ਸਾਂਝਾ ਮਜ਼ਦੂਰ ਮੋਰਚਾ ਦੀ ਜਲੰਧਰ ਰੈਲੀ ’ਚ ਪੁੱਜਣ ਦਾ ਐਲਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ
Publish Date: Mon, 27 Jul 2026 03:17 PM (IST)
Updated Date: Mon, 27 Jul 2026 03:18 PM (IST)
ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਬੱਧਨੀ ਕਲਾਂ ’ਚ ਕੀਤੀ ਇਕੱਤਰਤਾ ਮਨਦੀਪ ਸਿੰਘ ਝਾਂਜੀ, ਪੰਜਾਬੀ ਜਾਗਰਣ ਬੱਧਨੀ ਕਲਾਂ : ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਬੱਧਨੀ ਕਲਾਂ ਵਿਖੇ ਕੀਤੀ ਜ਼ਿਲ੍ਹਾ ਕਮੇਟੀ ਮੀਟਿੰਗ ਦੌਰਾਨ ਸਾਂਝੇ ਮਜ਼ਦੂਰ ਮੋਰਚੇ ਵੱਲੋਂ ਭਖ਼ਦੀਆਂ ਮਜ਼ਦੂਰ ਮੰਗਾਂ ਨੂੰ ਲੈ ਕੇ ਜਲੰਧਰ ਵਿਖੇ 5 ਅਗਸਤ ਨੂੰ ਕੀਤੀ ਜਾ ਰਹੀ ਰੈਲੀ ਅਤੇ ਮੁਜਾਹਰੇ ਦੇ ਪ੍ਰੋਗਰਾਮ ਚ ਜ਼ਿਲ੍ਹੇ ’ਚੋਂ ਵੱਡੀ ਗਿਣਤੀ ਚ ਮਜ਼ਦੂਰ ਮਰਦ ਔਰਤਾਂ ਸ਼ਾਮਲ ਹੋਣਗੇ। ਇਹ ਜਾਣਕਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਕਾਲੇਕੇ, ਜ਼ਿਲ੍ਹਾ ਸਕੱਤਰ ਦਰਸ਼ਨ ਸਿੰਘ ਹਿੰਮਤਪੁਰਾ, ਜ਼ਿਲ੍ਹਾ ਆਗੂ ਅੰਗਰੇਜ਼ ਸਿੰਘ ਮੱਦੋਕੇ ਵੱਲੋਂ ਜ਼ਾਰੀ ਕੀਤੇ ਬਿਆਨ ਰਾਹੀਂ ਦਿੱਤੀ ਗਈ। ਮੀਟਿੰਗ ਦੌਰਾਨ ਇਸ ਸੂਬਾਈ ਰੈਲੀ ਤੇ ਮਾਰਚ ਨੂੰ ਸਫ਼ਲ ਬਣਾਉਣ ਅਤੇ ਭਗਵੰਤ ਮਾਨ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਤੇ ਅਮਲਾਂ ਦਾ ਪਰਦਾਫਾਸ਼ ਕਰਨ ਲਈ ਪਿੰਡਾਂ ਦੇ ਅੰਦਰ ਲਾਮਬੰਦੀ ਮੁਹਿੰਮ ਵਿੱਢਣ ਬਾਰੇ ਵੀ ਵਿਉਂਤਬੰਦੀ ਕੀਤੀ ਗਈ। ਆਗੂਆਂ ਨੇ ਦੋਸ਼ ਲਾਇਆ ਕਿ ਭਗਵੰਤ ਮਾਨ ਸਰਕਾਰ ਖੇਤ ਮਜ਼ਦੂਰਾਂ ਸਮੇਤ ਕਿਰਤੀ ਲੋਕਾਂ ਦੇ ਮਸਲੇ ਹੱਲ ਕਰਨ ਦੀ ਥਾਂ ਸੰਘਰਸ਼ੀ ਲੋਕਾਂ ਦੀ ਹੱਕੀ ਆਵਾਜ਼ ਨੂੰ ਦਬਾਉਣ ਲਈ ਪੁਲਿਸੀ ਕਹਿਰ ਢਾਹ ਰਹੀ ਹੈ। ਉਨ੍ਹਾਂ ਆਖਿਆ ਕਿ ਬਰਨਾਲਾ ਵਿਖੇ ਸਫ਼ਾਈ ਕਰਮਚਾਰੀ ਔਰਤਾਂ ਸਮੇਤ ਮਰਦ ਮੈਂਬਰਾਂ ਤੇ ਢਾਹੇ ਕਹਿਰ ਨੇ ਇਸ ਸਰਕਾਰ ਦਾ ਔਰਤ ’ਤੇ ਦਲਿਤ ਵਿਰੋਧੀ ਚਿਹਰਾ ਇਕ ਵਾਰ ਫਿਰ ਨੰਗਾ ਕਰ ਦਿੱਤਾ ਹੈ। ਮਜ਼ਦੂਰ ਆਗੂਆਂ ਨੇ ਆਖਿਆ ਕਿ ਆਪ ਸਰਕਾਰ ਆਪਣੀ ਮਜ਼ਦੂਰ ਵਿਰੋਧੀ ਖਸਲਤ ਕਾਰਨ ਮਜ਼ਦੂਰਾਂ ਨੂੰ ਮਨਰੇਗਾ ਦਾ ਕੰਮ ਦੇਣ, ਮਜ਼ਦੂਰਾਂ ਦੇ ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰਨ, ਲਾਲ ਲਕੀਰ ਅੰਦਰਲੇ ਘਰਾਂ ਦੇ ਮਾਲਕੀ ਹੱਕ ਦੇਣ, ਨਸ਼ਾ ਖ਼ਤਮ ਕਰਨ, ਪੈਨਸ਼ਨਾਂ ਦੀ ਰਾਸ਼ੀ ਵਧਾਉਣ, ਖੁਦਕੁਸ਼ੀ ਪੀੜਤਾਂ ਦੀ ਬਾਂਹ ਫੜ੍ਹਨ ਅਤੇ ਜ਼ਮੀਨੀ ਹੱਦਬੰਦੀ ਕਾਨੂੰਨ ਲਾਗੂ ਕਰਕੇ ਵਾਧੂ ਨਿਕਲਦੀਆਂ ਜ਼ਮੀਨਾਂ ਦੀ ਵੰਡ ਖੇਤ ਮਜ਼ਦੂਰਾਂ ਤੇ ਗਰੀਬ ਕਿਸਾਨਾਂ ’ਚ ਕਰਨ ਵਰਗੇ ਪੁਖ਼ਤਾ ਕਦਮ ਚੁੱਕਣ ਤੋਂ ਭੱਜ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਅਨੇਕਾਂ ਵਾਰ ਸਾਂਝੇ ਮਜ਼ਦੂਰ ਮੋਰਚੇ ਨੂੰ ਲਿਖਤੀ ਮੀਟਿੰਗਾਂ ਦੇ ਕੇ ਮੀਟਿੰਗ ਕਰਨ ਤੋਂ ਹੀ ਭੱਜ ਗਏ। ਉਨ੍ਹਾਂ ਆਖਿਆ ਕਿ ਪੰਜਾਬ ਦੀ ਆਪ ਸਰਕਾਰ ’ਤੇ ਕੇਂਦਰ ਦੀ ਮੋਦੀ ਸਰਕਾਰ ਲਗਾਤਾਰ ਕਾਰਪੋਰੇਟ ਘਰਾਣਿਆਂ ਪੱਖੀ ਅਤੇ ਮਜ਼ਦੂਰ ਕਿਸਾਨ ਅਤੇ ਲੋਕ ਵਿਰੋਧੀ ਨੀਤੀਆਂ ਲਾਗੂ ਕਰ ਰਹੀਆਂ ਹਨ। ਖੇਤ ਮਜ਼ਦੂਰ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤੇ ਅਤੇ ਭਗਵੰਤ ਮਾਨ ਸਰਕਾਰ ਵੱਲੋਂ ਲਿਆਂਦੀ ਗਈ ਲੈਂਡ ਪੂਲਿੰਗ ਪਾਲਸੀ ਨੂੰ ਕਿਸਾਨਾਂ ਦੇ ਨਾਲ ਨਾਲ ਖੇਤ ਮਜ਼ਦੂਰਾਂ ਦੀ ਵੀ ਤਬਾਹੀ ਦਾ ਸਾਧਨ ਵੀ ਬਣਨਗੇ। ਮੀਟਿੰਗ ਦੌਰਾਨ ਮੰਗ ਕੀਤੀ ਗਈ ਕਿ ਬਰਨਾਲਾ ਵਿਖੇ ਸਫ਼ਾਈ ਕਰਮਚਾਰੀਆਂ ’ਤੇ ਵਹਿਸ਼ੀ ਲਾਠੀਚਾਰਜ ਦੇ ਦੋਸ਼ੀ ਅਧਿਕਾਰੀਆਂ ’ਤੇ ਐੱਸਸੀਐੱਸਟੀ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਜਾਵੇ ਅਤੇ ਸਫ਼ਾਈ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਤੁਰੰਤ ਮੰਨੀਆਂ ਜਾਣ। ਮੀਟਿੰਗ ਵਿਚ ਜਗਰਾਜ ਸਿੰਘ ਕੁੱਸਾ, ਸ਼ਿੰਗਾਰਾ ਸਿੰਘ ਮੱਦੋਕੇ, ਰਾਜਪਾਲ ਸਿੰਘ ਦੌਧਰ, ਗਿਆਨ ਸਿੰਘ ਮੱਲੇਆਣਾ, ਹਾਕਮ ਸਿੰਘ ਕਾਲੇਕੇ, ਬਲਜਿੰਦਰ ਸਿੰਘ ਨੱਥੋਕੇ, ਬੰਤ ਸਿੰਘ ਰਾਜੇਆਣਾ ਵੀ ਮੌਜੂਦ ਸਨ।