ਕੇਪੀਐੱਮਯੂ ਦਾ ਰੋਸ਼ ਪ੍ਰਦਰਸ਼ਨ : ਮੋਦੀ ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕ ਕੇ ਜਤਾਇਆ ਗੁੱਸਾ
ਮੋਗਾ ਜ਼ਿਲ੍ਹੇ ਦੇ ਪਿੰਡ ਘੱਲ ਕਲਾਂ
Publish Date: Tue, 17 Feb 2026 05:02 PM (IST)
Updated Date: Wed, 18 Feb 2026 04:06 AM (IST)

ਮਜ਼ਦੂਰ-ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਪੰਦਰਵਾੜਾ ਮੁਹਿੰਮ ਦਾ ਆਗਾਜ਼ ਪਿੰਡ-ਪਿੰਡ ਜਾਗਰੂਕਤਾ ਰਾਹੀਂ ਇਕੱਠ ਬਣਾਉਣ ਦਾ ਸੱਦਾ ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ : ਮੋਗਾ ਜ਼ਿਲ੍ਹੇ ਦੇ ਪਿੰਡ ਘੱਲ ਕਲਾਂ ਵਿਚ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਕੇਪੀਐੱਮਯੂ ਵੱਲੋਂ ਪ੍ਰਧਾਨ ਮਲਕੀਤ ਸਿੰਘ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਮਜ਼ਦੂਰਾਂ ਅਤੇ ਪੇਂਡੂ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਵਿਚ ਪੁਤਲੇ ਫ਼ੂਕ ਕੇ ਆਪਣਾ ਗੁੱਸਾ ਜਤਾਇਆ। ਇਹ ਕਾਰਵਾਈ ਸੂਬਾ ਕਮੇਟੀ ਦੇ ਸੱਦੇ ’ਤੇ ਸ਼ੁਰੂ ਕੀਤੀ ਗਈ। ਅਰਥੀ ਫ਼ੂਕ ਪੰਦਰਵਾੜਾ ਮੁਹਿੰਮ ਦਾ ਹਿੱਸਾ ਹੈ ਜੋ 16 ਫਰਵਰੀ ਤੋਂ 2 ਮਾਰਚ ਤੱਕ ਪਿੰਡ ਪੱਧਰ ’ਤੇ ਚਲਾਈ ਜਾ ਰਹੀ ਹੈ। ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਬੱਗਾ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਮਜ਼ਦੂਰ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਲੋਕਾਂ ਨੂੰ ਇਕੱਠਾ ਕਰਨਾ ਅਤੇ ਪਿੰਡਾਂ ਵਿਚ ਜਾਗਰੂਕਤਾ ਪੈਦਾ ਕਰਨੀ ਹੈ। ਉਨ੍ਹਾਂ ਦੱਸਿਆ ਕਿ ਯੂਨੀਅਨ ਵੱਲੋਂ ਹਰ ਪਿੰਡ ਵਿਚ ਮੀਟਿੰਗਾਂ ਕਰਕੇ ਲੋਕਾਂ ਨੂੰ ਆਪਣੇ ਹੱਕਾਂ ਲਈ ਸੰਘਰਸ਼ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਪ੍ਰਧਾਨ ਦਰਸ਼ਨ ਘੋਲੀਆ ਨੇ ਦੱਸਿਆ ਕਿ ਸੂਬਾ ਕਮੇਟੀ ਦੀ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਸੀ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਲਿਆਂਦੇ ਕਾਨੂੰਨਾਂ ਅਤੇ ਫ਼ੈਸਲਿਆਂ ਦੇ ਵਿਰੋਧ ਵਿਚ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮਜ਼ਦੂਰ ਵਰਗ ਨੂੰ ਪ੍ਰਭਾਵਿਤ ਕਰਨ ਵਾਲੀਆਂ ਨੀਤੀਆਂ ਖ਼ਿਲਾਫ਼ ਇਕਜੁੱਟ ਹੋਣਾ ਸਮੇਂ ਦੀ ਲੋੜ ਹੈ ਅਤੇ ਇਸ ਲਈ ਸੰਗਠਿਤ ਸੰਘਰਸ਼ ਹੀ ਇਕਲੌਤਾ ਰਾਹ ਹੈ। ਪਿੰਡ ਘੱਲ ਕਲਾਂ ਵਿਚ ਹੋਈ ਰੈਲੀ ਨੂੰ ਸੂਬਾ ਕਨਵੀਨਰ ਲਖਵੀਰ ਸਿੰਘ ਲੱਖਾ ਨੇ ਸੰਬੋਧਨ ਕਰਦਿਆਂ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਨੀਤੀਆਂ ’ਤੇ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਨਰੇਗਾ ਸਕੀਮ ਨੂੰ ਕਮਜ਼ੋਰ ਕਰਨ, ਲੇਬਰ ਕੋਡ ਲਾਗੂ ਕਰਨ ਅਤੇ ਮਜ਼ਦੂਰਾਂ ਦੀਆਂ ਭਲਾਈ ਯੋਜਨਾਵਾਂ ਵਿਚ ਕਟੌਤੀ ਵਰਗੇ ਕਦਮ ਗਰੀਬ ਵਰਗ ਲਈ ਨੁਕਸਾਨਦਾਇਕ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਚੋਣੀ ਵਾਅਦੇ ਯਾਦ ਦਿਵਾਉਂਦਿਆਂ ਮੰਗ ਕੀਤੀ ਕਿ ਔਰਤਾਂ ਨੂੰ ਮਹੀਨਾਵਾਰ ਭੱਤਾ, ਮਜ਼ਦੂਰਾਂ ਦੇ ਕਰਜ਼ੇ ਮਾਫ਼ੀ, ਪੰਚਾਇਤੀ ਜ਼ਮੀਨਾਂ ਗਰੀਬਾਂ ਨੂੰ ਸਸਤੇ ਰੇਟ ’ਤੇ ਦੇਣਾ ਅਤੇ ਬੇਰੁਜ਼ਗਾਰਾਂ ਲਈ ਰੁਜ਼ਗਾਰ ਜਾਂ ਭੱਤਾ ਯਕੀਨੀ ਬਣਾਇਆ ਜਾਵੇ। ਰੈਲੀ ਦੌਰਾਨ ਯੂਨੀਅਨ ਵੱਲੋਂ ਮਜ਼ਦੂਰਾਂ ਦੇ ਕਰਜ਼ੇ ਮਾਫ਼ ਕੀਤੇ ਜਾਣ, ਪੰਚਾਇਤੀ ਜ਼ਮੀਨਾਂ ਪੇਂਡੂ ਮਜ਼ਦੂਰਾਂ ਨੂੰ ਵਾਹੁਣ ਲਈ ਦਿੱਤੀਆਂ ਜਾਣ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਜਾਂ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ, 58 ਸਾਲ ਦੇ ਮਰਦ ਅਤੇ 55 ਸਾਲ ਦੀ ਔਰਤ ਮਜ਼ਦੂਰ ਲਈ ਪੈਨਸ਼ਨ ਲਾਗੂ ਕੀਤੀ ਜਾਵੇ, ਮਹਿੰਗਾਈ ਅਨੁਸਾਰ ਦਿਹਾੜੀ ਵਧਾਈ ਜਾਵੇ, ਲੋੜਵੰਦ ਪਰਿਵਾਰਾਂ ਨੂੰ ਰਿਹਾਇਸ਼ ਲਈ ਪਲਾਟ ਮੁਹੱਈਆ ਕਰਵਾਏ ਜਾਣ, ਦਲਿਤਾਂ ਅਤੇ ਔਰਤਾਂ ਨਾਲ ਭੇਦਭਾਵ ਖ਼ਤਮ ਕੀਤਾ ਜਾਵੇ, ਕਾਰਪੋਰੇਟਾਂ ਨੂੰ ਜ਼ਮੀਨਾਂ ਵੇਚਣ ’ਤੇ ਰੋਕ ਲਗਾਈ ਜਾਵੇ ਆਦਿ ਮੰਗਾਂ ਰੱਖੀਆਂ ਗਈਆਂ। ਅੰਤ ’ਚ ਆਗੂਆਂ ਨੇ ਐਲਾਨ ਕੀਤਾ ਕਿ ਜਿੱਥੇ ਜਿੱਥੇ ਯੂਨੀਅਨ ਦੀਆਂ ਇਕਾਈਆਂ ਮੌਜੂਦ ਹਨ, ਉੱਥੇ ਇਸ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਮਜ਼ਦੂਰਾਂ, ਗਰੀਬ ਕਿਸਾਨਾਂ ਅਤੇ ਪੇਂਡੂ ਵਰਗ ਨੂੰ ਇਕੱਠੇ ਹੋ ਕੇ ਆਪਣੇ ਹੱਕਾਂ ਲਈ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਇਸ ਪ੍ਰਦਰਸ਼ਨ ਨਾਲ ਘੱਲ ਕਲਾਂ ਖੇਤਰ ਵਿਚ ਮਜ਼ਦੂਰ ਅੰਦੋਲਨ ਨੂੰ ਨਵੀਂ ਗਤੀ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਅਤੇ ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ’ਚ ਇਹ ਮੁਹਿੰਮ ਹੋਰ ਵੱਡੇ ਪੱਧਰ ’ਤੇ ਫ਼ੈਲਾਈ ਜਾਵੇਗੀ।