਵਿੰਦਰ ਸਿੰਘ ਘਾਲੀ ਪਹਿਲਾਂ ਵੀ ਇਸ ਜਥੇਬੰਦੀ ਵਿਚ ਮੀਤ ਪ੍ਰਧਾਨ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਉਨ੍ਹਾਂ ਦਾ ਯੂਨੀਅਨ ਨਾਲ ਲੰਮੇ ਸਮੇਂ ਤੋਂ ਸਬੰਧ ਰਿਹਾ ਹੈ। ਉਨ੍ਹਾਂ ਕਿਹਾ ਕਿ ਦਵਿੰਦਰ ਸਿੰਘ ਘਾਲੀ ਨੇ ਪਹਿਲਾਂ ਵੀ ਜਥੇਬੰਦੀ ਦੇ ਕੰਮਾਂ ਵਿਚ ਸਹਿਯੋਗ ਦਿੱਤਾ ਹੈ। ਇਸ ਲਈ ਮੀਟਿੰਗ ਵਿਚ ਮੌਜੂਦ ਵਰਕਰਾਂ ਨੇ ਆਪਸੀ ਸਹਿਮਤੀ ਨਾਲ ਫ਼ੈਸਲਾ ਕੀਤਾ ਕਿ ਯੂਨੀਅਨ ਨੂੰ ਕਰਮਚੰਦ ਚਿੰਡਾਲੀਆ ਦੀ ਰਹਿਨੁਮਾਈ ਹੇਠ ਅੱਗੇ ਵਧਾਇਆ ਜਾਵੇ ਅਤੇ ਜਥੇਬੰਦੀ ਦੀ ਨਵੀਂ ਟੀਮ ਦੀ ਚੋਣ ਕਰਕੇ ਇਸ ਦੇ ਕੰਮਕਾਜ ਨੂੰ ਹੋਰ ਸੁਚਾਰੂ ਬਣਾਇਆ ਜਾਵੇ। ਮੀਟਿੰਗ ਦੌਰਾਨ ਸਾਰੇ ਵਰਕਰਾਂ ਦੀ ਸਹਿਮਤੀ ਨਾਲ ਦਵਿੰਦਰ ਸਿੰਘ ਘਾਲੀ ਨੂੰ ਯੂਨੀਅਨ ਦਾ ਪ੍ਰਧਾਨ ਚੁਣਿਆ ਗਿਆ। ਇਸੇ ਤਰ੍ਹਾਂ ਅਜੈਬ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਤੀਰਥ ਸਿੰਘ ਨੂੰ ਮੀਤ ਪ੍ਰਧਾਨ, ਜਸਪਾਲ ਸਿੰਘ ਨੂੰ ਜਨਰਲ ਸਕੱਤਰ, ਸੋਣਾ ਸਿੰਘ ਨੂੰ ਸਕੱਤਰ ਅਤੇ ਪ੍ਰਤਾਪ ਸਿੰਘ ਨੂੰ ਸਲਾਹਕਾਰ ਚੁਣਿਆ ਗਿਆ। ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਕਰਮਚੰਦ ਚਿੰਡਾਲੀਆ ਨੇ ਹਾਰ ਪਾ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਜਥੇਬੰਦੀ ਦੀਆਂ ਜ਼ਿੰਮੇਵਾਰੀਆਂ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਹਾਜ਼ਰ ਵਰਕਰਾਂ ਨੇ ਨਵੀਂ ਟੀਮ ਦੀ ਚੋਣ ਦਾ ਸਵਾਗਤ ਕੀਤਾ। ਨਵ-ਨਿਯੁਕਤ ਪ੍ਰਧਾਨ ਦਵਿੰਦਰ ਸਿੰਘ ਘਾਲੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਪਹਿਲਾਂ ਵੀ ਤੂੜੀ ਛਿਲਕਾ ਯੂਨੀਅਨ ਨਾਲ ਤਨੋ-ਮਨੋ ਜੁੜ ਕੇ ਕੰਮ ਕਰਦੇ ਰਹੇ ਹਨ ਅਤੇ ਭਵਿੱਖ ਵਿਚ ਵੀ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਨਿਭਾਉਣਗੇ। ਇਸ ਮੌਕੇ ਸੁਖਦੇਵ ਸਿੰਘ, ਸੁਰਿੰਦਰ ਸਿੰਘ, ਦਵਿੰਦਰ ਸਿੰਘ, ਬਲਕਾਰ ਸਿੰਘ, ਮਨਜੀਤ ਸਿੰਘ, ਵੀਰ ਸਿੰਘ, ਤਾਰਾ ਸਿੰਘ, ਤਰਸੇਮ ਸਿੰਘ, ਜੋਗਿੰਦਰ ਸਿੰਘ, ਪ੍ਰਤਾਪ ਸਿੰਘ, ਪ੍ਰੀਤਮ ਸਿੰਘ, ਗੇਜਾ ਸਿੰਘ, ਗੁਰਮੇਲ ਸਿੰਘ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।