- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਕਿਸਾਨ ਯੂਨੀਅਨ ਏਕਤਾ

ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੋਗਾ-2 ਦਾ ਡੈਲੀਗੇਟ ਇਜਲਾਸ ਪਿੰਡ ਦੁੱਨੇਕੇ ਦੇ ਗੁਰਦੁਆਰਾ ਸਾਹਿਬ ਵਿਖੇ ਬਲਾਕ ਪ੍ਰਧਾਨ ਇਕਬਾਲ ਸਿੰਘ ਸਿੰਘਾਂਵਾਲਾ ਦੀ ਪ੍ਰਧਾਨਗੀ ਹੇਠ ਹੋਇਆ। ਇਸ ਇਜਲਾਸ ਵਿਚ ਬਲਾਕ ਦੇ 9 ਪਿੰਡਾਂ ਦੇ ਡੈਲੀਗੇਟਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ, ਜ਼ਿਲ੍ਹਾ ਜਨਰਲ ਸਕੱਤਰ ਗੁਰਮੀਤ ਸਿੰਘ ਕਿਸ਼ਨਪੁਰਾ ਅਤੇ ਜ਼ਿਲ੍ਹਾ ਵਿੱਤ ਸਕੱਤਰ ਬਲੌਰ ਸਿੰਘ ਘੱਲ ਕਲਾਂ ਚੋਣ ਨਿਗਰਾਨ ਵਜੋਂ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਜਲਾਸ ਦੀ ਸ਼ੁਰੂਆਤ ਮੌਕੇ ਬਲਾਕ ਜਨਰਲ ਸਕੱਤਰ ਜਸਵਿੰਦਰ ਸਿੰਘ ਅਤੇ ਬਲਾਕ ਪ੍ਰਧਾਨ ਇਕਬਾਲ ਸਿੰਘ ਨੇ ਪਿਛਲੇ ਸਮੇਂ ਦੌਰਾਨ ਜਥੇਬੰਦੀ ਵੱਲੋਂ ਕੀਤੇ ਗਏ ਕੰਮਾਂ ਅਤੇ ਸੰਘਰਸ਼ਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਬਾਅਦ ਬਲਾਕ ਖ਼ਜ਼ਾਨਚੀ ਕਪਤਾਨ ਸਿੰਘ ਨੇ ਜਥੇਬੰਦੀ ਦੇ ਆਮਦਨ-ਖ਼ਰਚੇ ਦਾ ਹਿਸਾਬ ਪੇਸ਼ ਕੀਤਾ। ਰਿਪੋਰਟਾਂ ਪੇਸ਼ ਹੋਣ ਉਪਰੰਤ ਪੁਰਾਣੀ ਬਲਾਕ ਕਮੇਟੀ ਭੰਗ ਕਰ ਦਿੱਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ ਨੇ ਜਥੇਬੰਦੀ ਦੇ ਸੰਵਿਧਾਨ ਅਤੇ ਆਉਣ ਵਾਲੇ ਸੰਘਰਸ਼ਾਂ ਬਾਰੇ ਵਿਚਾਰ ਪੇਸ਼ ਕੀਤੇ। ਜ਼ਿਲ੍ਹਾ ਜਨਰਲ ਸਕੱਤਰ ਗੁਰਮੀਤ ਸਿੰਘ ਕਿਸ਼ਨਪੁਰਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਜ਼ਿਲ੍ਹਾ ਵਿੱਤ ਸਕੱਤਰ ਬਲੌਰ ਸਿੰਘ ਘੱਲ ਕਲਾਂ ਨੇ ਕਿਹਾ ਕਿ 26 ਨਵੰਬਰ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਮੋਦੀ ਸਰਕਾਰ ਖ਼ਿਲਾਫ਼ ਇਤਿਹਾਸਕ ਸੰਘਰਸ਼ ਸ਼ੁਰੂ ਕੀਤਾ ਗਿਆ ਸੀ, ਜਿਸ ਦੇ ਨਤੀਜੇ ਵਜੋਂ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਵਾਏ ਗਏ ਸਨ। ਉਨ੍ਹਾਂ ਕਿਹਾ ਕਿ ਉਸ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਨੂੰ ਮਨਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਅਤੇ ਸੂਬਾ ਕਮੇਟੀ ਵੱਲੋਂ ਉਲੀਕੇ ਗਏ 26 ਨਵੰਬਰ ਦੇ ਸੰਘਰਸ਼ ਪ੍ਰੋਗਰਾਮ ਨੂੰ ਪੂਰੀ ਤਨਦੇਹੀ ਨਾਲ ਲਾਗੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮਜ਼ਦੂਰ ਆਗੂ ਰਮੇਸ਼ ਮਾਲੜੀ ਵਿਰੁੱਧ ਤਲਵੰਡੀ ਸਲੇਮ ਦੇ ਸਰਪੰਚ ਵੱਲੋਂ ਕਥਿਤ ਤੌਰ ’ਤੇ ਜਾਤੀ ਸੂਚਕ ਅਤੇ ਹੋਰ ਇਤਰਾਜ਼ਯੋਗ ਸ਼ਬਦ ਵਰਤੇ ਜਾਣ ਦੇ ਮਾਮਲੇ ਵਿੱਚ ਸਬੰਧਤ ਸਰਪੰਚ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ 22 ਅਕਤੂਬਰ ਨੂੰ ਨਕੋਦਰ ਵਿਖੇ ਲਗਾਏ ਜਾ ਰਹੇ ਧਰਨੇ ਵਿੱਚ ਵੀ ਜਥੇਬੰਦੀ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ। ਨਵੀਂ ਚੁਣੀ ਗਈ ਬਲਾਕ ਕਮੇਟੀ ਵਿੱਚ ਜਸਵਿੰਦਰ ਸਿੰਘ ਛਿੰਦਾ ਘੱਲਕਲਾਂ ਨੂੰ ਬਲਾਕ ਪ੍ਰਧਾਨ, ਇਕਬਾਲ ਸਿੰਘ ਸਿੰਘਾਂਵਾਲਾ ਨੂੰ ਸੀਨੀਅਰ ਮੀਤ ਪ੍ਰਧਾਨ, ਗਗਨਦੀਪ ਸਿੰਘ ਡਰੋਲੀ ਭਾਈ ਅਤੇ ਮਨਜਿੰਦਰ ਕੌਰ ਘੱਲਕਲਾਂ ਨੂੰ ਮੀਤ ਪ੍ਰਧਾਨ, ਸੁਖਜੀਤ ਸਿੰਘ ਲੰਡੇਕੇ ਨੂੰ ਜਨਰਲ ਸਕੱਤਰ, ਬੇਅੰਤ ਸਿੰਘ ਵੱਡਾ ਘਰ ਨੂੰ ਸੰਗਠਨ ਸਕੱਤਰ, ਬਲਜੀਤ ਸਿੰਘ ਸਿੰਘਾਂਵਾਲਾ ਨੂੰ ਪ੍ਰਚਾਰ ਸਕੱਤਰ ਅਤੇ ਕਪਤਾਨ ਸਿੰਘ ਦੁਨੇਕੇ ਨੂੰ ਖ਼ਜ਼ਾਨਚੀ ਚੁਣਿਆ ਗਿਆ। ਇਸ ਤੋਂ ਇਲਾਵਾ ਜਗਤਾਰ ਸਿੰਘ ਕੋਰੇਵਾਲਾ, ਜਗਦੇਵ ਸਿੰਘ ਸਿੰਘਾਂਵਾਲਾ, ਬਲਵੰਤ ਸਿੰਘ ਦੁਨੇਕੇ, ਗੁਰਵਿੰਦਰ ਸਿੰਘ ਘੱਲਕਲਾਂ, ਗੁਰਜੰਟ ਸਿੰਘ ਵੱਡਾ ਘਰ, ਹਰਨੇਕ ਸਿੰਘ ਮੋਠਾਂਵਾਲੀ, ਸੁਰਿੰਦਰ ਸਿੰਘ ਖੋਸਾ ਪਾਂਡੋ, ਗੁਰਪ੍ਰੀਤ ਸਿੰਘ ਗਰੇਵਾਲ ਮੋਗਾ, ਬਾਵੂ ਸਿੰਘ ਡਰੋਲੀ ਭਾਈ, ਮੇਜਰ ਸਿੰਘ ਪਿੰਡ ਗਿੱਲ, ਕਰਮ ਸਿੰਘ ਲੰਡੇਕੇ ਅਤੇ ਰਜਿੰਦਰ ਕੁਮਾਰ ਨੂੰ ਸਲਾਹਕਾਰ ਚੁਣਿਆ ਗਿਆ। ਰਜਿੰਦਰ ਕੁਮਾਰ ਨੂੰ ਪ੍ਰਚਾਰ ਸਕੱਤਰ ਬਲਜੀਤ ਸਿੰਘ ਨਾਲ ਸਹਾਇਕ ਵਜੋਂ ਵੀ ਜ਼ਿੰਮੇਵਾਰੀ ਸੌਂਪੀ ਗਈ।