
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਰਾਜ ਦੀ ਪ੍ਰਮੁੱਖ ਸਿੱਖਿਆ ਸੰਸਥਾ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਰਾਜ ਦੀ ਪ੍ਰਮੁੱਖ ਸਿੱਖਿਆ ਸੰਸਥਾ ਆਈਐੱਸਐੱਫ਼ ਕਾਲਜ ਆਫ ਫਾਰਮੇਸੀ ਵਿਚ ਸਥਿਤ ਦੁਰਗਾ ਮੰਦਰ ਵਿਖੇ ਅੱਜ ਮਾਂ ਭਗਵਤੀ ਦੀ ਅਸ਼ਟਮੀ ਮੌਕੇ ਪੂਜਾ-ਅਰਚਨਾ ਅਤੇ ਕੰਜਕ ਪੂਜਨ ਸ਼ਰਧਾ ਅਤੇ ਭਾਵਨਾ ਨਾਲ ਕਰਵਾਇਆ ਗਿਆ। ਸਭ ਤੋਂ ਪਹਿਲਾਂ ਪੰਡਤ ਰਾਮ ਚੰਦਰ ਕੌਸ਼ਿਕ ਵੱਲੋਂ ਧਾਰਮਿਕ ਰਸਮਾਂ ਅਨੁਸਾਰ ਪੂਜਾ ਕਰਵਾਈ ਗਈ। ਇਸ ਮੌਕੇ ਸੰਸਥਾ ਦੇ ਚੇਅਰਮੈਨ ਪ੍ਰਵੀਣ ਗਰਗ, ਡਾਇਰੈਕਟਰ ਡਾ. ਜੀਡੀ ਗੁਪਤਾ, ਆਈਐੱਸਐੱਫ਼ਸੀਪੀਆਰ ਦੇ ਪ੍ਰਿੰਸੀਪਲ ਡਾ. ਆਰਕੇ ਨਾਰੰਗ, ਡਾ. ਪ੍ਰੀਤੀ ਪਟੇਲ, ਡਾ. ਬਾਲਕ ਦਾਸ ਕੁਰਮੀ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਮਾਂ ਭਗਵਤੀ ਦੇ ਦਰਬਾਰ ਵਿਚ ਮੱਥਾ ਟੇਕਿਆ ਅਤੇ ਸਭ ਨੂੰ ਦੁਰਗਾ ਅਸ਼ਟਮੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ਕੰਜਕ ਪੂਜਨ ਵੀ ਪੂਰੀ ਸ਼ਰਧਾ ਨਾਲ ਕੀਤਾ ਗਿਆ। ਸੰਸਥਾ ਦੇ ਡਾਇਰੈਕਟਰ ਡਾ. ਜੀਡੀ ਗੁਪਤਾ ਨੇ ਦੱਸਿਆ ਕਿ ਸੰਸਥਾ ਵਿਚ ਸਥਿਤ ਦੁਰਗਾ ਮੰਦਰ ਵਿਖੇ ਮਾਂ ਭਗਵਤੀ ਦੀ ਅਸ਼ਟਮੀ ਮੌਕੇ ਕੰਜਕ ਪੂਜਨ ਦੇ ਨਾਲ-ਨਾਲ ਹਰ ਮੰਗਲਵਾਰ ਹਨੂਮਾਨ ਚਾਲੀਸਾ ਅਤੇ ਹੋਰ ਧਾਰਮਿਕ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਗਤੀਵਿਧੀਆਂ ਦਾ ਉਦੇਸ਼ ਵਿਦਿਆਰਥੀਆਂ ਦੇ ਚਹੁੰਮੁਖੀ ਵਿਕਾਸ ਨੂੰ ਯਕੀਨੀ ਬਣਾਉਣਾ ਹੈ, ਜਿਸ ’ਚ ਸਿੱਖਿਆ, ਖੋਜ, ਸੱਭਿਆਚਾਰ, ਧਾਰਮਿਕ ਚੇਤਨਾ, ਜੀਵਨਸ਼ੈਲੀ ਅਤੇ ਸਮਾਜਿਕ ਜ਼ਿੰਮੇਵਾਰੀਆਂ ਦੀ ਸਮਝ ਸ਼ਾਮਲ ਹੈ। ਡਾ. ਗੁਪਤਾ ਨੇ ਕਿਹਾ ਕਿ ਮੌਜੂਦਾ ਡਿਜੀਟਲ ਯੁੱਗ ਵਿਚ ਵਿਦਿਆਰਥੀ ਕਈ ਵਾਰ ਸੋਸ਼ਲ ਮੀਡੀਆ ਅਤੇ ਡਿਜੀਟਲ ਤਕਨਾਲੌਜੀ ਵਿਚ ਜ਼ਿਆਦਾ ਉੱਲਝ ਜਾਂਦੇ ਹਨ, ਜਿਸ ਕਾਰਨ ਮਾਨਸਿਕ ਤਣਾਅ ਪੈਦਾ ਹੋ ਸਕਦਾ ਹੈ। ਅਜਿਹੀਆਂ ਧਾਰਮਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿਦਿਆਰਥੀਆਂ ਦੇ ਜੀਵਨ ਵਿਚ ਨਵੀਂ ਊਰਜਾ ਅਤੇ ਸਕਾਰਾਤਮਕਤਾ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਭਾਰਤੀ ਸੰਸਕਾਰਾਂ ਅਤੇ ਜੀਵਨ-ਮੁੱਲਾਂ ਨਾਲ ਜੋੜਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਵੱਖ-ਵੱਖ ਧਰਮਾਂ ਪ੍ਰਤੀ ਆਪਸੀ ਸਤਿਕਾਰ ਅਤੇ ਸਦਭਾਵਨਾ ਦੀ ਭਾਵਨਾ ਵੀ ਮਜ਼ਬੂਤ ਹੁੰਦੀ ਹੈ।