ਸੁਰੱਖਿਅਤ ਬਚਪਨ ਅਭਿਆਨ ਮੁਹਿੰਮ ਦੀ ਸ਼ੁਰੂਆਤ ਅੱਜ ਮੋਗਾ ਦੇ ਸੇਂਟ ਜੋਸਫ਼
Publish Date: Tue, 27 Oct 2026 07:16 PM (IST)
Updated Date: Wed, 28 Oct 2026 04:07 AM (IST)
ਜਾਗਰੂਕਤਾ, ਸੁਰੱਖਿਆ ਤੇ ਸੰਭਾਲ ਹਰ ਬੱਚੇ ਦਾ ਅਧਿਕਾਰ’ ਹਰ ਬੱਚੇ ਦਾ ਬਚਪਨ, ਸਾਡੀ ਸਭ ਦੀ ਜ਼ਿੰਮੇਵਾਰੀ : ਮਿਸ ਨੀਲਮ ਅਰੋੜਾ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ : ਅੱਜ ਮੋਗਾ ਦੇ ਸੇਂਟ ਜੋਸਫ਼ ਕਾਨਵੈਂਟ ਸਕੂਲ ਵਿਖੇ ਮਿਸ ਨੀਲਮ ਅਰੋੜਾ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਕਰਨ, ਉਨ੍ਹਾਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਅਤੇ ਬਾਲ ਸ਼ੋਸ਼ਣ ਵਿਰੁੱਧ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਉਲੀਕੀ ਗਈ ਵਿਸ਼ੇਸ਼ ਮੁਹਿੰਮ ਸੁਰੱਖਿਅਤ ਬਚਪਨ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਤੇ ਅੱਜ ਇਸ ਵਿਸ਼ੇਸ਼ ਮੁਹਿੰਮ ਸੁਰੱਖਿਅਤ ਬਚਪਨ ਅਭਿਆਨ ਦਾ ਜ਼ਿਲ੍ਹਾ ਮੋਗਾ ਵਿੱਚ ਰਸਮੀ ਆਗਾਜ਼ ਕੀਤਾ ਗਿਆ। ਇਸ ਮੁਹਿੰਮ ਦਾ ਮੁੱਖ ਮਕਸਦ ਸਮਾਜ ਦੇ ਹਰ ਵਰਗ ਨੂੰ ਬੱਚਿਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਜਾਗਰੂਕ ਕਰਨਾ ਹੈ। ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਜਿਲਾ ਤੇ ਸੈਸ਼ਨ ਜੱਜ ਮੋਗਾ ਨੇ ਸਕੂਲੀ ਬੱਚਿਆਂ ਨੂੰ ਸੁਰੱਖਿਅਤ ਅਤੇ ਅਸੁਰੱਖਿਅਤ ਛੂਹ ਦੇ ਫ਼ਰਕ ਬਾਰੇ ਦੱਸਿਆ। ਉਹਨਾਂ ਬੱਚਿਆਂ ਅਤੇ ਅਧਿਆਪਕਾਂ ਨੂੰ ਬਾਲ ਅਧਿਕਾਰਾਂ ਤੇ ਕਾਨੂੰਨੀ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ ਤੇ ਬੱਚਿਆਂ ਦੀ ਸੁਰੱਖਿਆ ਅਤੇ ਤੁਰੰਤ ਮਦਦ ਲਈ ਚਾਈਲਡ ਹੈਲਪਲਾਈਨ ਨੰਬਰ 1098 ਬਾਰੇ ਸਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਬੱਚਿਆਂ ਦੀ ਗੱਲ ਸੁਣੀ ਜਾਵੇ, ਉਨ੍ਹਾਂ ’ਤੇ ਵਿਸ਼ਵਾਸ ਕੀਤਾ ਜਾਵੇ ਅਤੇ ਉਨ੍ਹਾਂ ਦਾ ਸਾਥ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਹਰ ਬੱਚੇ ਨੂੰ ਸੁਰੱਖਿਅਤ, ਸਨਮਾਨਿਤ ਅਤੇ ਖੁਸ਼ ਮਹਿਸੂਸ ਕਰਨ ਦਾ ਅਧਿਕਾਰ ਹੈ ਪਰ ਕਦੇ-ਕਦੇ, ਬੱਚਿਆਂ ਨੂੰ ਅਜਿਹੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿੱਥੇ ਕੋਈ ਉਨ੍ਹਾਂ ਨਾਲ ਗਲਤ ਜਾਂ ਅਸੁਰੱਖਿਅਤ ਤਰੀਕੇ ਨਾਲ ਵਿਵਹਾਰ ਕਰਦਾ ਹੈ। ਇਸ ਤੋਂ ਬਿਨ੍ਹਾਂ ਬੱਚਿਆਂ ਨੂੰ ਸਾਈਬਰ ਕ੍ਰਾਈਮ, ਹੈਲਪ ਲਾਈਨ ਨੰਬਰ 1930 ਅਤੇ ਨਾਲਸਾ ਹੈਲਪਲਾਈਨ ਨੰਬਰ 15100 ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਸ਼੍ਰੀ ਸਿਮਰਨ ਸਿੰਘ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਕਮ-ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ, ਸਕੂਲ ਦੇ ਪ੍ਰਿੰਸੀਪਲ, ਪੈਨਲ ਵਕੀਲ, ਨੋਡਲ ਅਫਸਰ, ਜਿਲਾ ਬਾਲ ਸੁਰੱਖਿਆ ਅਫਸਰ ਮੋਗਾ, ਸਾਈਬਰ ਕ੍ਰਾਈਮ ਦੇ ਬੁਲਾਰੇ ਵੀ ਮੌਜੂਦ ਸਨ। ਇਸ ਤੋਂ ਇਲਾਵਾ ਜਿਲਾ ਮੋਗਾ ਦੇ ਵੱਖ ਵੱਖ ਸਕੂਲਾਂ ਵਿਚ ਵੀ ਹੋਰ ਜੱਜ ਸਾਹਿਬਾਨ ਅਤੇ ਬਾਕੀ ਬੁਲਾਰਿਆਂ ਨੇ ਇਸ ਮੁਹਿੰਮ ਦੇ ਵੱਖ – ਵੱਖ ਵਿਸ਼ਿਆਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ।