- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਿਆਮ ਸੇਵਾ ਸੋਸਾਇਟੀ ਰਜਿ: ਮੋਗਾ

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮੋਗਾ: ਸ਼ਿਆਮ ਸੇਵਾ ਸੋਸਾਇਟੀ ਰਜਿ: ਮੋਗਾ ਵੱਲੋਂ 20 ਨਵੰਬਰ ਨੂੰ ਜਲੰਧਰ ਕਲੋਨੀ ਸਥਿਤ ਸ਼ਿਆਮ ਮੰਦਰ ਵਿਚ ਕਰਵਾਏ ਜਾਣ ਵਾਲੇ ਸ਼੍ਰੀ ਸ਼ਿਆਮ ਪ੍ਰਭੂ ਖਾਟੂ ਵਾਲੇ ਦੇ ਜਨਮ ਉਤਸਵ ਸੰਕੀਰਤਨ ਦਾ ਸੱਦਾ ਪੱਤਰ ਜਾਰੀ ਕਰਨ ਦੀ ਰਸਮ ਬਲੂਮਿੰਗ ਬਡਜ਼ ਸਕੂਲ ਦੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਮਾਤਾ ਬਗਲਾਮੁਖੀ ਮੰਦਰ ਦੇ ਪੁਜਾਰੀ ਆਚਾਰੀਆ ਨੰਦ ਲਾਲ ਸ਼ਰਮਾ ਵੱਲੋਂ ਸ਼ਰਧਾਪੂਰਵਕ ਨਿਭਾਈ ਗਈ। ਇਸ ਮੌਕੇ ਹਾਜ਼ਰ ਸ਼ਰਧਾਲੂਆਂ ਅਤੇ ਸੋਸਾਇਟੀ ਦੇ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਡਾ. ਸੰਜੀਵ ਕੁਮਾਰ ਸੈਣੀ ਨੇ ਕਿਹਾ ਕਿ ਧਾਰਮਿਕ ਸਮਾਗਮ ਸਮਾਜ ਵਿਚ ਆਪਸੀ ਪਿਆਰ, ਸਦਭਾਵਨਾ ਅਤੇ ਸਕਾਰਾਤਮਕ ਸੋਚ ਨੂੰ ਉਤਸ਼ਾਹਿਤ ਕਰਦੇ ਹਨ। ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ਵਿਚ ਪ੍ਰਭੂ ਭਗਤੀ ਅਤੇ ਸੰਕੀਰਤਨ ਰਾਹੀਂ ਮਨ ਨੂੰ ਅਥਾਹ ਸ਼ਾਂਤੀ ਮਿਲਦੀ ਹੈ। ਉਨ੍ਹਾਂ ਨੇ ਸ਼ਿਆਮ ਸੇਵਾ ਸੋਸਾਇਟੀ ਦੇ ਇਸ ਧਾਰਮਿਕ ਉਪਰਾਲੇ ਦੀ ਸ਼ਲਾਘਾ ਕਰਦਿਆਂ ਸ਼ਹਿਰ ਵਾਸੀਆਂ ਨੂੰ ਇਸ ਪਵਿੱਤਰ ਜਨਮ ਉਤਸਵ ਸੰਕੀਰਤਨ ਵਿੱਚ ਸ਼ਾਮਲ ਹੋ ਕੇ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ। ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਸ਼ਿਆਮ ਸੇਵਾ ਸੋਸਾਇਟੀ ਦੇ ਸੰਸਥਾਪਕ ਕਮਲ ਸ਼ਰਮਾ ਨੇ ਦੱਸਿਆ ਕਿ 20 ਨਵੰਬਰ ਨੂੰ ਸ਼੍ਰੀ ਸ਼ਿਆਮ ਮੰਦਰ ਗਲੀ ਨੰਬਰ 3 ਜਲੰਧਰ ਕਲੋਨੀ ਪੁਰਾਣਾ ਕੋਟਕਪੂਰਾ ਰੋਡ ਮੋਗਾ ਵਿਖੇ ਸ਼੍ਰੀ ਸ਼ਿਆਮ ਪ੍ਰਭੂ ਖਾਟੂ ਵਾਲੇ ਦਾ ਜਨਮ ਉਤਸਵ ਸੰਕੀਰਤਨ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਸ਼੍ਰੀ ਰਾਮਾਇਣ ਪ੍ਰਚਾਰ ਮੰਡਲ ਦੇ ਪ੍ਰਧਾਨ ਪਵਨ ਸਿੰਗਲਾ ਵੱਲੋਂ ਦਰਬਾਰ ਦਾ ਉਦਘਾਟਨ ਕੀਤਾ ਜਾਵੇਗਾ। ਰਾਈਸ ਬ੍ਰਾਨ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਨਵੀਨ ਸਿੰਗਲਾ ਵੱਲੋਂ ਜੋਤ ਪ੍ਰਚੰਡ ਕੀਤੀ ਜਾਵੇਗੀ। ਗਣੇਸ਼ ਜੀ ਦੀ ਜੋਤ ਪ੍ਰਚੰਡ ਕਰਨ ਦੀ ਸੇਵਾ ਵਿਧੀ ਗੁਪਤਾ, ਅੰਜਲੀ ਐੱਮਸੀ ਅਤੇ ਗੌਰਵ ਗੁਪਤਾ ਗੁੱਡੂ ਸਾਬਕਾ ਐੱਮਸੀ ਵੱਲੋਂ ਨਿਭਾਈ ਜਾਵੇਗੀ, ਜਦਕਿ ਸ਼੍ਰੀ ਹਨੂਮਾਨ ਜੀ ਦੀ ਜੋਤ ਪ੍ਰਚੰਡ ਕਰਨ ਦੀ ਸੇਵਾ ਭਾਰਤ ਭੂਸ਼ਣ ਗਰਗ ਐੱਮਸੀ ਵੱਲੋਂ ਕੀਤੀ ਜਾਵੇਗੀ। ਇਸ ਮੌਕੇ ਪ੍ਰਸਿੱਧ ਭਜਨ ਗਾਇਕ ਵੰਸ਼ ਵਧਵਾ, ਰੋਸ਼ਨ ਸਿੰਘ ਰੋਸ਼ਨ, ਐਡਵੋਕੇਟ ਜੈ ਗੋਇਲ, ਅਮਰਜੀਤ ਸਿੰਘ, ਰਾਜੀਵ ਉੱਪਲ ਅਤੇ ਹਰਸ਼ ਕੁਮਾਰ ਆਪਣੀ ਮਧੁਰ ਆਵਾਜ਼ ਰਾਹੀਂ ਸ਼ਿਆਮ ਬਾਬਾ ਦਾ ਗੁਣਗਾਨ ਕਰਕੇ ਸ਼ਰਧਾਲੂਆਂ ਨੂੰ ਨਿਹਾਲ ਕਰਨਗੇ। ਉਨ੍ਹਾਂ ਸਮੂਹ ਸ਼ਿਆਮ ਪ੍ਰੇਮੀਆਂ ਨੂੰ ਪਰਿਵਾਰ ਸਮੇਤ ਸਮਾਗਮ ਵਿਚ ਸ਼ਾਮਲ ਹੋ ਕੇ ਧਾਰਮਿਕ ਲਾਭ ਪ੍ਰਾਪਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸੋਸਾਇਟੀ ਦੇ ਸਮੂਹ ਮੈਂਬਰ ਹਾਜ਼ਰ ਸਨ।