ਕੋਟ ਈਸੇ ਖਾਂ ਹਸਪਤਾਲ ਨੂੰ ਮਿਲੀ ਆਧੁਨਿਕ ਫੇਕੋ ਮਸ਼ੀਨ ਦੀ ਸੌਗਾਤ ਧਰਮਕੋਟ ਹਲਕੇ ਦੇ ਲੋਕਾਂ ਦੀ ਲੰਮੇ
Publish Date: Thu, 24 Sep 2026 05:50 PM (IST)
Updated Date: Thu, 24 Sep 2026 05:54 PM (IST)
ਚਿੱਟੇ ਮੋਤੀਏ ਦੇ ਆਪ੍ਰੇਸ਼ਨ ਸਮੇਤ ਲੈਂਜ਼ ਪਾਉਣ ਦੀ ਮਿਲੇਗੀ ਸਹੂਲਤ ਗੁਰਦੇਵ ਮਨੇਸ, ਪੰਜਾਬੀ ਜਾਗਰਣ ਕੋਟ ਈਸੇ ਖਾਂ: ਧਰਮਕੋਟ ਹਲਕੇ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਦਿਆਂ ਕੋਟ ਈਸੇ ਖਾਂ ਦੇ ਹਸਪਤਾਲ ’ਚ ਅੱਖਾਂ ਦੇ ਅਪਰੇਸ਼ਨਾਂ ਲਈ ਆਧੁਨਿਕ ਤਕਨਾਲੌਜੀ ਨਾਲ ਲੈਸ ਫੇਕੋ ਮਸ਼ੀਨ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਇਸ ਆਧੁਨਿਕ ਫੇਕੋ ਮਸ਼ੀਨ ਦਾ ਉਦਘਾਟਨ ਧਰਮਕੋਟ ਹਲਕੇ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵੱਲੋਂ ਕੀਤਾ ਗਿਆ। ਇਸ ਮੌਕੇ ਵਿਧਾਇਕ ਵੱਲੋਂ ਇਲਾਕੇ ਦੇ ਲੋਕਾਂ ਨੂੰ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਵਾਲੇ ਕਾਰਡ ਵੀ ਵੰਡੇ ਗਏ। ਇਸ ਮੌਕੇ ਵਿਧਾਇਕ ਲਾਡੀ ਢੋਸ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿਹਤ ਸਹੂਲਤਾਂ ਨੂੰ ਲੋਕਾਂ ਦੇ ਘਰਾਂ ਦੇ ਨੇੜੇ ਪਹੁੰਚਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਕੋਟ ਈਸੇ ਖਾਂ ਹਸਪਤਾਲ ’ਚ ਫੇਕੋ ਮਸ਼ੀਨ ਦੀ ਸਹੂਲਤ ਮਿਲਣ ਨਾਲ ਧਰਮਕੋਟ ਹਲਕੇ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਅੱਖਾਂ ਦੇ ਇਲਾਜ ਲਈ ਦੂਰ-ਦੁਰਾਡੇ ਹਸਪਤਾਲਾਂ ਵਿੱਚ ਜਾਣ ਦੀ ਲੋੜ ਘਟੇਗੀ। ਉਨ੍ਹਾਂ ਕਿਹਾ ਕਿ ਇਸ ਮਸ਼ੀਨ ਰਾਹੀਂ ਚਿੱਟੇ ਮੋਤੀਏ ਦੇ ਅਪਰੇਸ਼ਨ ਸਮੇਤ ਅੱਖਾਂ ਦੇ ਮਰੀਜ਼ਾਂ ਨੂੰ ਲੋੜ ਅਨੁਸਾਰ ਵੱਖ-ਵੱਖ ਕਿਸਮਾਂ ਦੇ ਲੈਂਜ਼ ਪਾਉਣ ਦੀ ਸਹੂਲਤ ਉਪਲਬਧ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਅਤੇ ਸਿਹਤ ਖੇਤਰ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਆਧੁਨਿਕ ਮਸ਼ੀਨਰੀ ਅਤੇ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਅੱਖਾਂ ਦੇ ਮਾਹਿਰ ਡਾ. ਮਨਿੰਦਰ ਕੌਰ ਨੇ ਦੱਸਿਆ ਕਿ ਕੋਟ ਈਸੇ ਖਾਂ ਸਿਹਤ ਕੇਂਦਰ ਵਿੱਚ ਅੱਖਾਂ ਦੇ ਮਰੀਜ਼ਾਂ ਦੀ ਵਧੇਰੇ ਗਿਣਤੀ ਨੂੰ ਦੇਖਦਿਆਂ ਇੱਥੇ ਫੇਕੋ ਮਸ਼ੀਨ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ। ਇਸ ਸਬੰਧੀ ਪੰਜਾਬ ਸਰਕਾਰ ਨੂੰ ਮਸ਼ੀਨ ਮੁਹੱਈਆ ਕਰਵਾਉਣ ਦੀ ਬੇਨਤੀ ਕੀਤੀ ਗਈ ਸੀ, ਜੋ ਹਲਕਾ ਵਿਧਾਇਕ ਸ. ਲਾਡੀ ਢੋਸ ਦੇ ਯਤਨਾਂ ਸਦਕਾ ਪੂਰੀ ਹੋਈ ਹੈ। ਉਨ੍ਹਾਂ ਦੱਸਿਆ ਕਿ ਫੇਕੋ ਤਕਨੀਕ ਰਾਹੀਂ ਚਿੱਟੇ ਮੋਤੀਏ ਦੇ ਅਪਰੇਸ਼ਨ ਅਤੇ ਮਰੀਜ਼ ਦੀ ਲੋੜ ਅਨੁਸਾਰ ਲੈਂਜ਼ ਪਾਉਣ ਦੀ ਸਹੂਲਤ ਮਿਲੇਗੀ। ਐੱਸਐੱਮਓ ਡਾ.ਸੁਖਪ੍ਰੀਤ ਬਰਾੜ ਨੇ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਲਾਡੀ ਢੋਸ ਦਾ ਹਸਪਤਾਲ ਨੂੰ ਇਹ ਅਹਿਮ ਸਹੂਲਤ ਮੁਹੱਈਆ ਕਰਵਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਫੇਕੋ ਮਸ਼ੀਨ ਮਿਲਣ ਨਾਲ ਇਲਾਕੇ ਦੇ ਅੱਖਾਂ ਦੇ ਮਰੀਜ਼ਾਂ ਨੂੰ ਵੱਡਾ ਲਾਭ ਮਿਲੇਗਾ। ਇਸ ਮੌਕੇ ਨਗਰ ਕੌਂਸਲ ਕੋਟ ਈਸੇ ਖਾਂ ਦੇ ਪ੍ਰਧਾਨ ਸਚਿਨ ਧੀਰ, ਐੱਮਸੀ ਸਿਮਰਨਜੀਤ ਕੌਰ, ਸੁੱਚਾ ਸਿੰਘ ਪੂਰਬਾ, ਰਾਜੂ ਸਚਦੇਵਾ ,ਸ਼ਿੰਦਾ ਭੱਟੀ, ਵਿਜੇ ਕੁਮਾਰ ਧੀਰ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਅੱਖਾਂ ਦੇ ਮਾਹਿਰ ਡਾ. ਮਨਿੰਦਰ ਬਾਵਾ, ਡਾ. ਜਸਵੀਰ ਸਿੰਘ, ਸੋਨਾਕਸ਼ੀ ਸ਼ਰਮਾ, ਡਾ. ਸਿਮਰਨਜੀਤ ਸਿੰਘ, ਜਤਿੰਦਰ ਸੂਦ ਤੋਂ ਇਲਾਵਾ ਐੱਸਡੀਐੱਮ ਧਰਮਕੋਟ ਗੁਰਵਿੰਦਰ ਸਿੰਘ ਜੋਹਲ ਅਦਿ ਹਾਜ਼ਰ ਸਨ।