ਸ੍ਰੀ ਦੁਰਗਾ ਮੰਦਰ ਨੰਗਲ ਵਿਖੇ ਸ਼ਰਧਾ ਨਾਲ ਮਨਾਇਆ ਜਨਮ ਅਸ਼ਟਮੀ ਦਾ ਦਿਹਾੜਾ ਸ੍ਰੀ ਦੁਰਗਾ ਮੰਦਰ ਨੰਗਲ ਵਿਖੇ ਜਨਮ
Publish Date: Sat, 05 Sep 2026 03:40 PM (IST)
Updated Date: Sat, 05 Sep 2026 03:43 PM (IST)
ਭਗਵਾਨ ਕ੍ਰਿਸ਼ਨ ਦੀ ਮਹਿਮਾ ਦਾ ਗੁਣਗਾਨ ਸੁਣ ਸੰਗਤ ਹੋਈ ਨਿਹਾਲ ਹਰਦੀਪ ਧੰਮੀ ਨੰਗਲ, ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ : ਸ੍ਰੀ ਦੁਰਗਾ ਮੰਦਰ ਨੰਗਲ ਵਿਖੇ ਜਨਮ ਅਸ਼ਟਮੀ ਦਾ ਪਵਿੱਤਰ ਦਿਹਾੜਾ ਬੜੀ ਸ਼ਰਧਾ, ਉਤਸ਼ਾਹ ਅਤੇ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਮਨਾਇਆ ਗਿਆ। ਇਸ ਮੌਕੇ ਮੰਦਰ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਚਰਨਾਂ ਵਿੱਚ ਆਪਣੀ ਹਾਜ਼ਰੀ ਲਗਵਾਈ। ਸਮਾਗਮ ਦੌਰਾਨ ਮੰਦਰ ਦੇ ਧਾਰਮਿਕ ਵਾਤਾਵਰਨ ਵਿਚ ਕਥਾ-ਕੀਰਤਨ ਦਾ ਆਯੋਜਨ ਕੀਤਾ ਗਿਆ। ਕਥਾਵਾਚਕਾਂ ਅਤੇ ਕੀਰਤਨੀ ਜਥੇ ਵੱਲੋਂ ਭਗਵਾਨ ਸ੍ਰੀ ਕ੍ਰਿਸ਼ਨ ਦੇ ਜੀਵਨ, ਉਨ੍ਹਾਂ ਦੇ ਸੰਘਰਸ਼, ਲੀਲਾਵਾਂ ਅਤੇ ਮਨੁੱਖਤਾ ਨੂੰ ਦਿੱਤੇ ਉੱਚੇ ਆਦਰਸ਼ਾਂ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ। ਰਸਭਿੰਨੇ ਕੀਰਤਨ ਅਤੇ ਧਾਰਮਿਕ ਕਥਾ ਨੇ ਮੰਦਰ ਵਿਚ ਆਏ ਸ਼ਰਧਾਲੂਆਂ ਨੂੰ ਆਤਮਿਕ ਰਸ ਨਾਲ ਜੋੜਦਿਆਂ ਨਿਹਾਲ ਕੀਤਾ। ਇਸ ਮੌਕੇ ਸੰਗਤਾਂ ਵੱਲੋਂ ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮ ਨਾਲ ਸਬੰਧਤ ਧਾਰਮਿਕ ਰਸਮਾਂ ਵਿਚ ਸ਼ਰਧਾ ਨਾਲ ਭਾਗ ਲਿਆ ਗਿਆ। ਮੰਦਰ ਵਿਚ ਜੈਕਾਰਿਆਂ ਅਤੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਭਜਨਾਂ ਨਾਲ ਸਮੁੱਚਾ ਮਾਹੌਲ ਭਗਤੀਮਈ ਬਣਿਆ ਰਿਹਾ। ਸ਼ਰਧਾਲੂਆਂ ਨੇ ਪਰਿਵਾਰਾਂ ਸਮੇਤ ਮੰਦਰ ਵਿਖੇ ਨਤਮਸਤਕ ਹੋ ਕੇ ਸੁਖ-ਸ਼ਾਂਤੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਧਾਰਮਿਕ ਸਮਾਗਮ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਜਨਮ ਅਸ਼ਟਮੀ ਦਾ ਤਿਉਹਾਰ ਸਾਨੂੰ ਭਗਵਾਨ ਸ੍ਰੀ ਕ੍ਰਿਸ਼ਨ ਦੇ ਜੀਵਨ ਤੋਂ ਧਰਮ, ਸੱਚਾਈ, ਨੇਕੀ ਅਤੇ ਫ਼ਰਜ਼ ਦੇ ਰਸਤੇ ’ਤੇ ਚੱਲਣ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਵੱਲੋਂ ਦਿੱਤੇ ਗਏ ਸੰਦੇਸ਼ ਅੱਜ ਵੀ ਮਨੁੱਖੀ ਜੀਵਨ ਲਈ ਬੇਹੱਦ ਮਹੱਤਵਪੂਰਨ ਹਨ ਅਤੇ ਸਾਨੂੰ ਆਪਣੇ ਜੀਵਨ ਵਿਚ ਸੱਚ ਤੇ ਧਰਮ ਨੂੰ ਅਪਣਾਉਣ ਲਈ ਪ੍ਰੇਰਿਤ ਕਰਦੇ ਹਨ। ਸਮਾਗਮ ਦੇ ਅੰਤ ਵਿਚ ਸੰਗਤਾਂ ਲਈ ਪ੍ਰਸ਼ਾਦ ਅਤੇ ਲੰਗਰ ਦੀ ਸੇਵਾ ਵੀ ਕੀਤੀ ਗਈ। ਸ਼ਰਧਾਲੂਆਂ ਨੇ ਪੂਰੀ ਸ਼ਰਧਾ ਨਾਲ ਪ੍ਰਸ਼ਾਦ ਗ੍ਰਹਿਣ ਕੀਤਾ ਅਤੇ ਧਾਰਮਿਕ ਸਮਾਗਮ ਦੀ ਸਫ਼ਲਤਾ ਲਈ ਮੰਦਰ ਪ੍ਰਬੰਧਕਾਂ ਵੱਲੋਂ ਕੀਤੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਜਨਮ ਅਸ਼ਟਮੀ ਮੌਕੇ ਸ੍ਰੀ ਦੁਰਗਾ ਮੰਦਰ ਨੰਗਲ ਵਿਖੇ ਦੇਰ ਤੱਕ ਭਗਤੀਮਈ ਮਾਹੌਲ ਬਣਿਆ ਰਿਹਾ ਅਤੇ ਸੰਗਤਾਂ ਨੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਨਾਮ ਦਾ ਜਾਪ ਕਰਦਿਆਂ ਇਸ ਪਵਿੱਤਰ ਦਿਹਾੜੇ ਨੂੰ ਸ਼ਰਧਾ ਨਾਲ ਮਨਾਇਆ। ਇਸ ਮੌਕੇ ਮੰਦਰ ਪੁਜਾਰੀ ਪ੍ਰਮੋਦ ਕੁਮਾਰ, ਪ੍ਰਧਾਨ ਗੋਰਾ ਸ਼ਰਮਾ, ਕੈਸ਼ੀਅਰ ਪਰਵੀਨ ਸ਼ਰਮਾ, ਡਾ ਹਰੀ ਚੰਦ ਸ਼ਰਮਾ, ਮੈਂਬਰ ਰਵੀ ਸ਼ਰਮਾ, ਵਿੱਕੀ ਸ਼ਰਮਾ, ਸੁਖਮੰਦਰ ਸ਼ਰਮਾ, ਜਗਦੀਸ਼ ਸ਼ਰਮਾ, ਅਕਾਸਦੀਪ ਸ਼ਰਮਾ, ਸੀਕਰੀਨ ਦੀ ਸੇਵਾ ਦੀਪਾ ਸ਼ਰਮਾ, ਰਾਕੇਸ਼ ਕੁਮਾਰ ਨੇ ਨਿਭਾਈ।