ਜ਼ਿਲ੍ਹਾ ਪੱਧਰੀ ‘ਖੇਡਾਂ ਵਤਨ ਪੰਜਾਬ ਦੀਆਂ’ ’ਚ ਮੋਗਾ ਆਰਚਰੀ ਅਕੈਡਮੀ ਦਾ ਸ਼ਾਨਦਾਰ ਪ੍ਰਦਰਸ਼ਨ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ
Publish Date: Tue, 06 Oct 2026 03:50 PM (IST)
Updated Date: Wed, 07 Oct 2026 04:02 AM (IST)
ਤੀਰਅੰਦਾਜ਼ਾਂ ਨੇ ਵੱਖ-ਵੱਖ ਵਰਗਾਂ ’ਚ ਹਾਸਲ ਕੀਤੀਆਂ ਮੋਹਰੀ ਪੁਜ਼ੀਸ਼ਨਾਂ, ਕੋਚ ਧਰਮਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਖਿਡਾਰੀਆਂ ਨੇ ਜਿੱਤੇ ਅਨੇਕਾਂ ਤਮਗੇ ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ : ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਸੂਬੇ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਿਲ੍ਹਾ ਪੱਧਰੀ ਤੀਰਅੰਦਾਜ਼ੀ ਮੁਕਾਬਲਿਆਂ ਵਿਚ ਮੋਗਾ ਆਰਚਰੀ ਅਕੈਡਮੀ ਦੇ ਖਿਡਾਰੀਆਂ ਨੇ ਆਪਣੀ ਸ਼ਾਨਦਾਰ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਮੈਡਲਾਂ ਦੀ ਝੜ੍ਹੀ ਲਗਾ ਦਿੱਤੀ। ਅਜੀਤ ਸਿੰਘ ਕੰਪਲੈਕਸ ਸਟੇਡੀਅਮ ਹਾਕਮ ਕਾ ਅਗਵਾੜ ਵਿਖੇ ਚੱਲ ਰਹੀ ਮੋਗਾ ਆਰਚਰੀ ਅਕੈਡਮੀ ਦੇ ਖਿਡਾਰੀਆਂ ਨੇ ਵੱਖ-ਵੱਖ ਉਮਰ ਵਰਗਾਂ ਅਤੇ ਤੀਰਅੰਦਾਜ਼ੀ ਦੇ ਵੱਖ-ਵੱਖ ਰਾਊਂਡਾਂ ਵਿਚ ਮੋਹਰੀ ਪੁਜ਼ੀਸ਼ਨਾਂ ਹਾਸਲ ਕਰਕੇ ਮੋਗਾ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ। ਕੋਚ ਧਰਮਿੰਦਰ ਸਿੰਘ ਸੰਧੂ ਦੀ ਦੇਖ-ਰੇਖ ਹੇਠ ਸਿਖਲਾਈ ਪ੍ਰਾਪਤ ਕਰ ਰਹੇ ਇਨ੍ਹਾਂ ਨੌਜਵਾਨ ਤੀਰਅੰਦਾਜ਼ਾਂ ਨੇ ਮੁਕਾਬਲਿਆਂ ਦੌਰਾਨ ਬੇਹੱਦ ਸ਼ਾਨਦਾਰ ਨਿਸ਼ਾਨੇਬਾਜ਼ੀ ਦਾ ਪ੍ਰਦਰਸ਼ਨ ਕੀਤਾ। ਖਿਡਾਰੀਆਂ ਨੇ ਆਪਣੀ ਮਿਹਨਤ, ਅਨੁਸ਼ਾਸਨ ਅਤੇ ਲਗਨ ਦੇ ਦਮ ’ਤੇ ਇੰਡੀਅਨ, ਰਿਕਰਵ ਅਤੇ ਕੰਪਾਊਂਡ ਰਾਊਂਡਾਂ ਵਿਚ ਕਈ ਪਹਿਲੀਆਂ, ਦੂਜੀਆਂ ਅਤੇ ਤੀਜੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ। ਅੰਡਰ-14 ਲੜਕੀਆਂ ਦੇ ਇੰਡੀਅਨ ਰਾਊਂਡ ਵਿਚ ਏਰਿਕਾ ਨੇ ਪਹਿਲਾ ਅਤੇ ਵਾਣੀ ਨੇ ਦੂਜਾ ਸਥਾਨ ਹਾਸਲ ਕੀਤਾ। ਰਿਕਰਵ ਰਾਊਂਡ ਵਿਚ ਅਨਨਿਆ ਨੇ ਪਹਿਲਾ, ਜਸਪ੍ਰੀਤ ਕੌਰ ਨੇ ਦੂਜਾ ਅਤੇ ਮਾਯਰਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਕੰਪਾਊਂਡ ਰਾਊਂਡ ਵਿਚ ਗਰੀਵਾ ਨੇ ਪਹਿਲਾ ਅਤੇ ਗਰਿਮਾ ਨੇ ਦੂਜਾ ਸਥਾਨ ਹਾਸਲ ਕਰਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਅੰਡਰ-17 ਲੜਕੀਆਂ ਦੇ ਇੰਡੀਅਨ ਰਾਊਂਡ ਵਿਚ ਦਿਲਪ੍ਰੀਤ ਕੌਰ ਪਹਿਲੇ, ਜਸਮਨਪ੍ਰੀਤ ਕੌਰ ਦੂਜੇ, ਸਿਮਰਨ ਕੌਰ ਤੀਜੇ ਅਤੇ ਸੁਖਮਨ ਕੌਰ ਚੌਥੇ ਸਥਾਨ ’ਤੇ ਰਹੀਆਂ। ਰਿਕਰਵ ਰਾਊਂਡ ਵਿਚ ਸਮਨਦੀਪ ਕੌਰ ਅਜਰਾ ਨੇ ਤੀਜਾ, ਜਦਕਿ ਕੰਪਾਊਂਡ ਰਾਊਂਡ ਵਿਚ ਗੁਨੀਤ ਕੌਰ ਸੰਘਾ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ-14 ਲੜਕਿਆਂ ਨੇ ਵੀ ਜਿੱਤੀਆਂ ਮੋਹਰੀ ਪੁਜ਼ੀਸ਼ਨਾਂ ਅੰਡਰ-14 ਲੜਕਿਆਂ ਦੇ ਇੰਡੀਅਨ ਰਾਊਂਡ ਵਿਚ ਅਵਲਪ੍ਰੀਤ ਸਿੰਘ ਨੇ ਪਹਿਲਾ, ਜਤਿੰਦਰ ਸਿੰਘ ਨੇ ਦੂਜਾ, ਅਭਿਜੋਤ ਸਿੰਘ ਨੇ ਤੀਜਾ, ਤਨਵੀਰ ਸਿੰਘ ਨੇ ਚੌਥਾ, ਸਮਰ ਬੁਜਾ ਨੇ ਪੰਜਵਾਂ ਅਤੇ ਧਰੂਵ ਮਿੱਤਲ ਨੇ ਛੇਵਾਂ ਸਥਾਨ ਹਾਸਲ ਕੀਤਾ। ਰਿਕਰਵ ਰਾਊਂਡ ਵਿੱਚ ਕਰਨਵੀਰ ਬੂਜਾ ਤੀਜੇ ਸਥਾਨ ’ਤੇ ਰਿਹਾ। ਕੰਪਾਊਂਡ ਰਾਊਂਡ ਵਿਚ ਅਰਨਵ ਰਾਣਾ ਨੇ ਪਹਿਲਾ ਅਤੇ ਕਨੂਰਇੰਦਰ ਸਿੰਘ ਰੰਧਾਵਾ ਨੇ ਦੂਜਾ ਸਥਾਨ ਹਾਸਲ ਕਰਕੇ ਅਕੈਡਮੀ ਦੀਆਂ ਪ੍ਰਾਪਤੀਆਂ ਵਿੱਚ ਹੋਰ ਵਾਧਾ ਕੀਤਾ। ਅੰਡਰ-17 ਲੜਕਿਆਂ ਦੇ ਇੰਡੀਅਨ ਰਾਊਂਡ ਵਿਚ ਲਵਿਸ਼ ਅਰੋੜਾ ਨੇ ਪਹਿਲਾ, ਰਣਵੀਰ ਸਿੰਘ ਬਰਾੜ ਨੇ ਦੂਜਾ ਅਤੇ ਵਿਰਾਮ ਮੈਣੀ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਵਰਗ ਵਿੱਚ ਗੁਰਨੂਰ ਸਿੰਘ ਤੂਰ ਚੌਥੇ, ਦਿਲਜਾਨ ਸਿੰਘ ਪੰਜਵੇਂ ਅਤੇ ਅਰਸ਼ਦੀਪ ਸਿੰਘ ਛੇਵੇਂ ਸਥਾਨ ’ਤੇ ਰਹੇ। ਕੰਪਾਊਂਡ ਰਾਊਂਡ ਵਿਚ ਜਪਨਾਜ ਕੰਬੋਜ ਨੇ ਪਹਿਲਾ, ਰਿਪਜੋ ਸਿੰਘ ਨੇ ਦੂਜਾ, ਲਾਡਵਿੰਦਰ ਨੇ ਤੀਜਾ ਅਤੇ ਰਿਸਬ ਸ਼ਰਮਾ ਨੇ ਚੌਥਾ ਸਥਾਨ ਹਾਸਲ ਕੀਤਾ। ਰਿਕਰਵ ਰਾਊਂਡ ਵਿੱਚ ਗੁਰਸ਼ਾਂਦੀਪ ਸਿੰਘ ਨੇ ਪਹਿਲਾ, ਆਰਸ਼ਦੀਪ ਸਿੰਘ ਨੇ ਤੀਜਾ ਅਤੇ ਗੁਰਅੰਸ਼ ਸਿੰਘ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਇੰਡੀਅਨ ਰਾਊਂਡ ਵਿਚ ਸਹਿਜਵੀਰ ਸਿੰਘ ਢੇਸੀ ਨੇ ਪਹਿਲਾ, ਗੁਰਨੂਰ ਸਿੰਘ ਨੇ ਦੂਜਾ ਅਤੇ ਪ੍ਰਭਸਿਮਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-21 ਰਿਕਰਵ ਰਾਊਂਡ ਵਿੱਚ ਜਗਜੀਤ ਸਿੰਘ ਨੇ ਪਹਿਲਾ, ਏਕਮਵੀਰ ਸਿੰਘ ਨੇ ਤੀਜਾ, ਦੇਵਵਰਤ ਸੈਣੀ ਨੇ ਚੌਥਾ ਅਤੇ ਗੁਰਵੀਰ ਸਿੰਘ ਸੰਘਾ ਨੇ ਪੰਜਵਾਂ ਸਥਾਨ ਪ੍ਰਾਪਤ ਕੀਤਾ। ਕੰਪਾਊਂਡ ਰਾਊਂਡ ਦੇ ਅੰਡਰ-21 ਵਰਗ ਵਿੱਚ ਜਸਜੋਤ ਸਿੰਘ ਚੌਥੇ ਸਥਾਨ ’ਤੇ ਰਿਹਾ, ਜਦਕਿ 21 ਤੋਂ 30 ਸਾਲ ਉਮਰ ਵਰਗ ਵਿੱਚ ਅਭਿਨੰਦਨ ਨੇ ਪਹਿਲਾ ਸਥਾਨ ਹਾਸਲ ਕਰਕੇ ਅਕੈਡਮੀ ਦੀਆਂ ਪ੍ਰਾਪਤੀਆਂ ਵਿਚ ਹੋਰ ਵਾਧਾ ਕੀਤਾ। ਮੋਗਾ ਆਰਚਰੀ ਅਕੈਡਮੀ ਦੇ ਖਿਡਾਰੀਆਂ ਵੱਲੋਂ ਕੀਤੇ ਗਏ ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਅਕੈਡਮੀ ਵਿੱਚ ਖੁਸ਼ੀ ਦਾ ਮਾਹੌਲ ਹੈ। ਖਿਡਾਰੀਆਂ ਨੇ ਆਪਣੀ ਕਾਬਲੀਅਤ ਸਾਬਤ ਕਰਦਿਆਂ ਇਹ ਵੀ ਦਰਸਾਇਆ ਕਿ ਜੇਕਰ ਨੌਜਵਾਨਾਂ ਨੂੰ ਵਧੀਆ ਸਿਖਲਾਈ, ਖੇਡ ਸਹੂਲਤਾਂ ਅਤੇ ਉਚਿਤ ਮਾਰਗਦਰਸ਼ਨ ਮਿਲੇ ਤਾਂ ਉਹ ਸੂਬਾ ਅਤੇ ਕੌਮੀ ਪੱਧਰ ’ਤੇ ਵੀ ਮੋਗਾ ਦਾ ਨਾਂ ਰੌਸ਼ਨ ਕਰ ਸਕਦੇ ਹਨ। ਇਸ ਸ਼ਾਨਦਾਰ ਪ੍ਰਾਪਤੀ ’ਤੇ ਐੱਮਸੀ ਵਿਰਦੀ ਗੁਪਤਾ, ਗੌਰਵ ਗੁਪਤਾ, ਭੁਪਿੰਦਰ ਸਿੰਘ, ਸਤਪਾਲ ਪੁਰੀ ਅਤੇ ਗੁਰਪ੍ਰੀਤ ਸਿੰਘ, ਸਾਰੇ ਹਾਕਮ ਕਾ ਅਗਵਾੜ, ਸਮੇਤ ਖਿਡਾਰੀਆਂ ਦੇ ਮਾਪਿਆਂ ਨੇ ਜੇਤੂ ਖਿਡਾਰੀਆਂ ਅਤੇ ਕੋਚ ਧਰਮਿੰਦਰ ਸਿੰਘ ਸੰਧੂ ਨੂੰ ਵਧਾਈ ਦਿੱਤੀ।