
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅੱਜ ਦੇ ਤੇਜ਼ ਰਫ਼ਤਾਰ ਅਤੇ ਭੱਜ-ਦੌੜ

ਕਮੇਡੀਅਨ ਪ੍ਰੀਤਿਸ਼ ਨਰੂਲਾ ਦਾ ਮੋਗਾ ਪੁੱਜਣ ’ਤੇ ਕੀਤਾ ਸਵਾਗਤ
ਵਕੀਲ ਮਹਿਰੋਂ ਪੰਜਾਬੀ ਜਾਗਬਣ ਮੋਗਾ : ਅੱਜ ਦੇ ਤੇਜ਼ ਰਫ਼ਤਾਰ ਅਤੇ ਭੱਜ-ਦੌੜ ਭਰੇ ਜੀਵਨ ਵਿਚ ਮਨੁੱਖ ਆਪਣੀਆਂ ਰੋਜ਼ਾਨਾ ਦੀਆਂ ਜ਼ਿੰਮੇਵਾਰੀਆਂ, ਕੰਮ-ਕਾਜ ਅਤੇ ਭਵਿੱਖ ਦੀਆਂ ਚਿੰਤਾਵਾਂ ਵਿੱਚ ਇਸ ਕਦਰ ਰੁੱਝ ਗਿਆ ਹੈ ਕਿ ਉਹ ਜ਼ਿੰਦਗੀ ਦੇ ਖੂਬਸੂਰਤ ਪਲਾਂ ਨੂੰ ਮਾਣਨਾ ਹੀ ਭੁੱਲਦਾ ਜਾ ਰਿਹਾ ਹੈ। ਮਨੁੱਖ ਲਈ ਜਿੱਥੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਇਮਾਨਦਾਰੀ ਨਾਲ ਨਿਭਾਉਣਾ ਜ਼ਰੂਰੀ ਹੈ, ਉੱਥੇ ਹੀ ਖੁਸ਼ ਰਹਿਣਾ, ਹੱਸਣਾ ਅਤੇ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਖੁਸ਼ੀ ਦੇ ਪਲ ਬਿਤਾਉਣਾ ਵੀ ਜੀਵਨ ਦਾ ਅਹਿਮ ਹਿੱਸਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੋਗਾ ਪਹੁੰਚੇ ਕਮੇਡੀਅਨ ਪ੍ਰੀਤਿਸ਼ ਨਰੂਲਾ ਨੇ ਗੱਲਬਾਤ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਮਾਨਵ ਸਿੰਘ ਵੀ ਮੌਜੂਦ ਸਨ। ਪ੍ਰੀਤਿਸ਼ ਨਰੂਲਾ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਹਰ ਵਿਅਕਤੀ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਮਿਹਨਤ ਕਰ ਰਿਹਾ ਹੈ, ਪਰ ਇਸ ਦੌੜ ਵਿਚ ਕਈ ਵਾਰ ਉਹ ਆਪਣੀ ਮਾਨਸਿਕ ਖੁਸ਼ੀ ਅਤੇ ਸਕੂਨ ਨੂੰ ਪਿੱਛੇ ਛੱਡ ਦਿੰਦਾ ਹੈ। ਉਨ੍ਹਾਂ ਕਿਹਾ ਕਿ ਕੰਮਕਾਜ ਅਤੇ ਜ਼ਿੰਮੇਵਾਰੀਆਂ ਜ਼ਿੰਦਗੀ ਦਾ ਮਹੱਤਵਪੂਰਨ ਹਿੱਸਾ ਹਨ, ਪਰ ਇਹ ਪੂਰੀ ਜ਼ਿੰਦਗੀ ਨਹੀਂ ਹਨ। ਮਨੁੱਖ ਨੂੰ ਚਾਹੀਦਾ ਹੈ ਕਿ ਉਹ ਆਪਣੇ ਰੁਝੇਵਿਆਂ ਵਿਚੋਂ ਕੁੱਝ ਸਮਾਂ ਆਪਣੇ ਪਰਿਵਾਰ, ਦੋਸਤਾਂ ਅਤੇ ਆਪਣੀਆਂ ਪਸੰਦ ਦੀਆਂ ਗਤੀਵਿਧੀਆਂ ਲਈ ਜ਼ਰੂਰ ਕੱਢੇ। ਉਨ੍ਹਾਂ ਕਿਹਾ ਕਿ ਹੱਸਣਾ ਅਤੇ ਖੁਸ਼ ਰਹਿਣਾ ਮਨੁੱਖੀ ਜੀਵਨ ਲਈ ਬੇਹੱਦ ਜ਼ਰੂਰੀ ਹੈ। ਹਾਸਾ ਨਾ ਸਿਰਫ਼ ਮਾਹੌਲ ਨੂੰ ਖੁਸ਼ਗਵਾਰ ਬਣਾਉਂਦਾ ਹੈ, ਸਗੋਂ ਮਨੁੱਖ ਨੂੰ ਤਣਾਅ ਅਤੇ ਰੋਜ਼ਾਨਾ ਦੀਆਂ ਚਿੰਤਾਵਾਂ ਤੋਂ ਕੁਝ ਸਮੇਂ ਲਈ ਦੂਰ ਕਰਕੇ ਜ਼ਿੰਦਗੀ ਨੂੰ ਨਵੇਂ ਨਜ਼ਰੀਏ ਨਾਲ ਦੇਖਣ ਦਾ ਮੌਕਾ ਵੀ ਦਿੰਦਾ ਹੈ। ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿੱਚ ਮੁਸ਼ਕਲਾਂ ਹਰ ਵਿਅਕਤੀ ਦੇ ਹਿੱਸੇ ਆਉਂਦੀਆਂ ਹਨ ਅਤੇ ਕੋਈ ਵੀ ਮਨੁੱਖ ਇਨ੍ਹਾਂ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਹੈ। ਫ਼ਰਕ ਸਿਰਫ਼ ਇਸ ਗੱਲ ਦਾ ਹੁੰਦਾ ਹੈ ਕਿ ਅਸੀਂ ਇਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਿਸ ਸੋਚ ਅਤੇ ਹੌਸਲੇ ਨਾਲ ਕਰਦੇ ਹਾਂ। ਕਮੇਡੀਅਨ ਪ੍ਰੀਤਿਸ਼ ਨਰੂਲਾ ਨੇ ਕਿਹਾ ਕਿ ਮੁਸ਼ਕਲ ਹਾਲਾਤਾਂ ਵਿੱਚ ਵੀ ਸਕਾਰਾਤਮਕ ਸੋਚ ਬਣਾਈ ਰੱਖਣਾ ਬਹੁਤ ਮਹੱਤਵਪੂਰਨ ਹੈ। ਜੇਕਰ ਮਨੁੱਖ ਹਰ ਸਥਿਤੀ ਵਿੱਚ ਨਕਾਰਾਤਮਕਤਾ ਲੱਭਣ ਦੀ ਬਜਾਏ ਉਸ ਵਿੱਚੋਂ ਕੋਈ ਚੰਗੀ ਗੱਲ ਸਿੱਖਣ ਦੀ ਕੋਸ਼ਿਸ਼ ਕਰੇ ਤਾਂ ਜੀਵਨ ਕਾਫ਼ੀ ਸੁਖਦਾਇਕ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ਿੰਦਗੀ ਦੀਆਂ ਵੱਡੀਆਂ ਖੁਸ਼ੀਆਂ ਦੇ ਨਾਲ-ਨਾਲ ਛੋਟੀਆਂ-ਛੋਟੀਆਂ ਖੁਸ਼ੀਆਂ ਨੂੰ ਮਹਿਸੂਸ ਕਰਨਾ ਵੀ ਬਹੁਤ ਜ਼ਰੂਰੀ ਹੈ। ਪਰਿਵਾਰ ਨਾਲ ਬੈਠ ਕੇ ਗੱਲਬਾਤ ਕਰਨਾ, ਦੋਸਤਾਂ ਨਾਲ ਹੱਸਣਾ-ਮਜ਼ਾਕ ਕਰਨਾ ਅਤੇ ਆਪਣੇ ਮਨਪਸੰਦ ਕੰਮ ਲਈ ਸਮਾਂ ਕੱਢਣਾ ਮਨੁੱਖ ਨੂੰ ਅੰਦਰੋਂ ਖੁਸ਼ੀ ਅਤੇ ਸਕੂਨ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅਕਸਰ ਲੋਕ ਜਾਂ ਤਾਂ ਬੀਤੇ ਸਮੇਂ ਦੀਆਂ ਘਟਨਾਵਾਂ ਨੂੰ ਲੈ ਕੇ ਪਰੇਸ਼ਾਨ ਰਹਿੰਦੇ ਹਨ ਜਾਂ ਫਿਰ ਆਉਣ ਵਾਲੇ ਸਮੇਂ ਦੀਆਂ ਚਿੰਤਾਵਾਂ ਵਿੱਚ ਘਿਰੇ ਰਹਿੰਦੇ ਹਨ। ਇਸ ਕਾਰਨ ਉਹ ਆਪਣੇ ਸਾਹਮਣੇ ਮੌਜੂਦ ਵਰਤਮਾਨ ਦੇ ਕੀਮਤੀ ਪਲਾਂ ਨੂੰ ਜੀਣਾ ਹੀ ਭੁੱਲ ਜਾਂਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬੀਤੇ ਸਮੇਂ ਤੋਂ ਸਿੱਖਿਆ ਲੈ ਕੇ ਅਤੇ ਭਵਿੱਖ ਲਈ ਯੋਜਨਾ ਬਣਾਉਂਦੇ ਹੋਏ ਮਨੁੱਖ ਨੂੰ ਵਰਤਮਾਨ ਪਲ ਦੀ ਵੀ ਕਦਰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਚਿਹਰੇ ’ਤੇ ਮੁਸਕਾਨ ਰੱਖਣਾ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਵਿੱਚ ਖੁਸ਼ੀ ਵੰਡਣਾ ਜ਼ਿੰਦਗੀ ਨੂੰ ਹੋਰ ਵੀ ਖੂਬਸੂਰਤ ਬਣਾ ਦਿੰਦਾ ਹੈ। ਪ੍ਰੀਤਿਸ਼ ਨਰੂਲਾ ਨੇ ਕਿਹਾ ਕਿ ਕਮੇਡੀ ਦਾ ਮਕਸਦ ਸਿਰਫ਼ ਲੋਕਾਂ ਨੂੰ ਹਸਾਉਣਾ ਹੀ ਨਹੀਂ, ਸਗੋਂ ਉਨ੍ਹਾਂ ਨੂੰ ਕੁਝ ਸਮੇਂ ਲਈ ਰੋਜ਼ਾਨਾ ਦੀਆਂ ਚਿੰਤਾਵਾਂ ਤੋਂ ਬਾਹਰ ਕੱਢ ਕੇ ਖੁਸ਼ੀ ਅਤੇ ਸਕਾਰਾਤਮਕਤਾ ਦਾ ਅਹਿਸਾਸ ਕਰਵਾਉਣਾ ਵੀ ਹੈ। ਉਨ੍ਹਾਂ ਕਿਹਾ ਕਿ ਜਦੋਂ ਲੋਕ ਇਕੱਠੇ ਬੈਠ ਕੇ ਹੱਸਦੇ ਹਨ ਤਾਂ ਆਪਸੀ ਸਾਂਝ ਵੀ ਮਜ਼ਬੂਤ ਹੁੰਦੀ ਹੈ। ਇਸ ਲਈ ਹਰ ਵਿਅਕਤੀ ਨੂੰ ਆਪਣੀ ਜ਼ਿੰਦਗੀ ਵਿੱਚ ਹਾਸੇ ਅਤੇ ਖੁਸ਼ੀ ਲਈ ਵੀ ਥਾਂ ਬਣਾਉਣੀ ਚਾਹੀਦੀ ਹੈ। ਇਸ ਮੌਕੇ ਆਰਕੀਟੈਕਟ ਸੌਰਵ ਵਰਮਾ, ਸਰਲ ਦਾਨੀਆ, ਹਰਪ੍ਰੀਤ ਗਿੱਲ, ਹਰਦੀਪ ਹਾਂਡਾ ਪਟਿਆਲਾ, ਆਰਟਿਸਟ ਰਿਚੀ ਟੰਡਨ, ਜਸ਼ਨ ਗਰਗ, ਸਮੀਰ ਖਾਨ, ਰਾਜਿੰਦਰ ਸਿੰਘ ਅਤੇ ਸ਼ੁਭਮ ਵਰਮਾ ਮੋਗਾ ਸਮੇਤ ਹੋਰ ਪਤਵੰਤੇ ਅਤੇ ਸ਼ਖ਼ਸੀਅਤਾਂ ਹਾਜ਼ਰ ਸਨ। ਮੌਕੇ ’ਤੇ ਹਾਜ਼ਰ ਸਾਰਿਆਂ ਨੇ ਪ੍ਰੀਤਿਸ਼ ਨਰੂਲਾ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਖੁਸ਼ਗਵਾਰ ਮਾਹੌਲ ਵਿੱਚ ਸਮਾਂ ਬਿਤਾਇਆ।